ਸਾਬਕਾ ਫੌਜੀ ਦੇ ਕਤਲ ਸਬੰਧੀ ਪੁਲਸ ਕਰ ਸਕਦੀ ਹੈ ਅਹਿਮ ਖੁਲਾਸਾ!

01/20/2020 4:05:46 PM

ਨਵਾਂਸ਼ਹਿਰ (ਤ੍ਰਿਪਾਠੀ) : ਥਾਣਾ ਸਿਟੀ ਬੰਗਾ ਅਧੀਨ ਪੈਂਦੇ ਪਿੰਡ ਖਟਕੜ ਕਲਾਂ ਵਿਖੇ ਸ਼ੁੱਕਰਵਾਰ ਸਵੇਰੇ ਘਰ ਦੇ ਮਾਲਕ ਸਾਬਕਾ ਫੌਜੀ ਦੀ ਖੂਨ ਨਾਲ ਲਥਪਥ ਮਿਲੀ ਲਾਸ਼ ਸਬੰਧੀ ਪੁਲਸ ਗੰਭੀਰਤਾ ਨਾਲ ਸਾਬਕਾ ਫੌਜੀ ਦੀ ਮੌਤ ਦੀ ਗੁੱਥੀ ਨੂੰ ਸੁਲਝਾਉਣ 'ਚ ਲੱਗੀ ਹੋਈ ਹੈ। ਹਾਲਾਂਕਿ ਪੁਲਸ ਨੇ ਇਸ ਮਾਮਲੇ 'ਚ ਧਾਰਾ 174 ਦੇ ਅਧੀਨ ਕਾਰਵਾਈ ਨੂੰ ਅਮਲ 'ਚ ਲਿਆਂਦਾ ਸੀ ਪਰ ਘਰ 'ਚ ਖੂਨ ਨਾਲ ਲਥਪਥ ਹਾਲਾਤ 'ਚ ਮਿਲੀ ਲਾਸ਼ ਅਤੇ ਸੱਟ ਦੇ ਨਿਸ਼ਾਨ ਸਾਫ ਤੌਰ 'ਤੇ ਹੱਤਿਆ ਦੀ ਸ਼ੰਕਾ ਪੈਦਾ ਕਰ ਰਹੇ ਸਨ। ਇੱਥੇ ਜ਼ਿਕਰਯੋਗ ਹੈ ਕਿ ਖਟਕੜ ਕਲਾਂ ਵਾਸੀ ਬਲਵੀਰ ਸਿੰਘ ਸੰਧੂ (60) ਇਕ ਮਹੀਨਾ ਪਹਿਲਾਂ ਹੀ ਵਿਦੇਸ਼ (ਲਿਬਨਾਨ) ਤੋਂ ਆਇਆ ਸੀ। ਘਰ 'ਚ ਉਸਦੀ ਪਤਨੀ ਅਤੇ ਬੇਟੀ ਹਨ ਅਤੇ ਪਿਛਲੇ ਵੀਰਵਾਰ ਨੂੰ ਬਲਵੀਰ ਸਿੰਘ ਸੰਧੂ ਆਪਣੇ ਘਰ ਦੇ ਗਰਾਊਂਡ ਫਲੋਰ 'ਤੇ ਜਦੋਂਕਿ ਉਸਦੀ ਪਤਨੀ ਅਤੇ ਬੇਟੀ ਉੱਪਰ ਵਾਲੀ ਮੰਜ਼ਿਲ 'ਤੇ ਸੁੱਤੇ ਪਏ ਸਨ। ਉਸਦੀ ਲੜਕੀ ਅਮਨਦੀਪ ਕੌਰ ਨੇ ਸਵੇਰੇ ਕਰੀਬ 7 ਵਜੇ ਹੇਠਾਂ ਆ ਕੇ ਦੇਖਿਆ ਕਿ ਉਸਦੇ ਪਿਤਾ ਬਲਵੀਰ ਸਿੰਘ ਸੰਧੂ ਦੀ ਖੂਨ ਨਾਲ ਲੱਥਪਥ ਲਾਸ਼ ਦੇਖੀ। ਉਸਦੇ ਰੌਲਾ ਪਾਉਣ 'ਤੇ ਆਲੇ-ਦੁਆਲੇ ਕੇ ਲੋਕ ਇਕੱਠੇ ਹੋ ਗਏ, ਜਿਸ ਉਪਰੰਤ ਜਾਣਕਾਰੀ ਥਾਣਾ ਸਦਰ ਬੰਗਾ ਦੀ ਪੁਲਸ ਨੂੰ ਦਿੱਤੀ ਗਈ ਸੀ। ਐੱਸ. ਐੱਸ. ਪੀ. ਅਲਕਾ ਮੀਨਾ ਤੋਂ ਇਲਾਵਾ ਹੋਰ ਉੱਚ ਪੁਲਸ ਅਫਸਰਾਂ ਨੇ ਮੌਕੇ 'ਤੇ ਪੁੱਜ ਕੇ ਅਹਿਮ ਜਾਣਕਾਰੀ ਇਕੱਠੀ ਕੀਤੀ ਸੀ। ਇੱਥੇ ਜ਼ਿਕਰਯੋਗ ਹੈ ਕਿ ਘਰ ਦੇ ਮੁੱਖ ਦਰਵਾਜ਼ੇ 'ਤੇ ਲੋਹੇ ਦੀ ਗਰਿੱਲ ਲੱਗੀ ਹੋਈ ਹੈ। ਇਸਤੋਂ ਇਲਾਵਾ ਘਰ ਵਿਚ ਇਕ ਪਾਲਤੂ ਕੁੱਤਾ ਵੀ ਰੱਖਿਆ ਗਿਆ ਹੈ, ਜੋ ਵਾਰਦਾਤ ਸਮੇਂ ਭੌਂਕਿਆ ਕਿਉਂ ਨਹੀਂ? ਜਦੋਂਕਿ ਘਰ ਵਿਚ ਲੱਗੀ ਗਰਿੱਲ ਦਾ ਗੇਟ ਅੰਦਰ ਵਾਲੇ ਦੀ ਸਹਿਮਤੀ ਤੋਂ ਬਿਨਾਂ ਨਹੀਂ ਖੁੱਲ੍ਹ ਸਕਦਾ, ਅਜਿਹੇ ਹੋਰ ਸਵਾਲਾਂ ਨੂੰ ਆਧਾਰ ਬਣਾ ਕੇ ਪੁਲਸ ਆਪਣੀ ਜਾਂਚ ਨੂੰ ਅੱਗੇ ਵਧਾ ਰਹੀ ਹੈ।

ਪੁਲਸ ਨੇ ਮ੍ਰਿਤਕ ਦੀ ਬੇਟੀ ਨੂੰ ਜਾਣਕਾਰੀ ਲਈ ਬੁਲਾਇਆ ਸੀ. ਆਈ. ਏ. ਸਟਾਫ
ਉਪਰੋਕਤ ਮਾਮਲੇ ਸਬੰਧੀ ਜਦੋਂ ਐੱਸ. ਐੱਸ. ਪੀ. ਅਲਕਾ ਮੀਨਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਖੁਲਾਸਾ ਕੀਤਾ ਕਿ ਮ੍ਰਿਤਕ ਦੀ ਬੇਟੀ ਨੂੰ ਪੁਲਸ ਨੇ ਕੁੱਝ ਜਾਣਕਾਰੀਆਂ ਹਾਸਲ ਕਰਨ ਲਈ ਬੁਲਾਇਆ ਹੈ। ਪੁਲਸ ਸੂਤਰਾਂ ਮੁਤਾਬਕ ਮ੍ਰਿਤਕ ਦੀ ਲੜਕੀ ਤੋਂ ਪੁਲਸ ਸੀ. ਆਈ. ਏ. ਸਟਾਫ ਵਿਚ ਅਹਿਮ ਪ੍ਰਸ਼ਨਾਂ ਦੇ ਉੱਤਰ ਅਤੇ ਹੋਰ ਜਾਣਕਾਰੀਆਂ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਐੱਸ. ਐੱਸ. ਪੀ. ਨੇ ਦੱਸਿਆ ਕਿ ਸੋਮਵਾਰ ਨੂੰ ਪੁਲਸ ਉਪਰੋਕਤ ਹੱਤਿਆ ਸਬੰਧੀ ਕੋਈ ਵੱਡਾ ਖੁਲਾਸਾ ਕਰ ਸਕਦੀ ਹੈ।


Anuradha

Content Editor

Related News