ਲੁਧਿਆਣਾ : ਰੋਜ਼ਾਨਾ ਭੰਗ ਦੇ ਭਾਅ ਜਾ ਰਿਹੈ ਸੈਂਕੜੇ ਲੀਟਰ ਦੁੱਧ, ਲੋੜਵੰਦ ਖੜਕ ਰਹੇ ਖਾਲੀ ਡੋਲੂ

03/27/2020 3:16:50 PM

ਲੁਧਿਆਣਾ (ਸਰਬਜੀਤ) : ਪੰਜਾਬ 'ਚ ਕੋਰੋਨਾ ਵਾਇਰਸ ਕਰਕੇ ਲੱਗੇ ਕਰਫਿਊ ਨੇ ਜਿੱਥੇ ਭੋਜਨ ਅਤੇ ਹੋਰ ਵਸਤਾਂ ਨੂੰ ਪ੍ਰਭਾਵਿਤ ਕੀਤਾ ਹੈ, ਉੱਥੇ ਹੀ ਦੁੱਧ ਉਤਪਾਦਕਾਂ, ਡੇਅਰੀ ਮਾਲਕਾਂ, ਦੋਧੀਆਂ ਤੇ ਖਪਤਕਾਰਾਂ ਲਈ ਵੀ ਬੜੀ ਵੱਡੀ ਸਮੱਸਿਆ ਖੜ੍ਹੀ ਕਰ  ਦਿੱਤੀ ਹੈ। ਕਰਫਿਊ ਦੌਰਾਨ ਪਿਛਲੇ ਤਿੰਨ ਦਿਨਾਂ ਤੋਂ ਡੇਅਰੀ ਮਾਲਕਾਂ ਵੱਲੋਂ ਇਕੱਠਾ ਕੀਤਾ ਸੈਂਕੜੇ ਲੀਟਰ ਦੁੱਧ ਭੰਗ ਦੇ ਭਾਅ ਚਲਿਆ ਜਾਂਦਾ ਹੈ ਅਤੇ ਦੂਜੇ ਪਾਸੇ ਲੋੜਵੰਦ ਲੋਕ ਖਾਲੀ ਡੋਲੂ ਖੜਕਾ ਰਹੇ ਹਨ।

ਇਸ ਬਾਰੇ ਮੌੜ ਮੰਡੀ ਦੇ ਨੇੜੇ ਡੇਅਰੀ ਮਾਲਕ ਜਸਬੀਰ ਸਿੰਘ ਨੇ ਕਿਹਾ ਕਿ ਆਪਣੇ ਪਿੰਡ ਦੇ ਲੋਕਾਂ ਦਾ ਹੀ 250 ਤੋਂ 300 ਲੀਟਰ ਦੁੱਧ ਰੋਜ਼ਾਨਾ ਇਕੱਠਾ ਹੋ ਜਾਂਦਾ ਹੈ, ਜਿਸ 'ਚੋਂ 25 -30 ਲੀਟਰ ਪਿੰਡ 'ਚ ਅਤੇ ਬਾਕੀ ਪ੍ਰਾਈਵੇਟ ਡੇਅਰੀ ਵਾਲੇ ਨੂੰ ਵੇਚਿਆ ਜਾਂ ਹੈ ਪਰ ਹੁਣ ਪ੍ਰਾਈਵੇਟ ਡੇਅਰੀ ਨੇ ਦੁੱਧ ਖਰੀਦਣਾ ਬੰਦ ਕਰ ਦਿੱਤਾ ਹੈ। ਇਸੇ ਤਰ੍ਹਾਂ ਸੰਗਰੂਰ ਜ਼ਿਲ੍ਹੇ 'ਚ ਸਲੇਮਪੁਰ ਪਿੰਡ ਦੇ ਦੁੱਧ ਉਤਪਾਦਕ ਕਿਸਾਨ ਪ੍ਰਦੀਪ ਸਿੰਘ ਨੇ ਕਿਹਾ ਕਿ ਉਸ ਕੋਲ ਅੱਠ ਮੱਝਾਂ ਹਨ ਅਤੇ ਰੋਜ਼ਾਨਾ 75 ਲੀਟਰ ਦੁੱਧ ਉਹ ਪਿੰਡ ਦੀ ਡੇਅਰੀ 'ਚ ਪਾਉਂਦਾ ਹੈ ਪਰ ਹੁਣ ਉਹ ਡੇਅਰੀ ਬੰਦ ਹੋ ਗਈ ਹੈ, ਜਿਸ ਕਰਕੇ ਉਸ ਦਾ ਸਾਰਾ ਦੁੱਧ ਖਰਾਬ ਹੋ ਰਿਹਾ ਹੈ। ਇਸੇ ਪਿੰਡ ਦੇ ਡੇਅਰੀ ਮਾਲਕ ਬਲਰਾਜ ਅਰੋੜਾ ਨੇ ਕਿਹਾ ਕਿ ਉਨ੍ਹਾਂ ਦੀ ਵੱਡੀ ਡੇਅਰੀ ਅਮਰਗੜ੍ਹ ਵਿੱਖੇ ਹੈ ਅਤੇ ਸਲੇਮਪੁਰ ਸਣੇ ਉਹ ਕਈ ਪਿੰਡਾਂ ਤੋਂ ਦੁੱਧ ਇਕੱਠਾ ਕਰਦਾ ਹੈ। ਸਾਰੇ ਪਿੰਡਾਂ ਦਾ ਦੁੱਧ ਮਿਲਾ ਕੇ 3000 ਲੀਟਰ ਹੋ ਜਾਂਦਾ ਹੈ। ਇਹ ਸਾਰਾ ਦੁੱਧ ਨਾਭੇ ਡੇਅਰੀ ਪਾ ਕੇ ਆਉਂਦੇ ਹੈ।

ਨਾਭਾ ਡੇਅਰੀ ਦੇ ਮਾਲਕ ਸ਼ਿਵ ਕੁਮਾਰ ਨੇ ਕਿਹਾ ਕਿ ਸਾਡੇ ਕੋਲ ਰੋਜ਼ਾਨਾ 10,000 ਲੀਟਰ ਦੁੱਧ ਇਕੱਠਾ ਹੁੰਦਾ ਹੈ ਅਤੇ ਇਹ ਅਸੀਂ ਅਨੇਜਾ ਫੂਡਸ ਸੰਗਰੂਰ ਨੂੰ ਵੇਚ ਕੇ ਆਉਂਦੇ ਹਾਂ। ਅਨੇਜਾ ਫੂਡਸ ਦੇ ਜਰਨਲ ਮਨੇਜਰ ਆਰ ਐੱਨ ਵਰਮਾ ਨੇ ਕਿਹਾ ਕਿ 22 ਮਾਰਚ ਤੋਂ ਬਾਅਦ ਕਰਫਿਊ ਦੇ ਚੱਲਦਿਆਂ ਪੁਲਸ ਪ੍ਰਸ਼ਾਸ਼ਨ ਨੇ ਪਲਾਂਟ ਬੰਦ ਕਰਵਾ ਦਿੱਤਾ ਸੀ।  ਕੁੱਲ ਮਿਲਾ ਕੇ ਜਿੱਥੇ ਦੁੱਧ ਪਹੁੰਚਣਾ ਸੀ ਉਹ ਪਲਾਂਟ ਹੀ ਬੰਦ ਹੋ ਗਿਆ ਅਤੇ ਜਿਵੇਂ ਕਾਸ਼ਤਕਾਰ ਪ੍ਰਦੀਪ ਸਿੰਘ ਨੇ ਦਸਿਆ ਕਿ ਦੁੱਧ 20 ਰੁਪਏ ਲੀਟਰ ਵੀ ਨਹੀਂ ਵਿਕਦਾ ਅਤੇ ਖਰਾਬ ਹੋ ਰਿਹਾ ਹੈ। 
ਇਸ ਬਾਰੇ ਸੁਧਾਰ ਪਿੰਡ ਦੇ ਦੋਧੀ ਕਰਮਜੀਤ ਸਿੰਘ ਨੇ ਕਿਹਾ ਕਿ ਪਿਛਲੇ ਦੋ ਦਿਨ ਕਰਫਿਊ ਦੇ ਡਰ ਤੋਂ ਉਹ ਦੁੱਧ ਵੰਡਣ ਨਹੀਂ ਗਿਆ। ਲੁਧਿਆਣੇ ਦੇ ਪੱਕੇ ਗਾਹਕਾਂ ਦੇ ਦੁੱਧ ਦੀ ਮੰਗ ਬਾਬਤ ਫੋਨ ਆਏ ਤਾਂ ਅੱਜ ਸਵੇਰੇ 4 ਵਜੇ ਘਰੋਂ ਦੁੱਧ ਪਾਉਣ ਲਈ ਉਹ ਨਿਕਲਿਆ। ਜਦ ਕਰਫਿਊ ਪਾਸ ਬਾਰੇ ਕਰਮਜੀਤ ਸਿੰਘ ਤੋਂ ਪੁੱਛਿਆ ਤਾਂ ਉਸ ਨੇ ਕਿਹਾ ਕਿ ਦੋ ਦਿਨ ਤੋਂ ਉਸ ਨੂੰ ਪਾਸ ਨਹੀਂ ਮਿਲਿਆ।  
ਇਸ ਬਾਰੇ ਜਦੋਂ ਡਿਪਟੀ ਡਾਇਰੈਕਟਰ ਡੇਅਰੀ ਡਾ. ਦਿਲਬਾਗ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜਿੱਥੋਂ ਤੱਕ ਪਲਾਂਟ ਵਾਲਿਆਂ ਨੂੰ ਦੁੱਧ ਵੇਚਣ ਵਾਲੇ ਉਤਪਾਦਕਾਂ ਦੀ ਗੱਲ ਹੈ, ਉਹ ਵੇਰਕਾ ਨਾਲ ਸੰਪਰਕ ਕਰਕੇ ਆਪਣਾ ਦੁੱਧ ਵੇਚ ਸਕਦੇ ਹਨ। ਤਕਰੀਬਨ ਹਰੇਕ ਪਿੰਡ ਵੇਰਕਾ ਦੀ ਸੋਸਾਇਟੀ ਬਣੀ ਹੋਈ ਹੈ। ਬਾਕੀ ਸਾਡੇ ਸੰਪਰਕ ਨੰਬਰ ਹਮੇਸ਼ਾਂ ਚੱਲ ਰਹੇ ਹਨ। ਕੋਈ ਵੀ ਸਾਨੂੰ ਫੋਨ ਕਰਕੇ ਜਾਣਕਾਰੀ ਲੈ ਸਕਦਾ ਹੈ। ਉਨ੍ਹਾਂ ਕਿਹਾ ਕਿ ਦੋਧੀਆਂ ਦੀ ਗੱਲ ਕਰੀਏ ਤਾਂ ਦੋਧੀ ਆਪਣਾ ਪਾਸ ਐਨੀਮਲ ਹਾਸਬੈਂਡਰੀ ਵਿਭਾਗ ਪੰਜਾਬ ਤੋਂ ਬਣਾ ਸਕਦੇ ਹਨ। 


Babita

Content Editor

Related News