ਕੈਪਟਨ ਹਰਮਿੰਦਰ ਸਿੰਘ 2022 ਦੀਆਂ ਚੋਣਾਂ ’ਚ ਸੁਲਤਾਨਪੁਰ ਲੋਧੀ ਤੋਂ ਅਕਾਲੀ ਦਲ ਹੋ ਸਕਦੇ ਨੇ ਉਮੀਦਵਾਰ

Monday, Oct 04, 2021 - 11:13 AM (IST)

ਕੈਪਟਨ ਹਰਮਿੰਦਰ ਸਿੰਘ 2022 ਦੀਆਂ ਚੋਣਾਂ ’ਚ ਸੁਲਤਾਨਪੁਰ ਲੋਧੀ ਤੋਂ ਅਕਾਲੀ ਦਲ ਹੋ ਸਕਦੇ ਨੇ ਉਮੀਦਵਾਰ

ਜਲੰਧਰ (ਚੋਪੜਾ)– ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਖਾਸਮ-ਖਾਸ, ਦੋਆਬਾ ਇਲਾਕੇ ਦੇ ਸੀਨੀਅਰ ਕਾਂਗਰਸ ਆਗੂ ਅਤੇ ਮਿਲਕਫੈੱਡ ਪੰਜਾਬ ਦੇ ਚੇਅਰਮੈਨ ਕੈਪਟਨ ਹਰਮਿੰਦਰ ਸਿੰਘ 2022 ਦੀਆਂ ਵਿਧਾਨ ਸਭਾ ਚੋਣਾਂ ’ਚ ਸੁਲਤਾਨਪੁਰ ਵਿਧਾਨ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹੋ ਸਕਦੇ ਹਨ। ਦੋਆਬਾ ’ਚ ਕਾਂਗਰਸ ਨੂੰ ਵੱਡਾ ਝਟਕਾ ਦਿੰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ 5 ਅਕਤੂਬਰ ਨੂੰ ਜਲੰਧਰ ’ਚ ਇਕ ਪ੍ਰੋਗਰਾਮ ਦੌਰਾਨ ਕੈਪਟਨ ਹਰਮਿੰਦਰ ਸਿੰਘ ਨੂੰ ਪਾਰਟੀ ’ਚ ਸ਼ਾਮਲ ਕਰ ਕੇ ਉਨ੍ਹਾਂ ਦੇ ਸੁਲਤਾਨਪੁਰ ਲੋਧੀ ਤੋਂ ਉਮੀਦਵਾਰ ਹੋਣ ਦਾ ਐਲਾਨ ਵੀ ਕਰਨਗੇ। ਇਸ ਦੌਰਾਨ ਕਈ ਵੱਡੇ ਅਕਾਲੀ ਆਗੂ ਵੀ ਪ੍ਰੋਗਰਾਮ ’ਚ ਸ਼ਾਮਲ ਹੋਣਗੇ।

ਇਹ ਵੀ ਪੜ੍ਹੋ : ਸਿੱਧੂ ਦੇ ਟਵੀਟ 'ਤੇ ਚੰਨੀ ਦਾ ਵੱਡਾ ਬਿਆਨ, ਕਿਹਾ-ਕੇਂਦਰੀ ਪੈਨਲ ਦੇ ਆਧਾਰ 'ਤੇ ਹੀ ਹੋਵੇਗੀ ਪੰਜਾਬ ਦੇ DGP ਦੀ ਨਿਯੁਕਤੀ

ਜ਼ਿਕਰਯੋਗ ਹੈ ਕਿ ਕੈ. ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਪੰਜਾਬ ਕਾਂਗਰਸ ’ਚ ਪੈਦਾ ਹੋਏ ਅੰਦਰੂਨੀ ਕਲੇਸ਼ ਦੇ ਹਾਲਾਤ ਨੂੰ ਲੈ ਕੇ ਹੁਣ ਕਾਂਗਰਸ ਆਗੂਆਂ ਦਾ ਪਾਰਟੀ ਤੋਂ ਮੋਹ ਭੰਗ ਹੋਣਾ ਸ਼ੁਰੂ ਹੋ ਗਿਆ ਹੈ, ਜਿਸ ਕਾਰਨ ਹੁਣ ਕਈ ਕਾਂਗਰਸੀ ਆਪਣੇ ਸਿਆਸੀ ਭਵਿੱਖ ਖਾਤਿਰ ਕਾਂਗਰਸ ਦਾ ਹੱਥ ਛੱਡ ਕੇ ਹੋਰ ਵਿਰੋਧੀ ਪਾਰਟੀਆਂ ਦਾ ਪੱਲਾ ਫੜਨ ਨੂੰ ਤਿਆਰ ਹਨ।
ਕੈਪਟਨ ਹਰਮਿੰਦਰ, ਜੋ ਕਿ ਕੈਪਟਨ ਅਮਰਿੰਦਰ ਸਿੰਘ ਦੇ ਖੇਮੇ ਦੇ ਬੇਦਾਗ ਅਤੇ ਸਾਫ਼ ਅਕਸ ਵਾਲੇ ਆਗੂਆਂ ’ਚੋਂ ਇਕ ਮੰਨੇ ਜਾਂਦੇ ਹਨ, ਨੇ 2012 ਅਤੇ 2017 ਦੀਆਂ ਵਿਧਾਨ ਸਭਾ ਚੋਣਾਂ ’ਚ ਹਲਕੇ ਤੋਂ ਕਾਂਗਰਸ ਦੀ ਟਿਕਟ ’ਤੇ ਦਾਅਵਾ ਠੋਕਿਆ ਸੀ। ਪਾਰਟੀ ਨੇ 2012 ਦੀਆਂ ਚੋਣਾਂ ’ਚ ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ ਨੂੰ ਟਿਕਟ ਦੇ ਦਿੱਤੀ ਅਤੇ 2017 ’ਚ ਕੈਪਟਨ ਹਰਮਿੰਦਰ ਨੂੰ ਸੁਲਤਾਨਪੁਰ ਦੀ ਬਜਾਏ ਸ਼ਾਹਕੋਟ ਹਲਕੇ ਤੋਂ ਟਿਕਟ ਦੇਣੀ ਚਾਹੀ, ਪਰ ਐਨ ਮੌਕੇ ’ਤੇ ਲਾਡੀ ਸ਼ੇਰੋਵਾਲੀਆ ਟਿਕਟ ਹਾਸਲ ਕਰਨ ’ਚ ਕਾਮਯਾਬ ਰਹੇ। ਇਸ ਤੋਂ ਬਾਅਦ ਕੈਪਟਨ ਹਰਮਿੰਦਰ ਨੂੰ ਜ਼ਿਲ੍ਹਾ ਕਾਂਗਰਸ ਦਿਹਾਤੀ ਦਾ ਪ੍ਰਧਾਨ ਬਣਾਇਆ ਗਿਆ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਦੇ ਸੀਨੀਅਰ ਐਡਵਾਈਜ਼ਰ ਟੀ. ਐੱਸ. ਸ਼ੇਰਗਿੱਲ (ਲੈਫਟੀਨੈਂਟ ਜਨਰਲ ਰਿਟਾਇਰਡ) ਦੇ ਵੀ ਬਹੁਤ ਕਰੀਬੀ ਕੈ. ਹਰਮਿੰਦਰ ਦੇ ਪੁੱਤਰ ਕਰਨਵੀਰ ਸਿੰਘ ਵੀ ਸ਼ੇਰਗਿੱਲ ਦੇ ਬਤੌਰ ਓ. ਐੱਸ. ਡੀ. ਕਾਂਗਰਸ ਪਾਰਟੀ ਵਿਚ ਸੇਵਾਵਾਂ ਦੇ ਰਹੇ ਹਨ।

ਇਹ ਵੀ ਪੜ੍ਹੋ : ਪੰਜਾਬ ਕੈਬਨਿਟ ਦੀ ਮੀਟਿੰਗ ਅੱਜ, ਹੋਵੇਗੀ ਅਹਿਮ ਮੁੱਦਿਆਂ ’ਤੇ ਚਰਚਾ

ਸੁਲਤਾਨਪੁਰ ’ਚ ਕੰਬੋਜ ਬਰਾਦਰੀ ਦਾ ਖਾਸਾ ਆਧਾਰ ਹੈ ਅਤੇ ਕੰਬੋਜ ਬਰਾਦਰੀ ਨਾਲ ਸੰਬੰਧਤ ਕੈਪਟਨ ਹਰਮਿੰਦਰ ਸਿੰਘ ਦੀ ਬਰਾਦਰੀ ਤੋਂ ਇਲਾਵਾ ਹੋਰ ਵਰਗਾਂ ’ਤੇ ਵੀ ਖੂਬ ਪਕੜ ਹੈ। ਹੁਣ ਸ਼੍ਰੋਮਣੀ ਅਕਾਲੀ ਦਲ ਕਾਂਗਰਸ ਦਾ ਗੜ੍ਹ ਬਣ ਚੁੱਕੇ ਸੁਲਤਾਨਪੁਰ ਹਲਕੇ ’ਤੇ ਕੈ. ਹਰਮਿੰਦਰ ਦੇ ਸਹਾਰੇ ਆਪਣਾ ਦਬਦਬਾ ਬਣਾਉਣ ਦਾ ਦਾਅ ਖੇਡੇਗਾ।

ਵਿਧਾਇਕ ਨਵਤੇਜ ਚੀਮਾ ਨੇ 2012 ’ਚ ਜਿੱਤ ਹਾਸਲ ਕਰ ਕੇ ਅਕਾਲੀ ਦਲ ਦੇ ਗੜ੍ਹ ’ਤੇ ਕੀਤਾ ਸੀ ਕਬਜ਼ਾ
ਇਕ ਸਮੇਂ ਸ਼੍ਰੋਮਣੀ ਅਕਾਲੀ ਦਲ ਦਾ ਗੜ੍ਹ ਮੰਨੇ ਜਾਂਦੇ ਸੁਲਤਾਨਪੁਰ ਲੋਧੀ ਵਿਧਾਨ ਸਭਾ ਹਲਕੇ ਤੋਂ ਸੀਨੀਅਰ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਬੀਬੀ ਉਪਿੰਦਰਜੀਤ ਕੌਰ 1997 ਦੀਆਂ ਵਿਧਾਨ ਸਭਾ ਚੋਣਾਂ ਤੋਂ ਆਪਣਾ ਝੰਡਾ ਲਹਿਰਾਉਂਦੀ ਆਏ ਹਨ ਅਤੇ ਉਹ ਸਾਲ 2017 ਤਕ ਹਰੇਕ ਚੋਣ ’ਚ ਉਮੀਦਵਾਰ ਰਹੇ। ਪਿਛਲੀਆਂ 5 ਵਿਧਾਨ ਸਭਾ ਚੋਣਾਂ ’ਚ ਉਨ੍ਹਾਂ ਨੂੰ 3 ਵਾਰ ਜਿੱਤ ਅਤੇ 2 ਵਾਰ ਹਾਰ ਦਾ ਸਾਹਮਣਾ ਕਰਨਾ ਪਿਆ। ਉਥੇ ਹੀ, 2007 ਦੀਆਂ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਦੇ ਉਮੀਦਵਾਰ ਅਤੇ ਮੌਜੂਦਾ ਵਿਧਾਇਕ ਨਵਤੇਜ ਸਿੰਘ ਚੀਮਾ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਪਰ 2012 ਅਤੇ 2017 ’ਚ ਪਾਰਟੀ ਨੇ ਨਵਤੇਜ ਚੀਮਾ ’ਤੇ ਹੀ ਭਰੋਸਾ ਜਤਾਉਂਦੇ ਹੋਏ ਉਨ੍ਹਾਂ ਨੂੰ ਟਿਕਟ ਦਿੱਤੀ ਅਤੇ ਉਨ੍ਹਾਂ ਜਿੱਤ ਹਾਸਲ ਕਰ ਕੇ ਸਾਲਾਂ ਬਾਅਦ ਹਲਕੇ ’ਚ ਕਾਂਗਰਸ ਦਾ ਝੰਡਾ ਲਹਿਰਾਇਆ ਪਰ ਹੁਣ ਕਾਂਗਰਸ ਆਗੂ ਕੈਪਟਨ ਹਰਮਿੰਦਰ ਜ਼ਰੀਏ ਕਾਂਗਰਸ ’ਚ ਸੰਨ੍ਹ ਲਾ ਕੇ ਅਕਾਲੀ ਦਲ ਆਪਣੇ ਪੁਰਾਣੇ ਕਿਲੇ ’ਤੇ ਕਬਜ਼ਾ ਕਰਨ ’ਚ ਕੋਈ ਕਸਰ ਬਾਕੀ ਨਹੀਂ ਛੱਡੇਗਾ।

ਇਹ ਵੀ ਪੜ੍ਹੋ : ਪਰਗਟ ਸਿੰਘ ਦੇ ਵੱਡੇ ਇਲਜ਼ਾਮ, ਕਿਹਾ-ਕੈਪਟਨ ਦੇ ਕਹਿਣ 'ਤੇ ਕੇਂਦਰ ਨੇ ਲਾਈ ਝੋਨੇ ਦੀ ਖ਼ਰੀਦ 'ਤੇ ਰੋਕ (ਵੀਡੀਓ)

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News