ਉੱਤਰੀ ਰਾਜਾਂ ਦੇ ਲੱਖਾਂ ਲੋਕ ਡਿਜੀਟਲ ਕਰੰਸੀ ਦੀ ਠੱਗੀ ਦੇ ਸ਼ਿਕਾਰ

06/26/2018 6:53:08 AM

ਚੰਡੀਗੜ੍ਹ, (ਬਿਊਰੋ)- ਪੰਜਾਬ, ਹਰਿਆਣਾ, ਯੂ. ਪੀ. ਅਤੇ ਹੋਰਨਾਂ ਉੱਤਰੀ ਰਾਜਾਂ ਦੇ ਲੱਖਾਂ ਲੋਕ ਡਿਜੀਟਲ ਕਰੰਸੀ ਦੀ ਠੱਗੀ ਦਾ ਸ਼ਿਕਾਰ ਹੋਏ ਹਨ। ਇਕੱਲੇ ਪੰਜਾਬ ਵਿਚ ਠੱਗੀ ਦਾ ਸ਼ਿਕਾਰ ਹੋਏ ਲੋਕਾਂ ਦੀ ਗਿਣਤੀ ਦਸ ਹਜ਼ਾਰ ਤੋਂ ਵਧੇਰੇ ਹੈ । ਇਹ ਠੱਗੀ ਬਲੂ ਫਾਕਸ ਕੰਪਨੀ ਦੇ ਨਾਂ 'ਤੇ ਕੀਤੀ ਗਈ ਹੈ, ਜਿਸ ਨੇ ਬਿਟ ਕੁਆਇਨ ਅਤੇ ਕ੍ਰਿਪਟ ਕਰੰਸੀ ਦੇ ਨਾਂ 'ਤੇ ਲੋਕਾਂ ਨੂੰ ਆਪਣੇ ਜਾਲ ਵਿਚ ਫਸਾ ਲਿਆ ਸੀ । ਹਰ ਵਿਅਕਤੀ ਤੋਂ ਪੰਜ ਲੱਖ ਤੋਂ ਲੈ ਕੇ 20 ਲੱਖ ਰੁਪਏ ਠੱਗੇ ਗਏ ਹਨ । ਅੱਜ ਇਥੇ ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਪਰਮਿੰਦਰ ਸਿੰਘ ਭੱਟੀ, ਕੇਵਲ ਕ੍ਰਿਸ਼ਨ ਸ਼ਰਮਾ ਅਤੇ ਪੰਕਜ ਸ਼ਰਮਾ ਨੇ ਦੱਸਿਆ ਕਿ ਠੱਗੀ ਮਾਰਨ ਵਾਲੇ ਪ੍ਰਬੰਧਕ ਹੁਣ ਵਿਦੇਸ਼ਾਂ ਨੂੰ ਦੌੜ ਗਏ ਹਨ ਅਤੇ 25 ਮੈਂਬਰੀ ਗਿਰੋਹ ਨੇ ਉਨ੍ਹਾਂ ਨਾਲ ਠੱਗੀ ਮਾਰੀ ਹੈ । ਉਨ੍ਹਾਂ ਇਹ ਦੋਸ਼ ਵੀ ਲਾਏ ਕਿ ਫਿਲਮੀ ਹਸਤੀ ਸੋਹੇਲ ਖਾਨ ਨੇ ਬਲਿਊ ਫਾਕਸ ਕੰਪਨੀ ਦੀ ਪ੍ਰਮੋਸ਼ਨ ਪੰਚਕੂਲਾ ਵਿਚ ਕੀਤੀ ਸੀ ।  ਇਨ੍ਹਾਂ ਪੀੜਤਾਂ ਨੇ ਦੱਸਿਆ ਕਿ ਉਨ੍ਹਾਂ ਹਾਲ ਦੀ ਘੜੀ ਕੇਂਦਰੀ ਗ੍ਰਹਿ ਮੰਤਰਾਲੇ ਕੋਲ ਇਸ ਸਕੈਂਡਲ ਦੀ ਸ਼ਿਕਾਇਤ ਕੀਤੀ ਹੈ । ਭਵਿੱਖ ਵਿਚ ਸਾਰੇ ਪੀੜਤ ਇਕੱਠੇ ਹੋ ਕੇ ਇਸ ਸਕੈਂਡਲ ਦੇ ਮੁਲਜ਼ਮਾਂ ਦਾ ਪਰਦਾਫਾਸ਼ ਕਰਨਗੇ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਸਕੈਂਡਲ ਵਿਚ ਵੱਡੇ ਸਿਆਸੀ ਲੋਕ ਵੀ ਸ਼ਾਮਲ ਹਨ, ਜਿਨ੍ਹਾਂ ਬਾਰੇ ਉਹ ਸਮਾਂ ਆਉਣ 'ਤੇ ਖੁਲਾਸਾ ਕਰਨਗੇ।


Related News