ਫੌਜੀ ਸਨਮਾਨਾਂ ਨਾਲ ਸ਼ਹੀਦ ਮਨਦੀਪ ਸਿੰਘ ਦਾ ਅੰਤਿਮ ਸੰਸਕਾਰ
Wednesday, Jan 31, 2018 - 07:32 PM (IST)
            
            ਖਾਲੜਾ, ਭਿੱਖੀਵਿੰਡ (ਭਾਟੀਆ, ਬਖਤਾਵਰ, ਲਾਲੂ ਘੁੰਮਣ, ਰਜੀਵ) : ਭਾਰਤੀ ਫੋਜ ਦੇ ਜਵਾਨ ਸ਼ਹੀਦ ਮਨਦੀਪ ਸਿੰਘ ਦੀ ਮ੍ਰਿਤਕ ਦੇਹ ਉਨ੍ਹਾਂ ਦੇ ਜੱਦੀ ਪਿੰਡ ਕਲਸੀਆਂ ਕਲਾ ਤਹਿਸੀਲ ਪੱਟੀ ਜ਼ਿਲਾ ਤਰਨਤਾਰਨ ਵਿਖੇ ਪੁੱਜਣ 'ਤੇ ਪੂਰੇ ਸਰਕਾਰੀ ਸਨਮਾਨਾ ਨਾਲ ਉਨ੍ਹਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਸ਼ਹੀਦ ਮਨਦੀਪ ਸਿੰਘ ਜੋ ਕਿ ਪਿਛਲੇ 8 ਜਨਵਰੀ ਨੂੰ ਜੰਮੂ ਕਸ਼ਮੀਰ ਦੇ ਅਖਨੂਰ ਸੈਕਟਰ ਵਿਚ ਅੱਤਵਾਦੀਆਂ ਵਿਰੁਧ ਛੇੜੀ ਮੁਹਿੰਮ ਦੋਰਾਨ ਟਰੇਨਿੰਗ ਲੈਦਿਆਂ 17 ਜਵਾਨਾਂ ਦੀ ਟੁਕੜੀ ਵਿਚੋਂ ਨਦੀ ਵਿਚ ਡੁੱਬ ਗਿਆ ਸੀ। 30 ਜਨਵਰੀ ਨੂੰ ਸ਼ਹੀਦ ਮਨਦੀਪ ਦੀ ਮ੍ਰਿਤਕ ਦੇਹ ਚਿਨਾਵ ਨਦੀ 'ਚੋਂ ਮਿਲੀ ਸੀ। ਬੁੱਧਵਾਰ ਨੂੰ ਸ਼ਹੀਦ ਦੀ ਮ੍ਰਿਤਕ ਦੇਹ ਭਾਰਤੀ ਫੌਜ ਦੀ ਟੁੱਕੜੀ ਤਰੰਗੇ ਵਿਚ ਲੈ ਕੇ ਜਿਉਂ ਹੀ ਪਿੰਡ ਕਲਸੀਆਂ ਖੁਰਦ ਵਿਖੇ ਪੁੱਜੀ ਤਾਂ ਪੂਰੇ ਪਿੰਡ 'ਚ ਸੋਗ ਦੀ ਲਹਿਰ ਦੌੜ ਗਈ।
ਸ਼ਹੀਦ ਦੀ ਮ੍ਰਿਤਕ ਦੇਹ ਨੂੰ ਉਸਦੇ ਘਰ ਅੰਤਿਮ ਦਰਸ਼ਨਾ ਲਈ ਰੱਖਿਆ ਗਿਆ। ਜਿਸ ਉਪਰੰਤ ਸ਼ਹੀਦ ਮਨਦੀਪ ਸਿੰਘ ਦੀ ਦੇਹ ਨੂੰ ਪਿੰਡ ਦੇ ਸ਼ਮਸ਼ਾਨ ਘਾਟ ਵਿਖੇ ਲਿਜਾਇਆ ਗਿਆ। ਸ਼ਮਸ਼ਾਨ ਘਾਟ ਵਿਖੇ ਪੁੱਜ ਕਿ ਸ਼ਹੀਦ ਨੂੰ ਸ਼ਰਧਾਜਲੀਆ ਭੇਂਟ ਕੀਤੀਆ ਗਈਆ। ਸ਼ਹੀਦ ਦੀ ਭੈਣ ਅਨੀਤਾ ਕੌਰ ਵੱਲੋਂ ਭਰਾ ਨੂੰ ਸਿਹਰਾ ਸਜਾ ਕੇ ਸ਼ਰਧਾਂਜਲੀ ਦਿੱਤੀ ਗਈ। ਸ਼ਹੀਦ ਦੀ ਚਿਖਾ ਨੂੰ ਮੁੱਖ ਅਗਨੀ ਸ਼ਹੀਦ ਮਨਦੀਪ ਸਿੰਘ ਦੇ ਭਰਾ ਸ਼ਮਸੇਰ ਵੱਲੋਂ ਵਿਖਾਈ ਗਈ। ਸ਼ਹੀਦ ਮਨਦੀਪ ਸਿੰਘ ਪਿਛਲੇ ਛੇ ਸਾਲਾ ਤੋਂ ਭਾਰਤੀ ਫੌਜ ਵਿਚ ਦੀ ਇੰਨਜੀਨਅਰਿੰਗ ਕੋਰ ਵਿਚ ਨੌਕਰੀ ਕਰ ਰਿਹਾ ਸੀ। ਮਨਦੀਪ ਸਿੰਘ ਅਜੇ ਕੁਵਾਰਾ ਸੀ।
ਸ਼ਹੀਦ ਦੇ  ਪਿਤਾ ਸੱਤਪਾਲ ਸਿੰਘ ਵੀ ਆਰਮੀ 'ਚੋਂ ਰਿਟਾਇਡ ਸਨ ਜਿੰਨਾਂ ਦੀ ਤਿੰਨ ਸਾਲ ਪਹਿਲਾਂ ਮੌਤ ਹੋ ਗਈ ਸੀ। ਸ਼ਹੀਦ ਦੇ ਅੰਤਿਮ ਸੰਸਕਾਰ ਮੌਕੇ ਸਾਬਕਾ ਹਲਕਾ ਵਿਧਾਇਕ ਅਤੇ ਸ਼੍ਰੋਮਣੀ ਅਕਾਲੀ ਦਲ ਜ਼ਿਲਾ ਪ੍ਰਧਾਨ ਪ੍ਰੋ. ਵਿਰਸਾ ਸਿੰਘ ਵਲਟੋਹਾ ਨੇ ਤੋਂ ਇਲਾਵਾ ਵੱਡੀ ਗਿਣਤੀ ਵਿਚ ਲੋਕ ਪਹੁੰਚੇ ਹੋਏ ਸਨ। ਪ੍ਰੋ. ਵਲਟੋਹਾ ਨੇ ਪੰਜਾਬ ਸਰਕਾਰ ਪਾਸੋਂ ਸ਼ਹੀਦ ਦੇ ਪਰਿਵਾਰ ਨੂੰ ਸਰਕਾਰੀ ਨੌਕਰੀ ਅਤੇ ਬਣਦੀ ਸਹਾਇਤਾ ਕਰਨ ਦੀ ਮੰਗ ਵੀ ਕੀਤੀ ਹੈ।
