ਪ੍ਰਵਾਸੀ ਪੰਛੀਆਂ ''ਤੇ ਪਿਆ ਝੀਲ ਦੇ ਪਾਣੀ ਦੇ ਪੱਧਰ ਦਾ ਅਸਰ
Monday, Nov 12, 2018 - 02:26 PM (IST)
ਚੰਡੀਗੜ੍ਹ (ਵਿਜੇ) : ਜਿਵੇਂ ਕਿ ਅੰਦਾਜ਼ਾ ਲਾਇਆ ਜਾ ਰਿਹਾ ਸੀ ਕਿ ਸੁਖਨਾ ਝੀਲ 'ਚ ਪਾਣੀ ਦਾ ਪੱਧਰ ਵਧਣ ਦਾ ਅਸਰ ਪ੍ਰਵਾਸੀ ਪੰਛੀਆਂ ਦੀ ਗਿਣਤੀ 'ਤੇ ਪੈ ਸਕਦਾ ਹੈ, ਐਤਵਾਰ ਨੂੰ ਜਦੋਂ ਚੰਡੀਗੜ੍ਹ ਬਰਡ ਕਲੱਬ ਨੇ ਵਾਟਰ ਫਾਊਲ ਸੈਂਸਸ ਐਂਡ ਸਪੀਸਿਜ ਕਾਊਂਟ ਦਾ ਕੰਮ ਖਤਮ ਕੀਤਾ ਤਾਂ ਇਸ ਗੱਲ ਦੀ ਪੁਸ਼ਟੀ ਹੋ ਗਈ। ਸੁਖਨਾ ਝੀਲ, ਸੁਖਨਾ ਫਾਰੈਸਟ ਤੇ ਨਗਰ ਵਣ 'ਚ ਹੋਈ ਸੈਂਸਸ ਦੌਰਾਨ 417 ਵਾਟਰ ਫਾਊਲ ਹੀ ਦਰਜ ਕੀਤੇ ਗਏ, ਜਦੋਂਕਿ ਪਿਛਲੇ ਸਾਲ 12 ਨਵੰਬਰ ਨੂੰ ਇਹ ਗਿਣਤੀ 717 ਤਕ ਪਹੁੰਚੀ ਹੋਈ ਸੀ।
ਹਾਲਾਂਕਿ ਸਪੀਸਿਜ ਦੀ ਗੱਲ ਕੀਤੀ ਜਾਵੇ ਤਾਂ ਇਥੇ ਥੋੜ੍ਹਾ ਵਾਧਾ ਹੋਇਆ ਹੈ। 2017 'ਚ ਜਿਥੇ 91 ਸਪੀਸਿਜ ਸਾਹਮਣੇ ਆਏ ਸੀ, ਉਥੇ ਹੀ ਐਤਵਾਰ ਨੂੰ ਇਹ ਗਿਣਤੀ ਵਧ ਕੇ 98 ਦੱਸੀ ਗਈ। ਮਾਹਿਰਾਂਂ ਦੀ ਮੰਨੀਏ ਤਾਂ ਸਪੀਸਿਜ ਵਧਣ ਕਾਰਨ ਨਗਰ ਵਣ ਦੇ ਵਿਸਥਾਰ ਨੂੰ ਵੀ ਮੰਨਿਆ ਜਾ ਸਕਦਾ ਹੈ। ਡਾ. ਸਲੀਮ ਅਲੀ ਦੇ ਜਨਮ ਦਿਨ ਮੌਕੇ ਉਪ ਟੀਚੇ 'ਚ ਹੋਈ ਪੰਛੀਆਂ ਦੀ ਗਿਣਤੀ ਦਾ ਕੰਮ ਤਿੰਨ ਟੀਮਾਂ ਨੇ ਮਿਲ ਕੇ ਕੀਤਾ। ਕੁਲ 14 ਵਿਅਕਤੀ ਇਨ੍ਹਾਂ ਤਿੰਨ ਟੀਮਾਂ 'ਚ ਸ਼ਾਮਲ ਸਨ, ਜਿਨ੍ਹਾਂ ਨੇ ਸਵੇਰੇ 6:30 ਤੋਂ 10:30 ਵਜੇ ਤਕ ਪੂਰੇ ਏਰੀਏ 'ਚ ਗਿਣਤੀ ਦਾ ਕੰਮ ਜਾਰੀ ਰੱਖਿਆ। ਹਾਲਾਂਕਿ ਸੈਂਸਸ ਦਾ ਕੰਮ ਪੂਰਾ ਹੋਣ ਤੋਂ ਬਾਅਦ ਨਤੀਜਾ ਉਤਸ਼ਾਹ ਵਧਾਉਣ ਵਾਲਾ ਨਹੀਂ ਸੀ। ਮਾਹਿਰਾਂਂ ਦੀ ਮੰਨੀਏ ਤਾਂ ਝੀਲ 'ਚ ਪਾਣੀ ਦਾ ਪੱਧਰ ਕਾਫ਼ੀ ਜ਼ਿਆਦਾ ਹੈ, ਇਸ ਲਈ ਘੱਟ ਹੀ ਪ੍ਰਵਾਸੀ ਪੰਛੀਆਂ ਨੇ ਇਸ ਸਾਲ ਝੀਲ 'ਚ ਆਪਣਾ ਟਿਕਾਣਾ ਬਣਾਇਆ ਹੈ।