ਵਿਦੇਸ਼ ਭੇਜਣ ਦੀ ਆੜ ''ਚ ਲੱਖਾਂ ਠੱਗੇ
Thursday, Apr 12, 2018 - 04:19 AM (IST)
ਅੰਮ੍ਰਿਤਸਰ, (ਅਰੁਣ)- ਵਿਦੇਸ਼ ਭੇਜਣ ਦੀ ਆੜ 'ਚ ਭੋਲੇ-ਭਾਲੇ ਲੋਕਾਂ ਨੂੰ ਠੱਗੀ ਦਾ ਸ਼ਿਕਾਰ ਬਣਾਉਣ ਵਾਲੇ 5 ਜਾਅਲਸਾਜ਼ਾਂ ਖਿਲਾਫ ਪੁਲਸ ਨੇ 3 ਵੱਖ-ਵੱਖ ਮਾਮਲੇ ਦਰਜ ਕੀਤੇ ਹਨ। ਅਰਸ਼ਦੀਪ ਸਿੰਘ ਦੀ ਸ਼ਿਕਾਇਤ 'ਤੇ ਵਿਦੇਸ਼ ਭੇਜਣ ਦਾ ਲਾਰਾ ਲਾ ਕੇ ਉਸ ਨਾਲ 6 ਲੱਖ 75 ਹਜ਼ਾਰ ਦੀ ਠੱਗੀ ਮਾਰਨ ਵਾਲੇ ਰਮਨ ਖੰਨਾ, ਉਸ ਦੀ ਲੜਕੀ ਪਦਮਿਨੀ ਖੰਨਾ ਵਾਸੀ ਲੁਹਾਰਕਾ ਰੋਡ, ਰੇਸ਼ਮ ਸਿੰਘ ਪੁੱਤਰ ਤਰਲੋਚਨ ਸਿੰਘ ਵਾਸੀ ਗਹਿਰੀ ਮੰਡੀ ਜੰਡਿਆਲਾ ਗੁਰੂ ਤੇ ਹਰੀਸ਼ ਸ਼ਰਮਾ ਦੀ ਸ਼ਿਕਾਇਤ 'ਤੇ ਸਿੰਘਾਪੁਰ ਭੇਜਣ ਦਾ ਲਾਰਾ ਲਾ ਕੇ ਉਸ ਨਾਲ 1 ਲੱਖ 60 ਹਜ਼ਾਰ ਦੀ ਠੱਗੀ ਮਾਰਨ ਵਾਲੇ ਗੁਰਜੀਤ ਸਿੰਘ ਪੁੱਤਰ ਜਗਮੋਹਨ ਸਿੰਘ ਵਾਸੀ ਕੱਟੜਾ ਸ਼ੇਰ ਸਿੰਘ ਤੇ ਸ਼ਸ਼ੀ ਕੁਮਾਰ ਪੁੱਤਰ ਬਲਦੇਵ ਰਾਜ ਖਿਲਾਫ ਕਾਰਵਾਈ ਕਰਦਿਆਂ ਥਾਣਾ ਸਿਵਲ ਲਾਈਨ ਦੀ ਪੁਲਸ ਨੇ ਵੱਖ-ਵੱਖ ਮਾਮਲੇ ਦਰਜ ਕਰ ਲਏ ਹਨ।
ਥਾਣਾ ਸਦਰ ਦੀ ਪੁਲਸ ਨੇ ਸੁਭਾਸ਼ ਸ਼ਰਮਾ, ਗੁਰਚਰਨ ਸਿੰਘ ਤੇ ਰਸ਼ਪਾਲ ਸਿੰਘ ਦੀ ਸ਼ਿਕਾਇਤ 'ਤੇ ਸੁਭਾਸ਼ ਸ਼ਰਮਾ ਨੂੰ ਨਿਊਜ਼ੀਲੈਂਡ ਭੇਜਣ ਦਾ ਲਾਰਾ ਲਾ ਕੇ 3 ਲੱਖ 80 ਹਜ਼ਾਰ ਤੇ ਗੁਰਚਰਨ ਸਿੰਘ ਅਤੇ ਰਸ਼ਪਾਲ ਸਿੰਘ ਨੂੰ ਕੈਨੇਡਾ ਭੇਜਣ ਦਾ ਕਹਿ ਕੇ 4 ਲੱਖ 98 ਹਜ਼ਾਰ ਦੀ ਠੱਗੀ ਮਾਰਨ ਵਾਲੇ ਮੁਲਜ਼ਮ ਮੋਹਿਤ ਮਹਿਰਾ ਪੁੱਤਰ ਵਿਜੇ ਮਹਿਰਾ ਵਾਸੀ ਨਿਊ ਜਵਾਹਰ ਨਗਰ ਬਟਾਲਾ ਰੋਡ ਖਿਲਾਫ ਧੋਖਾਦੇਹੀ ਦਾ ਮਾਮਲਾ ਦਰਜ ਕਰ ਕੇ ਪੁਲਸ ਛਾਪੇ ਮਾਰ ਰਹੀ ਹੈ।
ਕਬਜ਼ੇ ਦੀ ਨੀਅਤ ਨਾਲ ਵਾਹੀ ਜ਼ਮੀਨ, 2 ਕਾਬੂ - ਕਬਜ਼ੇ ਦੀ ਨੀਅਤ ਨਾਲ ਇਕ ਵਿਅਕਤੀ ਦੀ ਜ਼ਮੀਨ ਵਾਹੁਣ ਵਾਲੇ 7 ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰਦਿਆਂ ਥਾਣਾ ਲੋਪੋਕੇ ਦੀ ਪੁਲਸ ਨੇ 2 ਵਿਅਕਤੀਆਂ ਨੂੰ ਹਿਰਾਸਤ ਵਿਚ ਲਿਆ ਹੈ। ਚੋਗਾਵਾਂ ਵਾਸੀ ਗੁਰਚਰਨ ਸਿੰਘ ਦੀ ਸ਼ਿਕਾਇਤ 'ਤੇ ਕਬਜ਼ੇ ਦੀ ਨੀਅਤ ਨਾਲ ਉਸ ਦੀ ਜ਼ਮੀਨ ਵਾਹੁਣ ਅਤੇ ਸਟਾਲੇ ਦੀ ਫਸਲ ਚੋਰੀ ਕਰਨ ਵਾਲੇ ਬਾਜ ਸਿੰਘ ਤੇ ਉਸ ਦੇ ਲੜਕਿਆਂ ਬਲਰਾਜ ਸਿੰਘ, ਬਲਵਿੰਦਰ ਸਿੰਘ, ਸੁਖਵਿੰਦਰ ਸਿੰਘ ਤੇ 3 ਹੋਰ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਕੇ ਪੁਲਸ ਨੇ ਮੁਲਜ਼ਮ ਬਾਜ ਸਿੰਘ ਤੇ ਬਲਰਾਜ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ।
