ਇਨ੍ਹਾਂ ਕਾਰਨਾਂ ਕਰਕੇ ਸੜਕ ਹਾਦਸੇ ਨਿਗਲਦੇ ਨੇ ਲੱਖਾਂ ਜ਼ਿੰਦਗੀਆਂ, ਹੈਰਾਨ ਕਰ ਦੇਣਗੇ ਅੰਕੜੇ

Tuesday, Mar 15, 2022 - 04:01 PM (IST)

ਇਨ੍ਹਾਂ ਕਾਰਨਾਂ ਕਰਕੇ ਸੜਕ ਹਾਦਸੇ ਨਿਗਲਦੇ ਨੇ ਲੱਖਾਂ ਜ਼ਿੰਦਗੀਆਂ, ਹੈਰਾਨ ਕਰ ਦੇਣਗੇ ਅੰਕੜੇ

ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ (ਸੁਖਪਾਲ ਢਿੱਲੋਂ/ਪਵਨ ਤਨੇਜਾ) : ਸੜਕ ਹਾਦਸਿਆਂ ਦੀ ਗਿਣਤੀ ਦਿਨੋ-ਦਿਨ ਵੱਧਦੀ ਜਾ ਰਹੀ ਹੈ ਤੇ ਹਰ ਰੋਜ਼ ਸੜਕਾਂ ’ਤੇ ਮਨੁੱਖੀ ਖੂਨ ਡੁੱਲ ਰਿਹਾ ਹੈ। ਰੋਜ਼ਾਨਾ ਲੱਖਾਂ-ਕਰੋੜਾਂ ਰੁਪਏ ਦੀ ਮਸ਼ੀਨਰੀ ਦੀ ਟੁੱਟ-ਭੱਜ ਹੋ ਰਹੀ ਹੈ। ਇਸ ਦਾ ਕਾਰਨ ਵੱਧ ਰਹੀ ਵਾਹਨਾਂ ਦੀ ਗਿਣਤੀ, ਮਾੜੀਆਂ ਸੜਕਾਂ, ਨਸ਼ੇ ਕਰਕੇ ਡਰਾਈਵਰੀ ਕਰਨਾ, ਗੱਡੀ ਚਲਾਉਣ ਸਮੇਂ ਮੋਬਾਇਲ ਦੀ ਵਰਤੋਂ ਕਰਨਾ ਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਅਤੇ ਅਣਗਹਿਲੀ ਕਰਨਾ ਹੈ। ਵਰਨਣਯੋਗ ਹੈ ਕਿ ਸੰਸਾਰ ਦੇ ਦੋ ਤਿਹਾਈ 163 ਦੇਸ਼ਾਂ ਵਿੱਚ ਸੱਜੇ ਹੱਥ, ਜਦ ਕਿ 76 ਦੇਸ਼ਾਂ 'ਚ ਖੱਬੇ ਹੱਥ ਟ੍ਰੈਫਿਕ ਚੱਲਦੀ ਹੈ।

ਇਹ ਵੀ ਪੜ੍ਹੋ : ਪੰਜਾਬ ਰੋਡਵੇਜ਼ 'ਤੇ ਸੰਕਟ ਦੇ ਬੱਦਲ, ਉਧਾਰ ਦੇ ਡੀਜ਼ਲ ਤੋਂ ਹੋਈ ਨਾਂਹ ਤਾਂ ਖੜ੍ਹ ਜਾਣਗੀਆਂ ਬੱਸਾਂ

ਦੇਸ਼ ’ਚ 219 ਨੈਸ਼ਨਲ ਹਾਈਵੇ

ਦੇਸ਼ 'ਚ ਕੁਲ 219 ਨੈਸ਼ਨਲ ਹਾਈਵੇ ਹਨ ਤੇ 65579 ਕਿਲੋਮੀਟਰ ਲੰਬਾਈ ਹੈ। ਅੰਦਾਜ਼ਨ ਹਰ ਸਾਲ ਦੁਨੀਆ ਭਰ ’ਚ ਸਾਢੇ 12 ਲੱਖ ਤੋਂ ਵੱਧ ਲੋਕ ਸੜਕ ਹਾਦਸਿਆਂ ’ਚ ਮਰਦੇ ਤੇ 5 ਕਰੋੜ ਤੋਂ ਵੱਧ ਜ਼ਖਮੀ ਹੁੰਦੇ ਹਨ। ਭਾਰਤ ’ਚ ਹਰ ਸਾਲ 5 ਲੱਖ ਸੜਕ ਹਾਦਸੇ ਹੁੰਦੇ ਹਨ, ਜਿਨ੍ਹਾਂ ’ਚ ਔਸਤ 2 ਲੱਖ ਲੋਕ ਮਰਦੇ ਤੇ ਸਾਢੇ 4 ਲੱਖ ਜ਼ਖਮੀ ਹੁੰਦੇ ਹਨ ਤੇ ਅੰਗਹੀਣਾਂ ਵਰਗੀ ਜ਼ਿੰਦਗੀ ਜਿਊਂਦੇ ਹਨ। ਪੰਜਾਬ ’ਚ ਰੋਜ਼ਾਨਾ ਔਸਤ 15-16 ਮੌਤਾਂ ਤੇ 17-18 ਜ਼ਖਮੀ ਹੁੰਦੇ ਹਨ। ਸੜਕ ਹਾਦਸਿਆਂ ’ਚ ਹੋਈਆਂ ਮੌਤਾਂ ਦਾ ਲਗਭਗ 26 ਫੀਸਦੀ ਹਿੱਸਾ ਦੋਪਹੀਆ ਵਾਹਨਾਂ ਦਾ ਹੁੰਦਾ ਹੈ। 70 ਫੀਸਦੀ ਮੌਤਾਂ ਹੈਲਮੇਟ ਨਾ ਪਾਉਣ ਕਰਕੇ ਹੁੰਦੀਆਂ ਹਨ। ਭਾਰਤ ਸਰਕਾਰ ਨੇ 2016 'ਚ ਰੋਡ ਸੇਫਟੀ ਬਿੱਲ ਪਾਸ ਕਰਕੇ 20 ਗੁਣਾ ਜੁਰਮਾਨਾ ਵਧਾਇਆ। ਜੇ ਤੁਸੀਂ ਵਾਹਨ ਚਲਾ ਰਹੇ ਹੋ ਤੇ ਤੁਹਾਡੇ ਨਾਂ ’ਤੇ ਨਹੀਂ ਪਰ ਹਾਦਸਾ ਹੋ ਜਾਂਦਾ ਹੈ ਤਾਂ 3 ਸਾਲ ਦੀ ਸਜ਼ਾ ਹੋ ਸਕਦੀ ਹੈ। ਇਸ ਦੇ ਕਾਰਨ ਓਵਰ ਸਪੀਡ, ਓਵਰਲੋਡ ਗੱਡੀਆਂ, ਓਵਰਟੇਕਿੰਗ, ਸ਼ਰਾਬ ਪੀ ਕੇ ਵਾਹਨ ਚਲਾਉਣ ਨਾਲ, ਡਰਾਉਣੇ ਹਾਰਨ, ਨਾਬਾਲਗਾਂ ਵੱਲੋਂ ਡਰਾਈਵਿੰਗ, ਲਗਾਤਾਰ ਗੱਡੀਆਂ ਚਲਾਉਣ ਕਾਰਨ ਨੀਂਦਰਾ, ਜ਼ਿਆਦਾ ਧੁੰਦ 'ਚ ਤੇਜ਼ ਵਾਹਨ ਚਲਾਉਣੇ ਹਨ। ਡਿਵਾਈਡਰ ਠੀਕ ਨਹੀਂ ਬਣਾਏ ਜਾਂਦੇ, ਸੜਕਾਂ 'ਚ ਟੋਏ, ਟ੍ਰੈਫਿਕ ਲਾਈਟਾਂ ਦਾ ਪ੍ਰੰਬਧ ਨਹੀਂ, ਰਿਫਲੈਕਟਰ ਦੀ ਘਾਟ ਟ੍ਰੈਫਿਕ ਚਿੰਨ੍ਹਾਂ ਦੀ ਜਾਣਕਾਰੀ ਨਾ ਹੋਣਾ ਹੈ।

ਇਹ ਵੀ ਪੜ੍ਹੋ : ਵੱਡੀ ਖ਼ਬਰ : 'ਕੋਰੋਨਾ' ਨੂੰ ਲੈ ਕੇ ਪੰਜਾਬ 'ਚ ਲੱਗੀਆਂ ਸਾਰੀਆਂ ਪਾਬੰਦੀਆਂ ਨੂੰ ਹਟਾਉਣ ਦੇ ਹੁਕਮ ਜਾਰੀ

ਪੁਰਾਣੇ ਵਾਹਨ ਤੇ ਖਰਾਬ ਸੜਕਾਂ ਵੀ ਬਣਦੀਆਂ ਹਨ ਹਾਦਸਿਆਂ ਦਾ ਕਾਰਨ

ਪੰਜਾਬ 'ਚ 315 ਖਤਰਨਾਕ ਐਂਟਰੀ ਪੁਆਇੰਟ ਜਿਨ੍ਹਾਂ ’ਤੇ ਲੋੜੀਂਦੇ ਪ੍ਰਬੰਧ ਨਹੀਂ ਹਨ। ਸ਼ਰਾਬ ਪੀ ਕੇ ਵਾਹਨ ਚਲਾਉਣ ਤੋਂ ਰੋਕਣ ਲਈ ਟ੍ਰੈਫਿਕ ਪੁਲਸ ਕੋਲ ਐਲਕੋਮੀਟਰ ਨਹੀਂ। ਚੰਡੀਗੜ੍ਹ 'ਚ ਕੁਝ ਸਖਤੀ ਹੈ। 77.5 ਫੀਸਦੀ ਹਾਦਸੇ ਵਾਹਨ ਚਾਲਕਾਂ ਦੀ ਲਾਪ੍ਰਵਾਹੀ ਨਾਲ ਹੁੰਦੇ ਹਨ, ਜੋ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਹੀਂ ਕਰਦੇ, ਜਿਸ ਪਾਸਿਓਂ ਰਾਹ ਮਿਲਦਾ ਉਧਰੋਂ ਹੀ ਵਾਹਨ ਨੂੰ ਓਵਰਟੇਕਿੰਗ ਕਰਕੇ ਅੱਗੇ ਕੱਢਣ ਦੀ ਕੋਸ਼ਿਸ਼ ਕਰਦੇ ਹਨ, ਜਦ ਇਕ ਦਮ ਅੱਗੇ ਚੱਲ ਰਹੇ ਵਾਹਨ ਨੂੰ ਬ੍ਰੇਕ ਲਾਉਣੀ ਪੈਂਦੀ ਹੈ ਤਾਂ ਪਿੱਛੇ ਤੇਜ਼ ਸਪੀਡ ’ਚ ਆ ਰਹੇ ਵਾਹਨ ਦੇ ਡਰਾਈਵਰ ਕੋਲੋਂ ਕੰਟਰੋਲ ਨਹੀਂ ਹੁੰਦਾ ਤਾਂ ਹਾਦਸਾ ਵਾਪਰ ਜਾਂਦਾ ਹੈ। 10.5 ਫ਼ੀਸਦੀ ਸੜਕਾਂ ਦੀ ਖਰਾਬ ਹਾਲਤ, 1.6 ਫ਼ੀਸਦੀ ਵਾਹਨ ਪੁਰਾਣੇ, 1 ਫ਼ੀਸਦੀ ਖਰਾਬ ਮੌਸਮ, 2.4 ਫ਼ੀਸਦੀ ਪੈਦਲ ਰਾਹੀ, 1.3 ਫ਼ੀਸਦੀ ਸਾਈਕਲ ਚਾਲਕਾਂ ਰਾਹੀਂ ਹਾਦਸੇ ਵਾਪਰਦੇ ਹਨ।

ਇਹ ਵੀ ਪੜ੍ਹੋ : ਸੰਦੀਪ ਨੰਗਲ ਅੰਬੀਆਂ ਕਤਲ ਕਾਂਡ ’ਚ ਨਵਾਂ ਮੋੜ, ਲਾਰੈਂਸ ਬਿਸ਼ਨੋਈ ਤੇ ਜੱਗੂ ਭਗਵਾਨਪੁਰੀਆ ਨੇ ਪਾਈ ਫੇਸਬੁੱਕ ਪੋਸਟ

ਕੀ ਕੀਤਾ ਜਾਵੇ?

ਹਾਦਸਿਆਂ ਤੋਂ ਬਚਾਅ ਕਰਨ ਲਈ ਤੇਜ਼ ਰਫਤਾਰ ’ਤੇ ਰੋਕ, ਸ਼ਰਾਬ ਦੀ ਵਰਤੋਂ ’ਤੇ ਰੋਕ, ਸੀਟ ਬੈਲਟ ਬੰਨ੍ਹਣੀ, ਵੱਡੀਆਂ ਸਿੰਗਲ ਸੜਕਾਂ ਨੂੰ ਘੱਟੋ-ਘੱਟ ਡਬਲ ਕੀਤਾ ਜਾਵੇ, ਸੜਕਾਂ ਵਿਚਲੇ ਟੋਏ ਨਾਲੋ-ਨਾਲ ਭਰੇ ਜਾਣ, ਡਰਾਈਵਿੰਗ ਸਮੇਂ ਮੋਬਾਇਲ ਫੋਨ ’ਤੇ ਪਾਬੰਦੀ ਲਗਾਈ ਜਾਵੇ।

ਜਾਗਰੂਕ ਹੋਣ ਦੀ ਲੋੜ

ਹਰ ਇਕ ਦੀ ਜ਼ਿੰਦਗੀ ਨੂੰ ਕੀਮਤੀ ਸਮਝਦੇ ਹੋਏ ਹਾਦਸਿਆਂ ਨੂੰ ਰੋਕਣ ਲਈ ਖਾਸ ਤੌਰ ’ਤੇ ਨੌਜਵਾਨ ਵਰਗ ਨੂੰ ਜਾਗਰੂਕ ਕਰੀਏ। ਮਰਨ ਵਾਲੇ ਜ਼ਿਆਦਾਤਰ 18 ਤੋਂ 40 ਸਾਲ ਦੀ ਉਮਰ ਵਾਲੇ ਹੁੰਦੇ ਹਨ।

ਇਹ ਵੀ ਪੜ੍ਹੋ : ਜ਼ਰੂਰੀ ਖ਼ਬਰ : ਖਟਕੜ ਕਲਾਂ ਵਿਖੇ ਹੋਣ ਵਾਲੇ ਮੁੱਖ ਮੰਤਰੀ ਦੇ 'ਸਹੁੰ ਚੁੱਕ ਸਮਾਰੋਹ' ਨੂੰ ਲੈ ਕੇ ਰੂਟ ਪਲਾਨ ਜਾਰੀ

ਕੀ ਕਹਿਣਾ ਹੈ ਸਮਾਜ ਸੇਵਕਾਂ ਦਾ

ਭਾਵੇਂ ਮਾਣਯੋਗ ਸੁਪਰੀਮ ਕੋਰਟ ਦੀਆਂ ਹਦਾਇਤਾਂ ਹਨ ਕਿ ਸੜਕਾਂ ’ਤੇ ਓਵਰਲੋਡ ਵਾਹਨ ਨਹੀਂ ਚਲਾਏ ਜਾ ਸਕਦੇ ਪਰ ਇਥੇ ਟ੍ਰੈਫਿਕ ਨਿਯਮਾਂ ਦੀਆਂ ਪੂਰੀ ਤਰ੍ਹਾਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ ਤੇ ਸੂਬੇ ਦੀਆਂ ਲਗਭਗ ਸਾਰੀਆਂ ਹੀ ਸੜਕਾਂ ’ਤੇ ਓਵਰਲੋਡ ਵਾਹਨ ਭੱਜੇ ਫਿਰਦੇ ਹਨ ਪਰ ਉਨ੍ਹਾਂ ਨੂੰ ਰੋਕਣ ਵਾਲਾ ਕੋਈ ਨਹੀਂ ਹੈ। ਸਮਾਜ ਸੇਵਕ ਵਕੀਲ ਸਿੰਘ ਭੋਲੂਵਾਲਾ, ਬਲਜਿੰਦਰ ਸਿੰਘ ਥਾਂਦੇਵਾਲਾ, ਗੁਰਨਾਮ ਸਿੰਘ ਲੱਖੇਵਾਲੀ, ਅੰਮ੍ਰਿਤਪਾਲ ਸਿੰਘ ਬਰਾੜ ਭਾਗਸਰ, ਗਗਨ ਔਲਖ ਤੇ ਜਸਵੰਤ ਸਿੰਘ ਬਰਾੜ ਨੇ ਕਿਹਾ ਕਿ ਸੜਕ ਹਾਦਸਿਆਂ ਨੂੰ ਰੋਕਣ ਲਈ ਸਭ ਤੋਂ ਪਹਿਲਾਂ ਸਾਰੀਆਂ ਖਰਾਬ ਹੋ ਚੁੱਕੀਆਂ ਸੜਕਾਂ ਨੂੰ ਠੀਕ ਕੀਤਾ ਜਾਵੇ, ਰਜਬਾਹਿਆਂ, ਨਹਿਰਾਂ ਅਤੇ ਡਰੇਨਾਂ ਦੇ ਕੰਡਮ ਹੋ ਚੁੱਕੇ ਪੁਲਾਂ ਦੀ ਸਾਰ ਲਈ ਜਾਵੇ ਅਤੇ ਓਵਰਲੋਡ ਵਾਹਨਾਂ ਨੂੰ ਬੰਦ ਕਰਵਾਇਆ ਜਾਵੇ।

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Harnek Seechewal

Content Editor

Related News