ਏਸ਼ੀਆ ਦੀ ਪ੍ਰਸਿੱਧ ਜਲਗਾਹ ਹਰੀਕੇ ਵਿਖੇ ਪ੍ਰਵਾਸੀ ਪੰਛੀਆਂ ਦਾ ਆਉਣਾ ਜਾਰੀ

11/20/2017 6:58:29 AM

ਮੱਖੂ, (ਜ. ਬ.) — ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਰਦ ਰੁੱਤ ਦੇ ਮੌਕੇ 'ਤੇ ਏਸ਼ੀਆ ਦੀ ਪ੍ਰਸਿੱਧ ਜਲਗਾਹ ਹਰੀਕੇ ਵਿਖੇ ਪ੍ਰਵਾਸੀ ਪੰਛੀਆਂ ਦਾ ਆਉਣਾ ਜਾਰੀ ਹੈ ਅਤੇ ਰੋਜ਼ਾਨਾ ਵੱਡੀ ਗਿਣਤੀ ਵਿਚ ਪਹੁੰਚ ਰਹੇ ਪ੍ਰਵਾਸੀ ਪੰਛੀਆਂ ਨੇ ਇਸ ਝੀਲ ਦੇ ਦ੍ਰਿਸ਼ ਨੂੰ ਮਨਮੋਹਕ ਬਣਾ ਦਿੱਤਾ ਹੈ। ਯੂਰਪ ਦੇਸ਼ਾਂ ਵਿਚ ਸਰਦੀਆਂ ਮੌਕੇ ਹੁੰਦੀ ਭਾਰੀ ਬਰਫਬਾਰੀ ਦੌਰਾਨ ਇਹ ਪੰਛੀ ਭਾਰਤ ਵੱਲ ਮੂੰਹ ਕਰ ਕੇ ਉਡਾਰੀ ਭਰਦੇ ਹਨ ਅਤੇ ਪੰਜਾਬ ਦੀ ਖਾਸ ਕਰ ਕੇ ਹਰੀਕੇ ਜਲਗਾਹ ਦੀ ਖੁਸ਼ਕਿਸਮਤੀ ਹੈ ਕਿ ਨਵੰਬਰ ਤੋਂ ਲੈ ਕੇ ਮਾਰਚ ਤੱਕ ਮਹਿਮਾਨ ਪੰਛੀ ਇਥੇ ਰੈਣ ਬਸੇਰਾ ਬਣਾਉਂਦੇ ਹਨ। ਪ੍ਰਵਾਸੀ ਪੰਛੀ ਜਿਨ੍ਹਾਂ ਵਿਚ ਸਪੂਨ ਬਿਲਜ, ਪੇਟਿਡ ਸਟੋਰਕ, ਗ੍ਰੇ-ਲੈਗ-ਗੀਜ਼, ਕੇਮਨ ਸੈਲਡੱਕ, ਸੈੱਡ ਪਾਈਪਰ, ਕੂਟ, ਕੋਮਨ ਪੋਚਡ, ਸਾਵਲਰ ਆਦਿ ਅਨੇਕਾਂ ਪ੍ਰਜਾਤੀਆਂ ਦੇ ਪੰਛੀ ਇਥੇ ਪਾਣੀ ਵਿਚ ਚੁੱਭੀਆਂ ਮਾਰ-ਮਾਰ ਕੇ ਅਠਕੇਲੀਆਂ ਕਰਦੇ ਹੋਏ ਸੈਲਾਨੀਆਂ ਦਾ ਮਨ ਮੋਹ ਲੈਂਦੇ ਹਨ।
ਪ੍ਰਵਾਸੀ ਪੰਛੀਆਂ ਦੇ ਸ਼ਿਕਾਰ ਵਿਰੁੱਧ ਮਹਿਕਮਾ ਹਰਕਤ 'ਚ : ਡੀ. ਐੱਫ. ਓ.
ਪ੍ਰਵਾਸੀ ਪੰਛੀਆਂ ਦੇ ਹੋ ਰਹੇ ਪੂਰੀ ਤਰ੍ਹਾਂ ਗੈਰ ਕਾਨੂੰਨੀ ਸ਼ਿਕਾਰ ਸਬੰਧੀ ਡੀ. ਐੱਫ. ਓ. ਚਰਨਜੀਤ ਸਿੰਘ ਨਾਲ ਗੱਲ ਕਰਨ 'ਤੇ ਉਨ੍ਹਾਂ ਕਿਹਾ ਕਿ ਇਸ ਘਟੀਆ ਕੰਮ ਨੂੰ ਰੋਕਣ ਲਈ ਮਹਿਕਮਾ ਪੂਰੀ ਤਰ੍ਹਾਂ ਗੰਭੀਰ ਹੈ, ਜਿਸ ਕਾਰਨ ਲਗਾਤਾਰ ਗਸ਼ਤ ਜਾਰੀ ਹੈ ਅਤੇ ਅਜਿਹੇ ਅਨਸਰਾਂ ਦੇ ਫੜੇ ਜਾਣ 'ਤੇ ਸਖਤ ਕਾਰਵਾਈ ਕੀਤੀ ਜਾਂਦੀ ਹੈ।


Related News