ਫ਼ੌਜੀ ਸਣੇ 4 ਦੀ ਗ੍ਰਿਫ਼ਤਾਰੀ ਨਾਲ ਨਸ਼ੇ ਤੇ ਹਥਿਆਰ ਸਮੱਗਲ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼
Tuesday, Jul 21, 2020 - 06:29 PM (IST)
ਚੰਡੀਗੜ੍ਹ (ਰਮਨਜੀਤ) : ਪੰਜਾਬ ਪੁਲਸ ਨੇ ਕੁਝ ਦਿਨ ਪਹਿਲਾਂ ਬੀ. ਐੱਸ. ਐੱਫ. ਦੇ ਇਕ ਜਵਾਨ ਅਤੇ 3 ਹੋਰ ਵਿਅਕਤੀਆਂ ਦੀ ਗ੍ਰਿਫ਼ਤਾਰੀ ਨਾਲ ਗੈਰ-ਕਾਨੂੰਨੀ ਹਥਿਆਰਾਂ ਅਤੇ ਨਸ਼ਾ ਸਮਗਲਿੰਗ ਕਰਨ ਵਾਲੇ ਰੈਕੇਟ ਦਾ ਪਰਦਾਫਾਸ਼ ਕੀਤਾ ਸੀ। ਇਸੇ ਸਬੰਧ ਵਿਚ ਤਾਜ਼ਾ ਗ੍ਰਿਫ਼ਤਾਰੀ ਪਿਛਲੇ ਹਫ਼ਤੇ ਜਲੰਧਰ ਰੂਰਲ ਪੁਲਸ ਵਲੋਂ ਕੀਤੀ ਗਈ ਸੀ। ਡੀ. ਜੀ. ਪੀ. ਪੰਜਾਬ ਦਿਨਕਰ ਗੁਪਤਾ ਨੇ ਦੱਸਿਆ ਕਿ ਇਸ ਮਾਮਲੇ ਵਿਚ ਹੁਣ ਤਕ 8 ਵਿਅਕਤੀ ਗ੍ਰਿਫ਼ਤਾਰ ਕੀਤੇ ਗਏ ਹਨ। ਡੀ.ਜੀ.ਪੀ. ਨੇ ਕਿਹਾ ਕਿ ਬੀਤੇ ਹਫ਼ਤੇ ਬੀ. ਐੱਸ. ਐੱਫ. ਦੇ ਸਿਪਾਹੀ ਸੁਮਿਤ ਕੁਮਾਰ ਵਲੋਂ ਕੀਤੇ ਖੁਲਾਸਿਆਂ ਦੇ ਆਧਾਰ 'ਤੇ ਫ਼ੌਜ ਦੇ ਇਕ ਸਿਪਾਹੀ ਰਮਨਦੀਪ ਸਿੰਘ ਨੂੰ, ਬਰੇਲੀ (ਉੱਤਰ ਪ੍ਰਦੇਸ਼) ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਥੇ ਉਹ ਇਸ ਵੇਲੇ ਤਾਇਨਾਤ ਸੀ। ਪੁਲਸ ਨੇ ਰਮਨਦੀਪ ਦੇ 3 ਸਾਥੀਆਂ ਤਰਨਜੋਤ ਸਿੰਘ ਉਰਫ਼ ਤੰਨਾ, ਜਗਜੀਤ ਸਿੰਘ ਉਰਫ਼ ਲਾਡੀ ਅਤੇ ਸਤਿੰਦਰ ਸਿੰਘ ਉਰਫ਼ ਕਾਲਾ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਪੁਲਸ ਮੁਤਾਬਕ ਕਾਲੇ ਕੋਲੋਂ ਨਸ਼ਿਆਂ ਦੀ ਰਕਮ ਵਜੋਂ 10 ਲੱਖ ਰੁਪਏ ਦੀ ਰਾਸ਼ੀ ਬਰਾਮਦ ਕੀਤੀ ਗਈ ਹੈ, ਜਿਸ ਨਾਲ ਇਸ ਮਾਮਲੇ ਵਿਚ ਜ਼ਬਤ ਕੀਤੀ ਗਈ ਕੁਲ ਰਕਮ 42.30 ਲੱਖ ਰੁਪਏ ਹੋ ਗਈ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਮੁੱਖ ਮੰਤਰੀ ਦੀ ਸੁਰੱਖਿਆ 'ਚ ਤਾਇਨਾਤ 3 ਮੁਲਾਜ਼ਮਾਂ ਨੂੰ ਹੋਇਆ ਕੋਰੋਨਾ
ਬੀਤੇ ਹਫ਼ਤੇ ਗ੍ਰਿਫ਼ਤਾਰ ਕੀਤਾ ਗਿਆ ਬੀ.ਐੱਸ.ਐੱਫ਼. ਜਵਾਨ ਸੁਮਿਤ ਤੇ ਫ਼ੌਜ ਦਾ ਜਵਾਨ ਰਮਨਦੀਪ ਸਿੰਘ ਗੁਰਦਾਸਪੁਰ ਦੇ ਥਾਣਾ ਦੋਰਾਂਗਲਾ ਦੇ ਪਿੰਡ ਮਗਰ ਮੁੰਡੀਆਂ ਦੇ ਰਹਿਣ ਵਾਲੇ ਹਨ। ਸੁਮਿਤ ਨੇ ਪੁੱਛਗਿੱਛ ਦੌਰਾਨ ਖ਼ੁਲਾਸਾ ਕੀਤਾ ਸੀ ਕਿ ਉਸ ਨੂੰ ਉਸ ਦੇ ਪਿੰਡ ਦੇ ਹੀ ਫ਼ੌਜੀ ਰਮਨਦੀਪ ਨੇ ਸਰਹੱਦ ਪਾਰੋਂ ਨਸ਼ੀਲੇ ਪਦਾਰਥਾਂ ਤੇ ਹਥਿਆਰਾਂ ਦੀ ਸਮੱਗਲਿੰਗ ਦੇ ਰੈਕੇਟ ਵਿਚ ਫਸਾਇਆ ਹੈ। ਇਹ ਦੋਵੇਂ ਆਪਣੇ ਪਿੰਡ ਵਿਚ ਕਤਲ ਕਰਨ ਤੋਂ ਬਾਅਦ ਗੁਰਦਾਸਪੁਰ ਜੇਲ ਵਿਚ ਇਕੱਠੇ ਬੰਦ ਸਨ। ਸੁਮਿਤ ਕੁਮਾਰ 04.01.2018 ਨੂੰ ਅਤੇ ਰਮਨਦੀਪ ਸਿੰਘ 14.09.2019 ਜ਼ਮਾਨਤ 'ਤੇ ਬਾਹਰ ਆਏ ਸਨ।
ਇਹ ਵੀ ਪੜ੍ਹੋ : ਹੁਕਮਾਂ ਨੂੰ ਛਿੱਕੇ ਟੰਗ ਵਿਆਹ 'ਚ ਕੀਤਾ ਇਕੱਠ, ਪੁਲਸ ਨੇ ਚੱਲਦੇ ਵਿਆਹ 'ਚੋਂ ਚੁੱਕਿਆ ਲਾੜਾ
ਡੀ. ਜੀ. ਪੀ. ਅਨੁਸਾਰ ਰਮਨਦੀਪ ਆਪਣੇ ਸਾਥੀਆਂ ਤਰਨਜੋਤ ਸਿੰਘ ਉਰਫ਼ ਤੰਨਾ ਅਤੇ ਸਤਿੰਦਰ ਸਿੰਘ ਉਰਫ਼ ਕਾਲਾ ਨਾਲ ਸਾਜ਼ਿਸ਼ ਰਚ ਕੇ ਨਸ਼ਿਆਂ ਅਤੇ ਹਥਿਆਰਾਂ ਦੀ ਸਮੱਗਲਿੰਗ ਦਾ ਰੈਕੇਟ ਚਲਾ ਰਿਹਾ ਸੀ। ਕਾਲਾ ਕੁਝ ਸਮੇਂ ਲਈ ਅੰਮ੍ਰਿਤਸਰ ਜੇਲ ਵਿਚ ਬੰਦ ਸੀ, ਜਿੱਥੇ ਉਹ ਇਕ ਪਾਕਿਸਤਾਨੀ ਨਾਗਰਿਕ ਮੌਲਵੀ ਉਰਫ਼ ਮੁੱਲਾ ਦੇ ਸੰਪਰਕ ਵਿਚ ਆਇਆ, ਜਿਸ ਨੇ ਉਸ ਦੀ ਪਾਕਿਸਤਾਨੀ ਸਮੱਗਲਰਾਂ ਨਾਲ ਜਾਣ-ਪਛਾਣ ਕਰਵਾਈ। ਗੁਪਤਾ ਨੇ ਦੱਸਿਆ ਕਿ ਅੰਮ੍ਰਿਤਸਰ ਜੇਲ ਤੋਂ ਸਤਿੰਦਰ ਨੂੰ ਕਪੂਰਥਲਾ ਜੇਲ੍ਹ ਵਿਚ ਤਬਦੀਲ ਕਰ ਦਿੱਤਾ ਗਿਆ ਸੀ, ਜਿਥੇ ਉਸ ਨੇ ਤਰਨਜੋਤ ਸਿੰਘ ਉਰਫ਼ ਤੰਨਾ ਨੂੰ ਸਾਥੀ ਬਣਾ ਲਿਆ। ਕਾਲਾ ਵਲੋਂ ਇਸ ਰੈਕੇਟ ਵਿਚ ਬੀ.ਐੱਸ.ਐੱਫ. ਦੇ ਇਕ ਜਵਾਨ ਦੀ ਸ਼ਮੂਲੀਅਤ ਦੀ ਜ਼ਰੂਰਤ ਬਾਰੇ ਦੱਸਣ ਤੋਂ ਬਾਅਦ ਰਮਨਦੀਪ ਸਿੰਘ ਨੇ ਸੁਮਿਤ ਕੁਮਾਰ ਨੂੰ ਵੀ ਨਸ਼ਾ ਸਮੱਗਿਲੰਗ ਦੇ ਕੰਮ ਵਿਚ ਸ਼ਾਮਲ ਹੋਣ ਲਈ ਪ੍ਰੇਰਿਆ।
ਇਹ ਵੀ ਪੜ੍ਹੋ : ਖ਼ਤਰਨਾਕ ਗੈਂਗਸਟਰ ਨੀਟਾ ਦਿਓਲ ਵਲੋਂ ਜੇਲ 'ਚ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼
ਡੀ.ਜੀ.ਪੀ. ਨੇ ਕਿਹਾ ਕਿ ਸੁਮਿਤ ਸਰਹੱਦ 'ਤੇ ਲੱਗੀ ਕੰਡਿਆਲੀ ਤਾਰ, ਨਸ਼ਾ ਸਪਲਾਈ ਕਰਨ ਵਾਲੀਆਂ ਥਾਵਾਂ ਅਤੇ ਹੋਰਾਂ ਸਥਾਨਾਂ ਦੀਆਂ ਤਸਵੀਰਾਂ ਤੰਨਾ ਅਤੇ ਕਾਲਾ ਭੇਜਦਾ ਸੀ। ਪਹਿਲਾਂ ਨਿਰਧਾਰਤ ਸਮੇਂ ਅਤੇ ਸਥਾਨ 'ਤੇ ਭਾਰਤ ਵਾਲੇ ਪਾਸਿਓਂ ਖੇਪ ਦੀ ਸਪੁਰਦਗੀ ਤੋਂ ਬਾਅਦ ਤੰਨਾ ਦੇ 3 ਹੋਰ ਸਾਥੀ ਇਸ ਨੂੰ ਸੁਮਿਤ ਕੁਮਾਰ ਕੋਲੋਂ ਇਕੱਤਰ ਕਰਦੇ ਸਨ। ਜਗਜੀਤ ਸਿੰਘ ਉਰਫ਼ ਲਾਡੀ ਨਸ਼ਿਆਂ ਦੀਆਂ ਖੇਪਾਂ ਨੂੰ ਠਿਕਾਣੇ ਲਾਉਣ ਲਈ ਉਨ੍ਹਾਂ ਨੂੰ ਆਪਣੀ ਸਵਿਫਟ ਕਾਰ ਮੁਹੱਈਆ ਕਰਵਾਉਂਦਾ ਸੀ। ਡੀ. ਜੀ. ਪੀ. ਅਨੁਸਾਰ ਹੁਣ ਤਕ ਕੀਤੀ ਗਈ ਜਾਂਚ ਦੇ ਆਧਾਰ 'ਤੇ ਇਨ੍ਹਾਂ ਮੁਲਜ਼ਮਾਂ ਵਲੋਂ ਹੁਣ ਤਕ 42 ਪੈਕੇਟ ਹੈਰੋਇਨ, 9 ਮਿਲੀਮੀਟਰ ਦੀ ਵਿਦੇਸ਼ੀ ਬਣੀ ਪਿਸਤੌਲ (80 ਅਣ ਚੱਲੇ ਕਾਰਤੂਸਾਂ ਅਤੇ 12 ਬੋਰ ਬੰਦੂਕ ਦੇ 2 ਅਣ ਚੱਲੇ ਕਾਰਤੂਸ) ਸਮੱਗਲ ਕੀਤੇ ਜਾਣ ਦਾ ਸ਼ੱਕ ਹੈ। ਹੁਣ ਤਕ ਪਾਕਿਸਤਾਨ ਆਧਾਰਿਤ ਸਮੱਗਲਰਾਂ ਕੋਲੋਂ ਨਸ਼ੀਲੇ ਪਦਾਰਥਾਂ ਦੇ 39 ਲੱਖ ਰੁਪਏ ਪ੍ਰਾਪਤ ਹੋਏ ਹਨ।