ਅਣਪਛਾਤੇ ਕਾਰ ਸਵਾਰ ਨੇ ਫੌਜੀ ''ਤੇ ਚਲਾਈਆਂ ਗੋਲੀਆਂ (ਵੀਡੀਓ)

Monday, Dec 24, 2018 - 09:18 AM (IST)

ਬਟਾਲਾ (ਬੇਰੀ) : ਅਣਪਛਾਤੇ ਕਾਰ ਸਵਾਰ ਨੇ ਲੁੱਟਣ ਦੀ ਨੀਅਤ ਨਾਲ ਛੁੱਟੀ ਕੱਟ ਕੇ ਵਾਪਸ ਡਿਊਟੀ 'ਤੇ ਜਾ ਰਹੇ ਫੌਜੀ ਜਵਾਨ ਨੂੰ ਗੋਲੀਆਂ ਚਲਾ ਕੇ ਜ਼ਖਮੀ ਕਰ ਦਿੱਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਵਲ ਲਾਈਨ ਦੇ ਐੱਸ. ਆਈ. ਸ਼ਿਵ ਕੁਮਾਰ ਨੇ ਦੱਸਿਆ ਕਿ ਫੌਜੀ ਜਵਾਨ ਵਰਿੰਦਰ ਸਿੰਘ ਪੁੱਤਰ ਸਰੂਪ ਸਿੰਘ ਵਾਸੀ ਹੁਸ਼ਿਆਰਪੁਰ ਜੋ ਕਿ ਅੰਮ੍ਰਿਤਸਰ ਸਥਿਤ ਖਾਸਾ ਕੈਂਟ ਵਿਚ ਤਾਇਨਾਤ ਹੈ, ਆਪਣੀ ਪਤਨੀ ਤੇ ਦੋ ਬੱਚਿਆਂ ਨਾਲ ਆਪਣੀ ਵੈੱਗਨਾਰ ਕਾਰ 'ਚ ਸਵਾਰ ਹੋ ਕੇ ਵਾਪਸ ਡਿਊਟੀ 'ਤੇ ਜਾ ਰਿਹਾ ਸੀ। ਜਦੋਂ ਬਾਈਪਾਸ 'ਤੇ ਪਹੁੰਚਿਆ ਤਾਂ ਇਥੇ ਇਕ ਹੋਟਲ 'ਤੇ ਆਪਣੇ ਪਰਿਵਾਰ ਨੂੰ ਰੋਟੀ ਖੁਆਉਣ ਲਈ ਰੁਕ ਗਿਆ ਅਤੇ ਇਸੇ ਦੌਰਾਨ ਇਕ ਚਿੱਟੇ ਰੰਗ ਦੀ ਸਵਿਫਟ ਕਾਰ ਨੰ. ਪੀ.-10-8258 'ਤੇ ਸਵਾਰ ਹੋ ਕੇ ਆਏ ਅਣਪਛਾਤੇ ਨੌਜਵਾਨ ਨੇ ਵਰਿੰਦਰ ਸਿੰਘ ਕੋਲੋਂ ਪੈਸਿਆਂ ਦੀ ਡਿਮਾਂਡ ਕਰਨੀ ਸ਼ੁਰੂ ਕਰ ਦਿੱਤੀ ਅਤੇ ਜਦੋਂ ਉਸ ਨੇ ਪੈਸੇ ਦੇਣ ਤੋਂ ਮਨ੍ਹਾ ਕੀਤਾ ਤਾਂ ਕਾਰ ਸਵਾਰ ਹੱਥੋਪਾਈ 'ਤੇ ਉੱਤਰ ਆਇਆ।

ਐੱਸ. ਆਈ. ਸ਼ਿਵ ਕੁਮਾਰ ਨੇ ਅੱਗੇ ਦੱਸਿਆ ਕਿ ਗੁਰਿੰਦਰ ਸਿੰਘ ਨੇ ਪੁਲਸ ਨੂੰ ਇਹ ਵੀ ਜਾਣਕਾਰੀ ਦਿੱਤੀ ਕਿ ਕਾਰ ਸਵਾਰ ਨੌਜਵਾਨ ਨੇ ਆਪਣੇ ਪਿਸਤੌਲ ਨਾਲ ਉਸ 'ਤੇ ਦੋ ਗੋਲੀਆਂ ਚਲਾਈਆਂ, ਇਕ ਗੋਲੀ ਉਸ ਦੇ ਪੈਰ 'ਤੇ ਵੱਜੀ ਜਦ ਕਿ ਦੂਜੀ ਸੜਕ 'ਤੇ। ਇਸ 'ਤੇ ਤੁਰੰਤ ਨੌਜਵਾਨ ਮੌਕੇ 'ਤੇ ਕਾਰ ਵਿਚ ਬੈਠ ਕੇ ਭੱਜ ਗਿਆ। ਪੁਲਸ ਨੇ ਵਰਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਅਣਪਛਾਤੇ ਨੌਜਵਾਨ ਵਿਰੁੱਧ ਥਾਣਾ ਸਿਵਲ ਲਾਈਨ ਵਿਖੇ ਬਣਦੀਆਂ ਧਾਰਾਵਾਂ ਹੇਠ ਕੇਸ ਦਰਜ ਕਰ ਦਿੱਤਾ ਹੈ।


author

Baljeet Kaur

Content Editor

Related News