ਜੁਗਾੜੂ ਰੇਹੜੀਆਂ ਬੰਦ ਕਰੇ ਸਰਕਾਰ, ਮਿੰਨੀ ਟਰਾਂਸਪੋਰਟ ਵੈੱਲਫੇਅਰ ਐਸੋਸੀਏਸ਼ਨ ਨੇ ਕੀਤੀ ਮੰਗ
Sunday, Aug 06, 2023 - 04:40 PM (IST)
ਬੁਢਲਾਡਾ (ਮਨਜੀਤ) : ਜੁਗਾੜੂ ਵਾਹਨਾਂ ਅਤੇ ਜੁਗਾੜੂ ਰੇਹੜੀਆਂ ਖ਼ਿਲਾਫ ਸ਼ਹੀਦ ਭਗਤ ਸਿੰਘ ਮਿੰਨੀ ਟਰਾਂਸਪੋਰਟ ਵੈੱਲਫੇਅਰ ਐਸੋਸੀਏਸ਼ਨ ਪੰਜਾਬ, ਯੂਨਾਈਟਿਡ ਟਰੇਡਸ ਪੰਜਾਬ ਸਾਂਝਾ ਮੋਰਚਾ ਵੱਲੋਂ ਬੁਢਲ਼ਾਡਾ ਫੁੱਟਬਾਲ ਚੌਕ ਵਿਖੇ ਧਰਨਾ ਲਗਾ ਕੇ ਪ੍ਰਦਰਸ਼ਨ ਕੀਤਾ ਗਿਆ। ਜਿਸ ਦੀ ਪ੍ਰਧਾਨਗੀ ਸ਼ਹੀਦ ਭਗਤ ਸਿੰਘ ਮਿੰਨੀ ਟਰਾਂਸਪੋਰਟ ਵੈੱਲਫੇਅਰ ਐਸੋਸਏਸ਼ਨ ਪੰਜਾਬ ਦੇ ਪ੍ਰਧਾਨ ਨਰਿੰਦਰ ਸਿੰਘ ਨੇ ਕੀਤੀ। ਉਨ੍ਹਾਂ ਨੇ ਜਥੇਬੰਦੀ ਵੱਲੋਂ ਡਿਪਟੀ ਕਮਿਸ਼ਨਰ ਦੇ ਨਾਮ ਇਕ ਮੰਗ ਪੱਤਰ ਵੀ ਸੋਂਪਿਆ। ਇਸ ਮੌਕੇ ਦਸਮੇਸ਼ ਪਿਕਅੱਪ ਯੂਨੀਅਨ ਬੁਢਲ਼ਾਡਾ ਦੇ ਪ੍ਰਧਾਨ ਨਰਿੰਦਰ ਸਿੰਘ ਨੇ ਕਿਹਾ ਕਿ ਉਹ ਲੰਮੇ ਸਮੇਂ ਤੋਂ ਕਾਨੂੰਨ ਅਤੇ ਨਿਯਮਾਂ ਦੇ ਮੁਤਾਬਕ ਸਰਕਾਰ ਨੂੰ ਬਣਦਾ ਟੈਕਸ ਦਿੰਦੇ ਆ ਰਹੇ ਹਨ। ਉਨ੍ਹਾਂ ਦਾ ਕੰਮ ਢੋਆ-ਢੁਆਈ ਦਾ ਜਿਆਦਾ ਹੈ ਪਰ ਜੁਗਾੜੁ ਵਾਹਨਾਂ ਕਰਕੇ ਉਨ੍ਹਾਂ ਦਾ ਕੰਮ ਪ੍ਰਭਾਵਿਤ ਹੋ ਰਿਹਾ ਹੈ।
ਉਨ੍ਹਾਂ ਕਿਹਾ ਕਿ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਚੰਡੀਗੜ੍ਹ ਵੱਲੋਂ ਨਜਾਇਜ਼ ਫੀਟਰ ਰੇਹੜੇ ਅਤੇ ਮੋਟਰ ਸਾਈਕਲ ਉੱਪਰ ਫਿੱਟ 3 ਪਹੀਆ ਵਾਲੀ ਰੇਹੜੀ ਆਦਿ ਲਾਉਣਾ, ਟੋਚਨ ਵਾਲਾ ਸਮਾਨ ਪਾ ਕੇ ਗੈਰ ਕਾਨੂੰਨੀ ਤਰੀਕੇ ਨਾਲ ਸਮਾਨ ਦੀ ਢੋਆ-ਢੁਆਈ ਕਰਨਾ ਗਲਤ ਹੈ। ਅਜਿਹੇ ਵਾਹਨ ਕਿਸੇ ਵੇਲੇ ਵੀ ਦੁਰਘਟਨਾ ਨੂੰ ਅੰਜਾਮ ਦੇ ਸਕਦੇ ਹਨ। ਉਨ੍ਹਾਂ ਕਿਹਾ ਕਿ ਜੁਗਾੜੂ ਰੇਹੜੀਆਂ ਅਤੇ ਵਾਹਨਾਂ ਕਰਕੇ ਉਨ੍ਹਾਂ ਦਾ ਧੰਦਾ ਚੋਪਟ ਹੋ ਗਿਆ ਹੈ। ਜਿਸ ਕਰਕੇ ਸਰਕਾਰ ਦਾ ਟੈਕਸ ਅਦਾ ਕਰਨਾ ਵੀ ਔਖਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਜੁਗਾੜੂ ਰੇਹੜੀਆਂ ਧੜੱਲੇ ਨਾਲ ਬਣ ਰਹੀਆਂ ਹਨ ਜੋ ਕਿਸੇ ਤਰ੍ਹਾਂ ਦਾ ਟੈਕਸ ਵੀ ਨਹੀਂ ਭਰਦੀਆਂ।
ਉਨ੍ਹਾਂ ਨੇ ਮੰਗ ਪੱਤਰ ਰਾਹੀਂ ਮੰਗ ਕੀਤੀ ਕਿ ਅਜਿਹੇ ਜੁਗਾੜੂ ਵਾਹਨਾਂ ਨੂੰ ਸਰਕਾਰ ਅਤੇ ਪ੍ਰਸ਼ਾਸਨ ਤੁਰੰਤ ਬੰਦ ਕਰਵਾਵੇ ਅਤੇ ਉਨ੍ਹਾਂ ’ਤੇ ਕਾਰਵਾਈ ਕਰੇ। ਇਸ ਮੌਕੇ ਉਨ੍ਹਾਂ ਨਾਲ ਜਗਤਾਰ ਸਿੰਘ, ਛੋਟਾ ਸਿੰਘ, ਕਰਨੈਲ ਸਿੰਘ, ਦਰਸ਼ਨ ਸਿੰਘ, ਗੁਰਪਿਆਰ ਸਿੰਘ, ਜਰਨੈਲ ਸਿੰਘ ਬੋਹਾ, ਜਗਸੀਰ ਸਿੰਘ ਕਾਲਾ ਬਰੇਟਾ, ਮੱਖਣ ਖਾਂ ਆਦਿ ਵੱਖ-ਵੱਖ ਜਥੇਬੰਦੀਆਂ ਦੇ ਆਗੂ ਹਾਜ਼ਰ ਸਨ।