ਧੀ ਦੇ ਗਵਾਹੀ ਤੋਂ ਮੁੱਕਰਨ ਦੇ ਬਾਵਜੂਦ ਪਤਨੀ ਦੇ ਕਤਲ ਦੇ ਮੁਲਜ਼ਮ ਪਤੀ ਨੂੰ ਜ਼ਮਾਨਤ ਨਹੀਂ
Saturday, Nov 07, 2026 - 12:50 PM (IST)
ਮੋਹਾਲੀ (ਜੱਸੀ) : ਥਾਣਾ ਸੋਹਾਣਾ ਅਧੀਨ ਪੈਂਦੇ ਪਿੰਡ ਚਾਚੂ ਮਾਜਰਾ ਵਿਖੇ ਪਤਨੀ ਰੁਪਿੰਦਰ ਕੌਰ ਦਾ ਚੁੰਨੀ ਨਾਲ ਗਲਾ ਘੁੱਟ ਕੇ ਕਤਲ ਕਰਨ ਦੇ ਮਾਮਲੇ ’ਚ ਨਾਮਜ਼ਦ ਪਤੀ ਨਿਰਮਲ ਸਿੰਘ ਨੂੰ ਵਧੀਕ ਜ਼ਿਲ੍ਹਾ ਸੈਸ਼ਨ ਜੱਜ ਦੀ ਅਦਾਲਤ ਤੋਂ ਰਾਹਤ ਨਹੀਂ ਮਿਲੀ। ਅਦਾਲਤ ਨੇ ਉਸ ਦੀ ਨਿਯਮਤ ਜ਼ਮਾਨਤ ਦੀ ਅਰਜ਼ੀ ਖਾਰਜ ਕਰਦਿਆਂ ਕਿਹਾ ਕਿ ਭਾਵੇਂ ਮ੍ਰਿਤਕਾ ਦੀ ਧੀ ਆਪਣੇ ਬਿਆਨਾਂ ਤੋਂ ਮੁਕਰ ਗਈ ਹੈ ਪਰ ਇਸ ਨਾਲ ਮੁਲਜ਼ਮ ਦੀ ਅਪਰਾਧਿਕ ਜ਼ਿੰਮੇਵਾਰੀ ਖ਼ਤਮ ਨਹੀਂ ਹੁੰਦੀ। ਮਾਮਲੇ ਦਾ ਫ਼ੈਸਲਾ ਸਮੁੱਚੇ ਸਬੂਤਾਂ ਅਤੇ ਹਾਲਾਤਾਂ ਦੇ ਆਧਾਰ ’ਤੇ ਹੀ ਕੀਤਾ ਜਾਵੇਗਾ। ਜ਼ਮਾਨਤ ਅਰਜ਼ੀ ਦੀ ਸੁਣਵਾਈ ਦੌਰਾਨ ਮੁਲਜ਼ਮ ਦੇ ਵਕੀਲ ਨੇ ਦਲੀਲ ਦਿੱਤੀ ਕਿ ਨਿਰਮਲ ਸਿੰਘ ਨੂੰ ਝੂਠਾ ਫਸਾਇਆ ਗਿਆ ਹੈ ਅਤੇ ਉਹ 27 ਸਤੰਬਰ 2023 ਤੋਂ ਹਿਰਾਸਤ 'ਚ ਹੈ। ਵਕੀਲ ਅਨੁਸਾਰ ਘਟਨਾ ਦੀ ਅਹਿਮ ਗਵਾਹ ਮ੍ਰਿਤਕਾ ਦੀ ਧੀ ਆਪਣੇ ਬਿਆਨਾਂ ਤੋਂ ਮੁੱਕਰ ਚੁੱਕੀ ਹੈ ਅਤੇ ਕੋਈ ਹੋਰ ਚਸ਼ਮਦੀਦ ਗਵਾਹ ਵੀ ਨਹੀਂ ਹੈ। ਸ਼ਿਕਾਇਤਕਰਤਾ ਨੇ ਜਿਰ੍ਹਾ ਦੌਰਾਨ ਮੰਨਿਆ ਸੀ ਕਿ ਰੁਪਿੰਦਰ ਕੌਰ ਨੇ ਮੁਲਜ਼ਮ ਖ਼ਿਲਾਫ਼ ਪਹਿਲਾਂ ਕੁੱਟਮਾਰ ਦੀ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ ਸੀ।
ਬਚਾਅ ਪੱਖ ਨੇ ਇਹ ਵੀ ਦਾਅਵਾ ਕੀਤਾ ਕਿ ਪੁਲਸ ਨੇ ਕਿਸੇ ਹੋਰ ਔਰਤ ਦੀ ਕਥਿਤ ਸ਼ਮੂਲੀਅਤ ਦੀ ਜਾਂਚ ਨਹੀਂ ਕੀਤੀ ਅਤੇ ਨਾ ਹੀ ਮੁਲਜ਼ਮ ਦੇ ਕਾਲ ਡਿਟੇਲ ਰਿਕਾਰਡ ਹਾਸਲ ਕੀਤੇ। ਇਸ ਆਧਾਰ ’ਤੇ ਜ਼ਮਾਨਤ ਦੀ ਮੰਗ ਕੀਤੀ ਗਈ। ਸਰਕਾਰੀ ਵਕੀਲ ਨੇ ਇਸ ਦਾ ਵਿਰੋਧ ਕਰਦਿਆਂ ਕਿਹਾ ਕਿ ਮੁਲਜ਼ਮ ਖ਼ਿਲਾਫ਼ ਦੋਸ਼ ਬੇਹੱਦ ਗੰਭੀਰ ਹਨ ਅਤੇ ਉਸ ਨੂੰ ਜ਼ਮਾਨਤ ਨਹੀਂ ਦਿੱਤੀ ਜਾਣੀ ਚਾਹੀਦੀ। ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਕਿਹਾ ਕਿ ਇਹ ਗੰਭੀਰ ਅਤੇ ਘਿਨਾਉਣੇ ਸੁਭਾਅ ਦਾ ਅਪਰਾਧ ਹੈ। ਸਿਰਫ਼ ਇਕ ਗਵਾਹ ਦੇ ਮੁੱਕਰਨ ਨੂੰ ਮੁਲਜ਼ਮ ਦੇ ਬਰੀ ਹੋਣ ਦੀ ਸੰਭਾਵਨਾ ਦਾ ਆਧਾਰ ਨਹੀਂ ਬਣਾਇਆ ਜਾ ਸਕਦਾ। ਅਪਰਾਧ ਦੀ ਗੰਭੀਰਤਾ ਅਤੇ ਮੁਲਜ਼ਮ ਵੱਲੋਂ ਕਾਨੂੰਨੀ ਪ੍ਰਕਿਰਿਆ ਤੋਂ ਭੱਜਣ ਦੀ ਸੰਭਾਵਨਾ ਨੂੰ ਦੇਖਦਿਆਂ ਅਦਾਲਤ ਨੇ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ।-
2011 ਵਿਚ ਹੋਇਆ ਸੀ ਵਿਆਹ
ਸ਼ਿਕਾਇਤ ਅਨੁਸਾਰ ਰੁਪਿੰਦਰ ਕੌਰ ਦਾ ਵਿਆਹ 2011 ਵਿਚ ਨਿਰਮਲ ਸਿੰਘ ਨਾਲ ਹੋਇਆ ਸੀ। ਉਨ੍ਹਾਂ ਦੇ ਦੋ ਬੱਚੇ, ਕਰੀਬ 11 ਸਾਲ ਦੀ ਧੀ ਲਵਲੀਨ ਕੌਰ ਅਤੇ 8 ਸਾਲ ਦਾ ਪੁੱਤਰ ਬਾਬਨਪ੍ਰੀਤ ਸਿੰਘ ਹਨ। ਮੁਲਜ਼ਮ ਸਰਹਿੰਦ ਦੇ ਫਾਇਰ ਬ੍ਰਿਗੇਡ ਵਿਭਾਗ ਵਿਚ ਆਰਜ਼ੀ ਮੁਲਾਜ਼ਮ ਸੀ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਉਹ ਸ਼ਰਾਬ ਪੀਣ ਦਾ ਆਦੀ ਸੀ ਅਤੇ ਪਤਨੀ ਨਾਲ ਅਕਸਰ ਕੁੱਟਮਾਰ ਕਰਦਾ ਸੀ। ਰੁਪਿੰਦਰ ਕੌਰ ਨੇ ਆਪਣੇ ਭਰਾ ਨੂੰ ਪਤੀ ਦੇ ਕਿਸੇ ਹੋਰ ਔਰਤ ਨਾਲ ਕਥਿਤ ਸਬੰਧਾਂ ਬਾਰੇ ਵੀ ਦੱਸਿਆ ਸੀ। ਸ਼ਿਕਾਇਤਕਰਤਾ ਮੁਤਾਬਕ 30 ਅਗਸਤ 2023 ਨੂੰ ਰੁਪਿੰਦਰ ਕੌਰ ਨੇ ਪੇਕੇ ਘਰ ਆ ਕੇ ਪਤੀ ਵੱਲੋਂ ਕੁੱਟਮਾਰ ਅਤੇ ਧਮਕੀਆਂ ਦੇਣ ਦੀ ਗੱਲ ਦੱਸੀ ਸੀ। ਇਸ ਤੋਂ ਬਾਅਦ 15 ਸਤੰਬਰ ਨੂੰ ਉਸ ਦੇ ਸਹੁਰੇ ਦਾ ਫੋਨ ਆਇਆ ਕਿ ਰੁਪਿੰਦਰ ਕੌਰ ਬੇਹੋਸ਼ ਪਈ ਹੈ। ਜਦੋਂ ਪਰਿਵਾਰਕ ਮੈਂਬਰ ਪਿੰਡ ਚਾਚੂ ਮਾਜਰਾ ਪਹੁੰਚੇ ਤਾਂ ਉਹ ਮੰਜੇ ’ਤੇ ਮ੍ਰਿਤਕ ਪਈ ਸੀ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਨਿਰਮਲ ਸਿੰਘ ਨੇ ਚੁੰਨੀ ਨਾਲ ਗਲਾ ਘੁੱਟ ਕੇ ਉਸ ਦੀ ਭੈਣ ਦਾ ਕਤਲ ਕੀਤਾ ਸੀ।
