ਵਿਆਹ ਦੇ 5 ਸਾਲ ਤੱਕ ਵੀ ਨਹੀਂ ਹੋਇਆ ਬੱਚਾ ਤਾਂ ਫੌਜੀ ਨੇ ਨਹਿਰ 'ਚ ਸੁੱਟੀ ਪਤਨੀ

Friday, Jun 21, 2019 - 12:18 PM (IST)

ਵਿਆਹ ਦੇ 5 ਸਾਲ ਤੱਕ ਵੀ ਨਹੀਂ ਹੋਇਆ ਬੱਚਾ ਤਾਂ ਫੌਜੀ ਨੇ ਨਹਿਰ 'ਚ ਸੁੱਟੀ ਪਤਨੀ

ਪਟਿਆਲਾ (ਬਲਜਿੰਦਰ)—ਬੀਤੀ ਰਾਤ ਸਕੂਟਰੀ 'ਤੇ ਆਪਣੀ ਪਤਨੀ ਸਮੇਤ ਭਾਖੜਾ ਨਹਿਰ ਕੋਲੋਂ ਲੰਘ ਰਿਹਾ ਫੌਜੀ ਆਪਣੀ ਪਤਨੀ ਅਤੇ ਸਕੂਟਰੀ ਸਮੇਤ ਭਾਖੜਾ ਨਹਿਰ ਵਿਚ ਡਿੱਗ ਪਿਆ। ਇਸ ਦੌਰਾਨ ਫੌਜੀ ਹਰਬਜੀਤ ਸਿੰਘ ਦੀ ਪਤਨੀ ਸੁਰਜੀਤ ਕੌਰ ਰੁੜ੍ਹ ਗਈ। ਫੌਜੀ ਮੁਤਾਬਕ ਉਸ ਨੂੰ 2 ਵਿਅਕਤੀਆਂ ਨੇ ਪਰਨਾ ਪਾ ਕੇ ਕੱਢ ਲਿਆ। ਸੁਰਜੀਤ ਕੌਰ ਦੀ ਲਾਸ਼ ਅਜੇ ਬਰਾਮਦ ਨਹੀਂ ਹੋਈ।

PunjabKesari

ਦੂਜੇ ਪਾਸੇ ਲੜਕੀ ਦੇ ਪਰਿਵਾਰ ਵਾਲਿਆਂ ਨੇ ਇਸ ਨੂੰ ਕਤਲ ਦੱਸਿਆ। ਲੜਕੀ ਦੇ ਪਿਤਾ ਚਰਨਜੀਤ ਲਾਲ ਅਤੇ ਭਰਾ ਹਰਦੀਪ ਸਿੰਘ ਨੇ ਦੱਸਿਆ ਕਿ ਸੁਰਜੀਤ ਕੌਰ ਦਾ ਵਿਆਹ ਹਰਬਜੀਤ ਸਿੰਘ ਵਾਸੀ ਪਿੰਡ ਜੌਲਾ ਡੇਰਾਬਸੀ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਲਗਾਤਾਰ ਹਰਬਜੀਤ ਸਿੰਘ ਉਸ ਨੂੰ ਪਰੇਸ਼ਾਨ ਕਰ ਰਿਹਾ। ਦਾਜ ਦੀ ਮੰਗ ਕਰਦਾ। ਜਦੋਂ ਸੁਰਜੀਤ ਕੌਰ ਦੇ ਬੱਚਾ ਹੋਣ 'ਚ ਦੇਰੀ ਹੋ ਗਈ ਤਾਂ ਹਰਬਜੀਤ ਨੇ ਉਸ ਨੂੰ ਕੁੱਟਣਾ-ਮਾਰਨਾ ਸ਼ੁਰੂ ਕਰ ਦਿੱਤਾ। ਉਹ ਇਸ ਸਮੇਂ ਸ਼੍ਰੀਨਗਰ ਵਿਚ ਪੋਸਟਡ ਹੈ। 10 ਦਿਨ ਪਹਿਲਾਂ ਛੁੱਟੀ 'ਤੇ ਆਇਆ ਸੀ।
ਬੀਤੀ ਰਾਤ ਉਹ ਗੱਡੀ ਲੈ ਕੇ ਰਣਬੀਰਪੁਰਾ ਕੌਰਜੀਵਾਲਾ ਆਇਆ ਸੀ। ਉਸ ਨੇ ਗਿਣੀਮਿਥੀ ਸਾਜ਼ਸ਼ ਤਹਿਤ ਪਹਿਲਾਂ ਆਪਣੀ ਕਾਰ ਦੀ ਹਵਾ ਕੱਢ ਦਿੱਤੀ। ਪਟਿਆਲਾ ਆਉਣ ਦਾ ਬਹਾਨਾ ਬਣਾ ਕੇ ਸਕੂਟਰੀ ਲੈ ਲਈ। ਸੁਰਜੀਤ ਕੌਰ ਨੂੰ ਸਕੂਟਰੀ 'ਤੇ ਬਿਠਾ ਕੇ ਭਾਖੜਾ ਨਹਿਰ ਵਿਚ ਸੁੱਟ ਦਿੱਤਾ। ਉਸ ਨੂੰ ਪਤਾ ਸੀ ਕਾਰ 'ਚੋਂ ਉਸ ਲਈ ਨਿਕਲਣਾ ਮੁਸ਼ਕਲ ਹੋ ਜਾਵੇਗਾ। ਇਸ ਲਈ ਕਾਰ ਦੀ ਹਵਾ ਕੱਢ ਕੇ ਸਕੂਟਰੀ ਦਾ ਪ੍ਰਯੋਗ ਕੀਤਾ ਗਿਆ। ਫੌਜੀ ਹੋਣ ਕਾਰਨ ਉਸ ਨੂੰ ਤੈਰਨਾ ਆਉਂਦਾ ਸੀ। ਉਹ ਖੁਦ ਤੈਰ ਕੇ ਬਾਹਰ ਨਿਕਲ ਆਇਆ।
ਲੜਕੀ ਦੇ ਪਰਿਵਾਰ ਵਾਲਿਆਂ ਮੁਤਾਬਕ ਹਰਬਜੀਤ ਔਲਾਦ ਲਈ ਦੁਜਾ ਵਿਆਹ ਕਰਵਾਉਣਾ ਚਾਹੁੰਦਾ ਹੈ। ਪਰਿਵਾਰ ਵਾਲਿਆਂ ਨੇ ਪੁਲਸ 'ਤੇ ਕੋਈ ਕਾਰਵਾਈ ਨਾ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਉਸ ਨੂੰ ਵੀ. ਆਈ. ਪੀ. ਟ੍ਰੀਟਮੈਂਟ ਦਿੱਤਾ ਜਾ ਰਿਹਾ ਹੈ। ਲੜਕੀ ਦੇ ਪਰਿਵਾਰ ਵਾਲਿਆਂ ਅਤੇ ਪਿੰਡ ਵਾਲਿਆਂ ਨੇ ਐਲਾਨ ਕੀਤਾ ਕਿ ਜੇਕਰ ਫੌਜੀ ਖਿਲਾਫ ਕਤਲ ਦਾ ਕੇਸ ਦਰਜ ਨਾ ਕੀਤਾ ਗਿਆ ਤਾਂ ਉਹ ਸੜਕਾਂ 'ਤੇ ਉੱਤਰਨ ਲਈ ਮਜਬੂਰ ਹੋਣਗੇ।

ਫੌਜੀ ਨੂੰ ਹਿਰਾਸਤ 'ਚ ਲਿਆ
ਇਸ ਸਬੰਧੀ ਐੈੱਸ. ਐੈੱਚ. ਓ. ਹਰਬਿੰਦਰ ਸਿੰਘ ਦਾ ਕਹਿਣਾ ਹੈ ਕਿ ਦੋਵੇਂ ਧਿਰਾਂ ਦੀ ਗੱਲ ਸੁਣ ਕੇ ਫੌਜੀ ਹਰਬਜੀਤ ਸਿੰਘ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ। ਲੜਕੀ ਦੀ ਲਾਸ਼ ਬਰਾਮਦ ਹੋਣ ਅਤੇ ਜਾਂਚ ਤੋਂ ਬਾਅਦ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਜਦੋਂ ਐੈੱਸ. ਐੈੱਚ. ਓ. ਤੋਂ ਫੌਜੀ ਵੱਲੋਂ ਦਿੱਤੇ ਬਿਆਨਾਂ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਦੱਸਿਆ ਕਿ ਹਰਬਜੀਤ ਸਿੰਘ ਮੁਤਾਬਕ ਉਸ ਦੀਆਂ ਅੱਖਾਂ ਵਿਚ ਟਰੱਕ ਦੀ ਲਾਈਟ ਪੈਣ ਕਾਰਨ ਸਕੂਟਰੀ ਭਾਖੜਾ ਨਹਿਰ 'ਚ ਡਿੱਗੀ ਸੀ। ਹੁਣ ਜਾਂਚ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ।


author

Shyna

Content Editor

Related News