ਟਰੈਵਲ ਏਜੰਟਾਂ ਵੱਲੋਂ ਲੱਖਾਂ ਦੀ ਠੱਗੀ
Friday, Dec 22, 2017 - 02:22 AM (IST)
ਮੋਗਾ, (ਆਜ਼ਾਦ)- ਸਰਦਾਰ ਨਗਰ ਮੋਗਾ ਨਿਵਾਸੀ ਸੁਮਿਤ ਸਹਿਗਲ ਨੂੰ ਪਰਿਵਾਰ ਸਮੇਤ ਪੱਕੇ ਤੌਰ 'ਤੇ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਫਰੀਦਕੋਟ ਦੇ ਇਕ ਟਰੈਵਲ ਏਜੰਟ ਵੱਲੋਂ 5 ਲੱਖ ਰੁਪਏ ਦੀ ਠੱਗੀ ਮਾਰੇ ਜਾਣ ਦਾ ਪਤਾ ਲੱਗਾ ਹੈ। ਪੁਲਸ ਨੇ ਮਾਮਲਾ ਦਰਜ ਕਰ ਕੇ ਦੋਸ਼ੀ ਦੀ ਭਾਲ ਆਰੰਭ ਕਰ ਦਿੱਤੀ ਹੈ।
ਕੀ ਹੈ ਸਾਰਾ ਮਾਮਲਾ
ਸੁਮਿਤ ਸਹਿਗਲ ਪੁੱਤਰ ਸੁਭਾਸ਼ ਸਹਿਗਲ ਨੇ ਉੱਚ ਪੁਲਸ ਅਧਿਕਾਰੀਆਂ ਨੂੰ ਦਿੱਤੇ ਸ਼ਿਕਾਇਤ ਪੱਤਰ 'ਚ ਕਿਹਾ ਕਿ ਉਹ ਆਪਣੇ ਪਰਿਵਾਰ ਸਮੇਤ ਵਿਦੇਸ਼ (ਕੈਨੇਡਾ) ਜਾਣਾ ਚਾਹੁੰਦਾ ਸੀ। ਉਸ ਦੀ ਇਕ ਵਿਅਕਤੀ ਰਾਹੀਂ ਫਰੀਦਕੋਟ ਦੇ ਟਰੈਵਲ ਏਜੰਟ ਤਰਸੇਮ ਸਿੰਘ ਮੈਸ. ਸਾਨੀਆ ਟਰੈਵਲ ਐਵੇਨਿਊ ਨਾਲ ਮੁਲਾਕਾਤ 11 ਮਈ 2017 ਨੂੰ ਮੋਗਾ ਦੇ ਧਵਨ ਪੈਲੇਸ 'ਚ ਹੋਈ। ਉਕਤ ਟਰੈਵਲ ਏਜੰਟ ਨੇ ਮੈਨੂੰ ਕਿਹਾ ਕਿ ਉਹ ਮੈਨੂੰ, ਮੇਰੀ ਪਤਨੀ ਅਤੇ ਬੱਚਿਆਂ ਨੂੰ ਪੱਕੇ ਤੌਰ 'ਤੇ ਕੈਨੇਡਾ ਭੇਜ ਦੇਵੇਗਾ, ਜਿਸ 'ਤੇ 25 ਹਜ਼ਾਰ ਕੈਨੇਡੀਅਨ ਡਾਲਰ ਖਰਚ ਆਉਣਗੇ।
ਮੈਂ ਭਰੋਸਾ ਕਰ ਕੇ ਉਸ ਨੂੰ ਆਪਣੇ ਪਰਿਵਾਰ ਦੇ ਪਾਸਪੋਰਟ, ਫੋਟੋਆਂ ਅਤੇ ਹੋਰ ਦਸਤਾਵੇਜ਼ ਦੇ ਦਿੱਤੇ। ਉਸ ਨੇ ਸਾਨੂੰ ਮੋਬਾਇਲ 'ਤੇ ਵੀਜ਼ਿਆਂ ਦੀ ਫੋਟੋ ਕਾਪੀ ਭੇਜੀ ਅਤੇ 5 ਲੱਖ ਰੁਪਏ ਲੈ ਲਏ, ਜਦ ਅਸੀਂ ਵੀਜ਼ੇ ਚੈੱਕ ਕਰਵਾਏ ਤਾਂ ਸਾਨੂੰ ਪਤਾ ਲੱਗਾ ਕਿ ਉਹ ਵਿਜ਼ਿਟਰ ਵੀਜ਼ੇ ਹਨ, ਜਿਸ 'ਤੇ ਅਸੀਂ ਦੋਸ਼ੀ ਨਾਲ ਗੱਲਬਾਤ ਕੀਤੀ ਤਾਂ ਉਸ ਨੇ ਕਿਹਾ ਕਿ ਉਹ ਉਨ੍ਹਾਂ ਨੂੰ ਕੈਨੇਡਾ ਸੈਟਲ ਕਰਵਾ ਦੇਵੇਗਾ। 25 ਲੱਖ ਰਪਏ ਹੋਰ ਦੇ ਦਿਉ, ਜਿਸ 'ਤੇ ਅਸੀਂ ਇਨਕਾਰ ਕਰ ਦਿੱਤਾ ਤਾਂ ਉਸ ਨੇ ਸਾਡੇ ਨਾ ਤਾਂ ਪਾਸਪੋਰਟ ਵਾਪਸ ਕੀਤੇ ਅਤੇ ਨਾ ਹੀ 5 ਲੱਖ ਰੁਪਏ ਦਿੱਤੇ। ਇਸ ਤਰ੍ਹਾਂ ਉਸ ਨੇ ਸਾਡੇ ਨਾਲ ਧੋਖਾਦੇਹੀ ਕੀਤੀ।
ਕੀ ਹੋਈ ਪੁਲਸ ਕਾਰਵਾਈ
ਸੁਮਿਤ ਸਹਿਗਲ ਨੇ ਕਿਹਾ ਕਿ ਅਸੀਂ ਇਨਸਾਫ ਲਈ ਪੰਜਾਬ ਪੁਲਸ ਦੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਪੱਤਰ ਭੇਜੇ ਪਰ ਕੋਈ ਸੁਣਵਾਈ ਨਹੀਂ ਹੋਈ। ਦੋਸ਼ੀ ਟਰੈਵਲ ਏਜੰਟ ਨੇ ਸਾਡੇ ਖਿਲਾਫ ਝੂਠੀ ਸ਼ਿਕਾਇਤ ਦੇਣੀ ਸ਼ੁਰੂ ਕਰ ਦਿੱਤੀ, ਜਿਸ ਕਾਰਨ ਅਸੀਂ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਹੋ ਗਏ। ਟਰੈਵਲ ਏਜੰਟ ਵੱਲੋਂ ਕੀਤੀ ਗਈ ਸ਼ਿਕਾਇਤਾਂ ਜਾਂਚ ਦੌਰਾਨ ਝੂਠੀਆਂ ਨਿਕਲੀਆਂ, ਜਿਸ 'ਤੇ ਮੈਨੂੰ ਇਨਸਾਫ ਲਈ ਮਾਣਯੋਗ ਅਦਾਲਤ ਦੀ ਸ਼ਰਨ 'ਚ ਜਾਣਾ ਪਿਆ ਤੇ ਮਾਣਯੋਗ ਵਿਕਰਮਜੀਤ ਸਿੰਘ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਮੋਗਾ ਦੀ ਅਦਾਲਤ 'ਚ ਅਰਜ਼ੀ ਦਾਖਲ ਕੀਤੀ, ਜਿਨ੍ਹਾਂ ਸੁਣਵਾਈ ਤੋਂ ਬਾਅਦ ਦੋਸ਼ੀ ਟਰੈਵਲ ਏਜੰਟ ਤਰਸੇਮ ਸਿੰਘ ਪੁੱਤਰ ਮੁਖਤਿਅਰ ਸਿੰਘ ਖਿਲਾਫ ਧੋਖਾਦੇਹੀ ਦਾ ਮਾਮਲਾ ਦਰਜ ਕਰਨ ਦਾ ਹੁਕਮ ਦਿੱਤਾ। ਥਾਣਾ ਸਿਟੀ 1 'ਚ ਉਕਤ ਮਾਮਲਾ ਦਰਜ ਹੋਇਆ।
ਉਕਤ ਮਾਮਲੇ ਦੀ ਅਗਲੇਰੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਬਲਜਿੰਦਰ ਸਿੰਘ ਨੇ ਦੱਸਿਆ ਕਿ ਦੋਸ਼ੀ ਨੂੰ ਕਾਬੂ ਕਰਨ ਲਈ ਛਾਪਾਮਾਰੀ ਕੀਤੀ ਜਾ ਰਹੀ ਹੈ ਪਰ ਉਹ ਅਜੇ ਤੱਕ ਕਾਬੂ ਨਹੀਂ ਆ ਸਕਿਆ।
ਬਿਲਾਸਪੁਰ/ਨਿਹਾਲ ਸਿੰਘ ਵਾਲਾ, (ਜਗਸੀਰ, ਬਾਵਾ)-ਵਿਦੇਸ਼ ਭੇਜਣ ਦੇ ਨਾਂ 'ਤੇ ਲੱਖਾਂ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਥਾਣਾ ਨਿਹਾਲ ਸਿੰਘ ਵਾਲਾ ਦੀ ਪੁਲਸ ਵੱਲੋਂ 2 ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ 'ਚ ਛਿੰਦਰਪਾਲ ਸਿੰਘ ਨੇ ਦੋਸ਼ ਲਾਇਆ ਕਿ ਭੁਪਿੰਦਰ ਸਿੰਘ ਨਿਵਾਸੀ ਮਾਣੂੰਕੇ ਗਿੱਲ ਨਾਲ ਉਸ ਦੀ ਰਿਸ਼ਤੇਦਾਰੀ ਹੈ ਅਤੇ ਉਹ ਹਾਂਗਕਾਂਗ ਰਹਿੰਦਾ ਸੀ, ਇਸ ਲਈ ਉਸ ਨੇ ਹਾਂਗਕਾਂਗ ਭੇਜਣ ਦੇ ਨਾਂ 'ਤੇ ਉਸ ਤੋਂ 3 ਲੱਖ ਰੁਪਏ ਲੈ ਲਏ ਅਤੇ ਦੋ ਨੰਬਰ ਦੇ ਤਰੀਕੇ ਰਾਹੀਂ ਉਸ ਨੂੰ ਹਾਂਗਕਾਂਗ ਭੇਜ ਦਿੱਤਾ। ਵਿਦੇਸ਼ੀ ਪੁਲਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ, ਜਿਸ ਮਗਰੋਂ ਉਸ ਨੂੰ ਵਾਪਸ ਭੇਜ ਦਿੱਤਾ।
ਇਸ ਮਗਰੋਂ ਉਸ ਨੇ ਮੈਨੂੰ ਕੁਝ ਪੈਸੇ ਤਾਂ ਵਾਪਸ ਕਰ ਦਿੱਤੇ ਪਰ ਇਕ 1 ਹਾਜ਼ਰ 20 ਰੁਪਏ ਦਾ ਗਬਨ ਕਰ ਲਿਆ। ਪੁਲਸ ਵੱਲੋਂ ਮਾਮਲੇ ਦੀ ਪੜਤਾਲ ਉਪਰੰਤ ਭੁਪਿੰਦਰ ਸਿੰਘ ਅਤੇ ਸੋਮਾ ਰਾਣੀ ਵਿਰੁੱਧ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਦੀ ਜਾਂਚ ਸਹਾਇਕ ਥਾਣੇਦਾਰ ਚਰਨਜੀਤ ਸਿੰਘ ਵੱਲੋਂ ਕੀਤੀ ਜਾ ਰਹੀ ਹੈ।
