ਮੰਤਰੀ ਅਮਨ ਅਰੋੜਾ ਵੱਲੋਂ ਚੀਮਾ ਵਿਖੇ ਕਰੋੜਾਂ ਦੀ ਲਾਗਤ ਵਾਲੇ ਦੋ ਪ੍ਰਾਜੈਕਟਾਂ ਦਾ ਉਦਘਾਟਨ
Wednesday, Nov 27, 2024 - 06:29 PM (IST)
ਚੀਮਾ ਮੰਡੀ (ਤਰਲੋਚਨ ਗੋਇਲ)- ਕੈਬਨਿਟ ਮੰਤਰੀ ਅਮਨ ਅਰੋੜਾ ਨੇ ਅੱਜ ਸੁਨਾਮ ਊਧਮ ਸਿੰਘ ਵਾਲਾ ਦੀ ਸਬ ਤਹਿਸੀਲ ਚੀਮਾ ਵਿਖੇ 6 ਕਰੋੜ 65 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਗਏ ਦੋ ਮਹੱਤਵਪੂਰਨ ਵਿਕਾਸ ਪ੍ਰਾਜੈਕਟ ਉਦਘਾਟਨ ਮਗਰੋਂ ਲੋਕਾਂ ਨੂੰ ਸਮਰਪਿਤ ਕੀਤੇ ਅਤੇ ਚੀਮਾ ਵਿਖੇ ਹੀ 1.38 ਕਰੋੜ ਦੀ ਲਾਗਤ ਨਾਲ ਬਣਨ ਵਾਲੇ ਨਵੇਂ ਖੇਡ ਸਟੇਡੀਅਮ ਦਾ ਨੀਂਹ ਪੱਥਰ ਰੱਖਿਆ।
ਸਬ ਤਹਿਸੀਲ ਚੀਮਾ ਦੀ ਨਵੀਂ ਇਮਾਰਤ ਲੋਕਾਂ ਨੂੰ ਸਮਰਪਿਤ ਕਰਦਿਆਂ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਲੋਕਾਂ ਨੂੰ ਸਾਰੀਆਂ ਸੁਵਿਧਾਵਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ ਅਤੇ ਪਿਛਲੇ ਢਾਈ ਸਾਲਾਂ ਤੋਂ ਇਸ ਵਚਨਬੱਧਤਾ ਉੱਤੇ ਮਜਬੂਤੀ ਨਾਲ ਪਹਿਰਾ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਚੰਗੀ ਨੀਯਤ ਅਤੇ ਨੇਕ ਨੀਤੀ ਸਦਕਾ ਹੀ ਵਿਕਾਸ ਸੰਭਵ ਹੁੰਦਾ ਹੈ, ਜਿਸ ਉੱਤੇ ਪਹਿਰਾ ਦਿੰਦੇ ਹੋਏ ਵਿਧਾਨ ਸਭਾ ਹਲਕਾ ਸੁਨਾਮ ਉਧਮ ਸਿੰਘ ਵਾਲਾ ਵਿੱਚ ਬਹੁ ਪੱਖੀ ਵਿਕਾਸ ਦੀ ਹਨੇਰੀ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਹਲਕਾ ਨਿਵਾਸੀਆਂ ਵੱਲੋਂ ਦਿੱਤੇ ਗਏ ਬੇਮਿਸਾਲ ਪਿਆਰ ਅਤੇ ਸਤਿਕਾਰ ਲਈ ਓਹ ਹਮੇਸ਼ਾਂ ਰਿਣੀ ਰਹਿਣਗੇ।
ਇਹ ਵੀ ਪੜ੍ਹੋ- ਪੰਜਾਬ 'ਚ ਖ਼ੌਫ਼ਨਾਕ ਵਾਰਦਾਤ, ਬੱਚੇ ਦਾ ਬੇਰਹਿਮੀ ਨਾਲ ਕਤਲ, ਭਿਆਨਕ ਹਾਲਾਤ 'ਚ ਮਿਲੀ ਲਾਸ਼
ਅਮਨ ਅਰੋੜਾ ਨੇ ਕਿਹਾ ਕਿ ਸਬ ਤਹਿਸੀਲ ਕੰਪਲੈਕਸ ਦੇ ਬਣਨ ਨਾਲ ਹੁਣ ਲੋਕਾਂ ਨੂੰ ਵੱਖ-ਵੱਖ ਪ੍ਰਸ਼ਾਸਨਿਕ ਸੇਵਾਵਾਂ ਹਾਸਲ ਕਰਨ ਲਈ ਹੋਰਨਾਂ ਤਹਿਸੀਲਾਂ ਦੇ ਚੱਕਰ ਨਹੀਂ ਲਗਾਉਣੇ ਪੈਣਗੇ ਅਤੇ ਸਾਰੇ ਕੰਮ ਏਥੇ ਹੀ ਪਾਰਦਰਸ਼ੀ ਪ੍ਰਣਾਲੀ ਅਤੇ ਸਮਾਂਬਧ ਢੰਗ ਨਾਲ ਇੱਕੋ ਛੱਤ ਹੇਠਾਂ ਹੋ ਜਾਣਗੇ। ਉਨ੍ਹਾਂ ਕਿਹਾ ਕਿ ਇਹ ਸਬ ਤਹਿਸੀਲ ਨਾ ਸਿਰਫ਼ ਚੀਮਾ ਸਗੋਂ ਨੇੜੇ ਤੇੜੇ ਦੇ ਦਰਜਨਾਂ ਪਿੰਡਾਂ ਦੇ ਨਿਵਾਸੀਆਂ ਲਈ ਵਰਦਾਨ ਸਾਬਤ ਹੋਵੇਗੀ।
ਇਸ ਉਪਰੰਤ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਚੀਮਾ ਤੋਂ ਤੋਲਾਵਾਲ ਰੋਡ 'ਤੇ 2.34 ਕਰੋੜ ਰੁਪਏ ਦੀ ਲਾਗਤ ਨਾਲ ਬਣਾਏ ਗਏ ਨਵੇਂ ਪੁਲ ਦਾ ਉਦਘਾਟਨ ਕਰਦਿਆਂ ਪਿੰਡਾਂ ਦੇ ਵਾਸੀਆਂ ਨੂੰ ਮੁਬਾਰਕਬਾਦ ਦਿੱਤੀ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਬਿਨਾਂ ਕਿਸੇ ਠੋਸ ਯੋਜਨਾ ਤੋਂ ਵਿਕਾਸ ਕਾਰਜ ਉਲੀਕੇ ਅਤੇ ਅਧੂਰੇ ਹੀ ਛੱਡ ਦਿੱਤੇ ਜਿਸ ਦਾ ਖਮਿਆਜਾ ਆਮ ਲੋਕਾਂ ਨੂੰ ਭੁਗਤਣਾ ਪਿਆ ਪਰ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲੋਕਾਂ ਦੀ ਹਰੇਕ ਜਰੂਰਤ ਨੂੰ ਪੂਰਾ ਕਰਨ ਲਈ ਅਗੇਤੇ ਤੌਰ ਉੱਤੇ ਯੋਜਨਾਬਧ ਖਾਕਾ ਤਿਆਰ ਕੀਤਾ ਅਤੇ ਫਿਰ ਪੜਾਅਵਾਰ ਢੰਗ ਨਾਲ ਕੰਮਾਂ ਨੂੰ ਮੁਕੰਮਲ ਕਰਵਾਇਆ ਜਿਸ ਨਾਲ ਲੋਕਾਂ ਨੇ ਵੱਡੀ ਰਾਹਤ ਮਹਿਸੂਸ ਕੀਤੀ ਹੈ। ਇਸ ਦੌਰਾਨ ਕੈਬਨਿਟ ਮੰਤਰੀ ਸ਼੍ਰੀ ਅਮਨ ਅਰੋੜਾ ਨੇ ਚੀਮਾ ਵਿਖੇ ਹੀ 1.38 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਖੇਡ ਸਟੇਡੀਅਮ ਦਾ ਨੀਂਹ ਪੱਥਰ ਰੱਖਣ ਦੀ ਰਸਮ ਵੀ ਅਦਾ ਕੀਤੀ।
ਇਹ ਵੀ ਪੜ੍ਹੋ- ਪੰਜਾਬ 'ਚ ਸਕੂਲ ਬੱਸ ਦੀ ਟੱਕਰ ਹੋਣ ਕਾਰਨ ਵੱਡਾ ਹਾਦਸਾ, 8 ਸਾਲਾ ਬੱਚੀ ਦੀ ਮੌਤ
ਉਨ੍ਹਾਂ ਕਿਹਾ ਕਿ ਇਹ ਖੇਡ ਸਟੇਡੀਅਮ ਬੱਚਿਆਂ ਅਤੇ ਨੌਜਵਾਨਾਂ ਵਿੱਚ ਖੇਡ ਹੁਨਰ ਨੂੰ ਨਿਖਾਰਨ ਵਿੱਚ ਅਹਿਮ ਯੋਗਦਾਨ ਪਾਏਗਾ। ਇਸ ਮੌਕੇ ਉਨ੍ਹਾਂ ਨਾਲ ਚੇਅਰਮੈਨ ਪਨਸੀਡ ਮਹਿੰਦਰ ਸਿੰਘ ਸਿੱਧੂ, ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ, ਐਸਡੀਐਮ ਪ੍ਰਮੋਦ ਸਿੰਗਲਾ, ਲੋਕ ਨਿਰਮਾਣ ਵਿਭਾਗ ਦੇ ਐਕਸੀਅਨ ਅਜੈ ਗਰਗ, ਚੇਅਰਮੈਨ ਮਾਰਕੀਟ ਕਮੇਟੀ ਗੀਤੀ ਮਾਨ, ਈਓ ਬਾਲ ਕ੍ਰਿਸ਼ਨ, ਕੁਲਦੀਪ ਸਿੱਧੂ, ਬੀਰਬਲ ਸਿੰਘ, ਨਿਰਭੈ ਸਿੰਘ, ਜਗਤਾਰ ਸਿੰਘ ਬਿੱਲਾ ਆਦਿ ਹਾਜ਼ਰ ਸਨ।
ਇਹ ਵੀ ਪੜ੍ਹੋ- ਸਕੂਲ ਤੋਂ ਘਰ ਆ ਕੇ ਨਾਬਾਲਗ ਕੁੜੀ ਨੇ ਚੁੱਕਿਆ ਖ਼ੌਫ਼ਨਾਕ ਕਦਮ, ਹਾਲਤ ਵੇਖ ਪਰਿਵਾਰ ਦੇ ਉੱਡੇ ਹੋਸ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8