ਕਿਸਾਨਾਂ ਲਈ ਫਾਇਦੇਮੰਦ ਹੋਵੇਗੀ ਇਹ ''ਮਿੰਨੀ ਫਾਇਰ ਬ੍ਰਿਗੇਡ''

09/30/2019 3:25:09 PM

ਕਪੂਰਥਲਾ (ਓਬਰਾਏ)— ਝੋਨੇ ਦੀ ਫਸਲ ਦੀ ਕਟਾਈ ਸ਼ੁਰੂ ਚੁੱਕੀ ਹੈ ਅਤੇ ਇਨੀਂ ਦਿਨੀਂ ਫਸਲ 'ਤੇ ਬਿਜਲੀ ਸਪਲਾਈ ਦੀ ਲੀਕੇਜ ਜਾਂ ਹੋਰ ਕਿਸੇ ਕਾਰਨ ਕਰਕੇ ਅੱਗ ਲੱਗਣ ਦਾ ਖਦਸ਼ਾ ਬਣਿਆ ਰਹਿੰਦਾ ਹੈ। ਅੱਗ ਲੱਗਣ ਤੋਂ ਬਾਅਦ ਫਾਇਰ ਬ੍ਰਿਗੇਡ ਦੇ ਦੇਰੀ ਨਾਲ ਪਹੁੰਚਣ 'ਤੇ ਕਈ ਵਾਰ ਕਿਸਾਨਾਂ ਦਾ ਭਾਰੀ ਨੁਕਸਾਨ ਹੋ ਜਾਂਦਾ ਹੈ। ਇਸ ਸਮੱਸਿਆ ਤੋਂ ਨਿਜਾਤ ਦਿਵਾਉਣ ਲਈ ਵਿਧਾਨ ਸਭਾ ਹਲਕਾ ਭੁਲੱਥ 'ਚ ਨਡਾਲ ਦੀ ਸਮਾਜਸੇਵੀ ਸੰਸਥਾ ਏਕ ਨੂਰ ਵੈੱਲਫੇਅਰ ਸੁਸਾਇਟੀ ਨੇ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਇਕ ਨਿੱਜੀ ਮਿੰਨੀ ਫਾਇਰ ਬ੍ਰਿਗੇਡ ਤਿਆਰ ਕੀਤੀ ਹੈ, ਜਿਸ ਦੀ ਵਰਤੋਂ ਨਜ਼ਦੀਕੀ ਖੇਤਰਾਂ 'ਚ ਲੱਗਣ ਵਾਲੀ ਅੱਗ ਨਾਲ ਨਜਿੱਠਣ ਲਈ ਕੀਤੀ ਜਾਵੇਗੀ। ਇਹ ਬਿਲਕੁਲ ਮੁਫਤ 'ਚ ਹੋਵੇਗੀ। 

PunjabKesari

ਸੁਸਾਇਟੀ ਦੇ ਮੈਂਬਰ ਲੱਕੀ ਭਰਦਵਾਜ ਨੇ ਦੱਸਿਆ ਕਿ ਇਹ ਪਹਿਲ ਇਸ ਲਈ ਵੀ ਜ਼ਰੂਰੀ ਸੀ ਕਿਉਂਕਿ ਭੁਲੱਥ ਸਭ ਡਿਵੀਜ਼ਨ, ਜਿਸ 'ਚ ਤਕਰੀਬਨ 1.50 ਲੱਖ ਵੋਟਰ ਹਨ, ਉਨ੍ਹਾਂ ਕੋਲ ਦੇਸ਼ ਦੀ ਆਜ਼ਾਦੀ ਤੋਂ ਲੈ ਕੇ ਹੁਣ ਤੱਕ ਕੋਈ ਫਾਇਰ ਬ੍ਰਿਗੇਡ ਨਹੀਂ। ਦਿਹਾਤੀ ਇਲਾਕਾ ਹੋਣ ਕਰਕੇ ਲੋਕਾਂ ਦਾ ਮੁੱਖ ਵਪਾਰ ਖੇਤੀ ਹੈ ਪਰ ਇਸ ਦੇ ਬਾਵਜੂਦ ਘਟਨਾ ਹੋਣ 'ਤੇ ਹੋਰਾਂ ਖੇਤਰਾਂ ਤੋਂ ਫਾਇਰ ਬ੍ਰਿਗੇਡ ਮੰਗਵਾਉਣੀ ਪੈਂਦੀ ਸੀ। ਭਾਵੇਂ ਇਸ ਇਲਾਕੇ 'ਚ ਸਮੇਂ-ਸਮੇਂ 'ਤੇ ਕਾਂਗਰਸ ਅਤੇ ਅਕਾਲੀ ਸਰਕਾਰਾਂ ਦੇ ਮੰਤਰੀ ਰਹੇ ਹਨ। 

PunjabKesari

ਉਨ੍ਹਾਂ ਦੱਸਿਆ ਕਿ ਇਸ ਮਿੰਨੀ ਫਾਇਰ 'ਚ ਇਕ ਸਮੇਂ 'ਚ 6 ਹਜ਼ਾਰ ਲੀਟਰ ਪਾਣੀ ਭਰ ਜਾਂਦਾ ਹੈ। ਇਸ ਦੀ ਕੀਮਤ 3 ਲੱਖ 30 ਹਜ਼ਾਰ ਆਈ ਹੈ। ਇਸ ਦੀ ਸਟੀਲ ਬਾਡੀ ਹੋਣ ਕਰਕੇ ਜਿੱਥੇ ਵੀ ਪਾਣੀ ਦੀ ਪਰੇਸ਼ਾਨੀ ਹੋਵੇ ਜਾਂ ਕਿਸੇ ਹੋਰ ਸਥਾਨ 'ਤੇ ਪਾਣੀ ਦੀ ਲੋੜ ਹੋਵੇ, ਉਥੇ ਇਸ ਦੀ ਵਰਤੋਂ ਕੀਤੀ ਜਾ ਸਕਦੀ ਹੈ ਕਿਉਂਕਿ ਸਟੀਲ ਬਾਡੀ 'ਚ ਪਾਣੀ ਦੀ ਸਵੱਛਤਾ ਕਾਇਮ ਰਹਿੰਦੀ ਹੈ। ਪੰਜਾਬ ਦੇ ਦੋਆਬਾ ਖੇਤਰ 'ਚ ਆਪਣੇ ਕਿਸਮ ਦੀ ਇਹ ਪਹਿਲੀ ਫਾਇਰ ਬ੍ਰਿਗੇਡ ਹੈ। ਦੱਸਣਯੋਗ ਹੈ ਕਿ ਇਸ ਸਮਾਜ ਸੇਵੀ ਸੰਸਥਾ ਵੱਲੋਂ ਇਸ ਖੇਤਰ 'ਚ ਲੋੜਵੰਦ ਦਾ ਇਲਾਜ ਕਰਵਾਉਣਾ, ਖੇਤਰ 'ਚ ਖੇਡਾਂ ਨੂੰ ਪ੍ਰਮੋਟ ਕਰਨਾ, ਸਕੂਲੀ ਬੱਚਿਆਂ ਦੀ ਮਦਦ ਕਰਨੇ ਦੇ ਸਮਾਜ ਸੇਵੀ ਕੰਮ ਵੀ ਕੀਤੇ ਗਏ ਹਨ।


shivani attri

Content Editor

Related News