ਮਾਈਨਿੰਗ ਮਾਮਲੇ ''ਚ ਬੈਂਸ ਭਰਾਵਾਂ ਨੂੰ ਅਦਾਲਤ ਨੇ ਕੀਤਾ ਬਰੀ

Thursday, Jul 06, 2017 - 07:16 PM (IST)

ਨਵਾਂਸ਼ਹਿਰ— ਸਾਲ 2015 ਦੇ ਇਕ ਮਾਈਨਿੰਗ ਮਾਮਲੇ 'ਚ ਫਸੇ ਬੈਂਸ ਭਰਾ ਸਿਮਰਜੀਤ ਸਿੰਘ ਬੈਂਸ ਅਤੇ ਬਲਵਿੰਦਰ ਸਿੰਘ ਬੈਂਸ ਸਮੇਤ ਉਨ੍ਹਾਂ ਦੇ ਸਮਰਥਕਾਂ ਨੂੰ ਨਵਾਂ ਸ਼ਹਿਰ ਦੇ ਬਲਾਚੌਰ ਦੀ ਅਦਾਲਤ ਨੇ ਵੀਰਵਾਰ ਨੂੰ ਬਰੀ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਸਾਲ 2015 'ਚ ਬੈਂਸ ਬਰਦਰਜ਼ ਰੇਤ ਮਾਫੀਆ ਦੇ ਖਿਲਾਫ ਸੱਤਿਆਗ੍ਰਹਿ ਅੰਦੋਲਨ ਸ਼ੁਰੂ ਕੀਤਾ ਸੀ, ਜਿਸ ਦੇ ਚਲਦਿਆਂ ਨਵਾਂਸ਼ਹਿਰ ਅਤੇ ਰੋਪੜ ਦੀ ਸਾਂਝੀ ਰੇਤ ਖੱਡ 'ਚ ਆਪਣੀ ਟੀਮ ਦੇ ਮੈਂਬਰਾਂ ਸਣੇ ਰੇਤ ਖੋਦਾਈ ਕੀਤੀ ਜਾ ਰਹੀ ਸੀ ਤਾਂ ਨਵਾਂਸ਼ਹਿਰ ਦੇ ਥਾਣਾ ਕਾਠਗੜ੍ਹ ਦੀ ਪੁਲਸ ਵੱਲੋਂ ਬੈਂਸ ਭਰਾਵਾਂ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਭਾਰੀ ਪੁਲਸ ਬਲ ਸਮੇਤ ਉਥੋਂ ਗ੍ਰਿਫਤਾਰ ਕੀਤਾ ਸੀ ਇਨ੍ਹਾਂ ਭਰਾਵਾਂ ਸਣੇ 30 ਸਮਰਥਕਾਂ 'ਤੇ ਮਾਈਨਿੰਗ ਅਧਿਕਾਰੀ ਰਾਜੇਸ਼ ਕੁਮਾਰ ਦੇ ਬਿਆਨਾਂ 'ਤੇ ਰੇਤ ਚੋਰੀ ਕਰਨ ਅਤੇ ਭੜਕਾਉਣ ਦਾ ਮਾਮਲਾ ਦਰਜ ਕੀਤਾ ਗਿਆ ਸੀ। ਇਸ ਕੇਸ ਦੀ ਸੁਣਵਾਈ ਬਲਾਚੌਰ ਅਦਾਲਤ 'ਚ ਹੁੰਦੀ ਰਹੀ, ਜਿਸ ਦੇ ਚਲਦਿਆਂ ਵੀਰਵਾਰ ਨੂੰ ਸੁਣਵਾਈ ਦੌਰਾਨ ਮਾਈਨਿੰਗ ਵਿਭਾਗ ਅਤੇ ਪੁਲਸ ਵੱਲੋਂ ਕੋਈ ਪੁਖਤਾ ਸਬੂਤ ਨਾ ਪੇਸ਼ ਕੀਤੇ ਜਾਣ 'ਤੇ ਬਲਾਚੌਰ ਅਦਾਲਤ ਨੇ ਸਿਰਮਜੀਤ ਸਿੰਘ ਬੈਂਸ ਅਤੇ ਬਲਵਿੰਦਰ ਸਿੰਘ ਬੈਂਸ ਸਮੇਤ 30 ਸਮਰਥਕਾਂ ਨੂੰ ਬਰੀ ਕਰ ਦਿੱਤਾ ਗਿਆ। 
ਅਦਾਲਤ ਤੋਂ ਰਿਹਾਅ ਹੁੰਦੇ ਹੀ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਆਪਣੇ ਸਮਰਥਕਾਂ ਅਤੇ ਸਾਰੇ ਪੰਜਾਬੀਆਂ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਨੇ ਪਿਛਲੀ ਅਕਾਲੀ ਸਰਕਾਰ ਅਤੇ ਮੌਜੂਦਾ ਸਰਕਾਰ 'ਤੇ ਜੰਮ ਕੇ ਤਿੱਖਾ ਹਮਲਾ ਕੀਤਾ। ਦੋਹਾਂ ਨੇ ਕਿਹਾ ਕਿ ਮੌਜੂਦਾ ਸਰਕਾਰ ਦੇ ਕਾਰਜਕਾਲ 'ਚ ਪਿਛਲੀ ਸਰਕਾਰ ਵਾਂਗ ਹੀ ਕੰਮ ਹੋ ਰਿਹਾ ਹੈ। ਪੰਜਾਬ 'ਚ ਅਜੇ ਵੀ ਹਾਲਾਤ ਉਹੀ ਹਨ ਜੋ 10 ਸਾਲ ਬਾਦਲਾਂ ਦੇ ਰਾਜ 'ਚ ਰਹੇ ਹਨ। ਰੇਤ ਕੇਬਲ ਜ਼ਮੀਨ ਮਾਫੀਆ ਉਸੇ ਤਰ੍ਹਾਂ ਕੰਮ ਕਰ ਰਿਹਾ ਹੈ। ਪੰਜਾਬ ਦੀ ਧਰਤੀ ਤੋਂ ਮਾਫੀਆ ਖਿਲਾਫ ਉਹ ਪਹਿਲਾਂ ਦੀ ਤਰ੍ਹਾਂ ਆਵਾਜ਼ ਚੁੱਕਣਗੇ। 
ਬੈਂਸ ਦੇ ਵਕੀਲ ਪਰਮਿੰਦਰ ਸਿੰਘ ਵਿਰਦੀ ਨੇ ਦੱਸਿਆ ਕਿ 14-5-15 ਨੂੰ ਪੁਲਸ ਨੇ ਇਨ੍ਹਾਂ ਖਿਲਾਫ ਮਾਮਲਾ ਦਰਜ ਹੋਇਆ ਸੀ, ਜਿਸ ਕਾਰਨ ਕੇਸ ਚੱਲ ਰਿਹਾ ਸੀ। ਮਾਈਨਿੰਗ ਵਿਭਾਗ ਦਾ ਕੋਈ ਵੀ ਅਧਿਕਾਰੀ ਪੁਖਤਾ ਸਬੂਤ ਪੇਸ਼ ਨਹੀਂ ਕਰ ਸਕਿਆ, ਜਿਸ ਦੇ ਚਲਦਿਆਂ ਅਦਾਲਤ ਨੇ ਬੈਂਸ ਭਰਾਵਾਂ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਬਰੀ ਕਰ ਦਿੱਤਾ। 


Related News