ਜਾਅਲੀ ਕਾਗਜ਼ਾਂ ''ਤੇ ਗਰੀਸ ਭੇਜ ਕੀਤੀ ਲੱਖਾਂ ਦੀ ਠੱਗੀ

Sunday, Jul 21, 2019 - 11:32 PM (IST)

ਜਾਅਲੀ ਕਾਗਜ਼ਾਂ ''ਤੇ ਗਰੀਸ ਭੇਜ ਕੀਤੀ ਲੱਖਾਂ ਦੀ ਠੱਗੀ

ਚੰਡੀਗੜ੍ਹ (ਸੁਸ਼ੀਲ)-ਹਰਿਆਣਾ ਪੁਲਸ ਤੋਂ ਰਿਟਾਇਰਡ ਹੈੱਡ ਕਾਂਸਟੇਬਲ ਦੇ ਬੇਟੇ ਨੂੰ ਸਾਢੇ 8 ਲੱਖ ਰੁਪਏ ਲੈ ਕੇ ਸੈਕਟਰ-35 ਸਥਿਤ ਕੈਪਿਕ ਕੰਸਲਟੈਂਟ ਕੰਪਨੀ ਨੇ ਸਟੱਡੀ ਵੀਜ਼ੇ 'ਤੇ ਗਰੀਸ ਭੇਜ ਦਿੱਤਾ। ਗਰੀਸ ਪਹੁੰਚਦਿਆਂ ਹੀ ਹੈੱਡ ਕਾਂਸਟੇਬਲ ਦੇ ਬੇਟੇ ਦੇ ਕਾਗਜ਼ ਜਾਅਲੀ ਪਾਏ ਗਏ ਅਤੇ ਉਸਨੂੰ ਵਾਪਸ ਭਾਰਤ ਆਉਣਾ ਪਿਆ। ਰਿਟਾਇਰ ਹੈੱਡ ਕਾਂਸਟੇਬਲ ਵਿਜੇ ਕੁਮਾਰ ਨੇ ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ। ਸੈਕਟਰ-36 ਥਾਣਾ ਪੁਲਸ ਨੇ ਕੈਪਿਕ ਕੰਸਲਟੈਂਟ ਕੰਪਨੀ 'ਤੇ ਧੋਖਾਦੇਹੀ ਦਾ ਮਾਮਲਾ ਦਰਜ ਕਰ ਲਿਆ।

ਫੇਸਬੁੱਕ 'ਤੇ ਇਸ਼ਤਿਹਾਰ ਵੇਖ ਕੇ ਜਾਲ 'ਚ ਫਸੇ
ਕੁਰੂਕਸ਼ੇਤਰ ਨਿਵਾਸੀ ਵਿਜੈ ਕੁਮਾਰ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਹ ਹਰਿਆਣਾ ਪੁਲਸ ਤੋਂ ਹੈੱਡ ਕਾਂਸਟੇਬਲ ਵਜੋਂ ਰਿਟਾਇਰ ਹੋਏ ਸਨ। ਉਨ੍ਹਾਂ ਦਾ ਪੁੱਤਰ ਸ਼ੁਭਮ ਪੜ੍ਹਾਈ ਲਈ ਵਿਦੇਸ਼ ਜਾਣਾ ਚਾਹੁੰਦਾ ਸੀ। ਸ਼ੁਭਮ ਨੇ ਫੇਸਬੁੱਕ 'ਤੇ ਸੈਕਟਰ-35 ਸਥਿਤ ਕੈਪਿਕ ਕੰਸਲਟੈਂਟ ਕੰਪਨੀ ਦਾ ਇਸ਼ਤਿਹਾਰ ਵੇਖਿਆ। ਉਨ੍ਹਾਂ 17 ਜਨਵਰੀ ਨੂੰ ਫੋਨ 'ਤੇ ਕੰਪਨੀ ਦੀ ਕਰਮਚਾਰੀ ਪਲਵੀ ਨਾਲ ਸੰਪਰਕ ਕੀਤਾ। ਪਲਵੀ ਨੇ ਉਨ੍ਹਾਂ ਨੂੰ 22 ਜਨਵਰੀ ਨੂੰ ਆਪਣੇ ਦਫਤਰ ਸੈਕਟਰ-35 'ਚ ਬੁਲਾਇਆ। ਇਸ ਕੰਪਨੀ ਨੂੰ ਗਿੱਲ ਚਲਾਉਂਦਾ ਹੈ।

ਇਸ ਤੋਂ ਬਾਅਦ ਬੇਟੇ ਨੂੰ ਸਟੱਡੀ ਵੀਜ਼ੇ 'ਤੇ ਗਰੀਸ ਭੇਜਣ ਲਈ ਪਲਵੀ, ਸਮਾਇਰਾ, ਸੁਰਭੀ, ਇਸ਼ਨੀ, ਰੁਪਿੰਦਰ, ਰੁਚਿਕਾ ਖੁਰਾਣਾ, ਦੀਪਕ ਅਤੇ ਈਰਾ ਸ਼ਰਮਾ ਨੇ ਵਿਸ਼ਵਾਸ ਦਿਵਾਇਆ ਅਤੇ ਸਾਢੇ ਅੱਠ ਲੱਖ ਰੁਪਏ ਅਤੇ ਕਾਗਜ਼ ਮੰਗੇ। ਉਨ੍ਹਾਂ ਸਾਢੇ ਚਾਰ ਲੱਖ ਰੁਪਏ ਦਾ ਇਲਾਹਾਬਾਦ ਬੈਂਕ ਤੋਂ ਡਰਾਫਟ ਏਜੰਸੀ ਦੇ ਨਾਂ ਬਣਾ ਦਿੱਤਾ। ਇਸ ਤੋਂ ਇਲਾਵਾ ਟਿਕਟ ਸਮੇਤ ਹੋਰ ਖਰਚ ਦੇ ਚਾਰ ਲੱਖ ਰੁਪਏ ਅਤੇ ਕਾਗਜ਼ ਵੀ ਜਮ੍ਹਾ ਕਰਵਾ ਦਿੱਤੇ। 4 ਅਪ੍ਰੈਲ ਨੂੰ ਸ਼ੁਭਮ ਗਰੀਸ ਪਹੁੰਚ ਗਿਆ। ਗਰੀਸ ਪਹੁੰਚ ਕੇ ਉਸਨੇ ਦੱਸਿਆ ਕਿ ਉਸਨੂੰ ਏਜੰਟ ਨੇ ਜਾਅਲੀ ਕਾਗਜ਼ਾਂ ਜ਼ਰੀਏ ਵਿਦੇਸ਼ ਭੇਜਿਆ ਹੈ। ਉਸਨੂੰ ਵਾਪਸ ਆਉਣਾ ਪਿਆ। ਇਸ ਦੌਰਾਨ ਵਿਜੈ ਕੁਮਾਰ ਨੂੰ ਹਾਰਟ ਅਟੈਕ ਵੀ ਹੋ ਗਿਆ। ਉਨ੍ਹਾਂ ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ।


author

Karan Kumar

Content Editor

Related News