ਏਸ਼ੀਆ ਦੀ ਪ੍ਰਸਿੱਧ ਜਲਗਾਹ ਹਰੀਕੇ ਵਿਖੇ ਪ੍ਰਵਾਸੀ ਪੰਛੀਆਂ ਦਾ ਆਉਣਾ ਜਾਰੀ

11/17/2017 7:15:03 PM

ਮੱਖੂ (ਵਾਹੀ) : ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਰਦ ਰੁੱਤ ਮੌਕੇ ਏਸ਼ੀਆ ਦੀ ਪ੍ਰਸਿੱਧ ਜਲਗਾਹ ਹਰੀਕੇ ਵਿਖੇ ਪ੍ਰਵਾਸੀ ਪੰਛੀਆਂ ਦਾ ਆਉਣਾ ਜਾਰੀ ਹੈ ਅਤੇ ਰੋਜ਼ਾਨਾ ਵੱਡੀ ਗਿਣਤੀ ਵਿਚ ਪਹੁੰਚ ਰਹੇ ਪ੍ਰਵਾਸੀ ਪੰਛੀਆਂ ਨੇ ਇਸ ਝੀਲ ਦੇ ਦ੍ਰਿਸ਼ ਨੂੰ ਮਨਮੋਹਕ ਬਣਾ ਦਿੱਤਾ ਹੈ। ਯੂਰਪ ਦੇਸ਼ਾਂ ਵਿਚ ਸਰਦੀਆਂ ਮੌਕੇ ਹੁੰਦੀ ਭਾਰੀ ਬਰਫਬਾਰੀ ਦੌਰਾਨ ਇਹ ਪੰਛੀ ਭਾਰਤ ਵੱਲ ਰੁੱਖ ਕਰ ਲੈਂਦੇ ਹਨ। ਪ੍ਰਵਾਸੀ ਪੰਛੀ ਜਿਨ੍ਹਾਂ ਵਿਚ ਸਪੂਨ ਬਿਲਜ, ਪੇਟਿਡ ਸਟੋਰਕ, ਗ੍ਰੇ- ਲੈਗ-ਗੀਜ਼, ਕੇਮਨ ਸੈਲਡੱਕ, ਸੈੱਡ ਪਾਈਪਰ, ਕੂਟ, ਕੋਮਨ ਪੋਚਡ, ਸਾਏਬੇਰੀਅਨ ਗਲਜ਼, ਰੂੱਡੀ ਸੈਲਡਕ, ਸਾਵਲਰ ਆਦਿ ਅਨੇਕਾਂ ਪ੍ਰਜਾਤੀਆਂ ਦੇ ਪੰਛੀ ਇਥੇ ਪਾਣੀ ਵਿਚ ਟੁੱਭੀਆਂ ਮਾਰ ਕੇ ਅਠਕੇਲੀਆਂ ਕਰਦੇ ਹੋਏ ਸੈਲਾਨੀਆਂ ਦਾ ਮਨ ਮੋਹ ਲੈਂਦੇ ਹਨ।
ਸਭ ਤੋਂ ਵੱਧ ਪੰਛੀ ਪਹੁੰਚਦੇ ਹਨ ਹਰੀਕੇ ਜਲਗਾਹ 'ਤੇ
ਇਥੇ ਇਹ ਵਰਨਣ ਯੋਗ ਹੈ ਕੇ ਪੰਜਾਬ ਦੀਆਂ ਦੂਸਰੀਆਂ ਜਲਗਾਹਾਂ ਦੇ ਮੁਕਾਬਲੇ ਹਰੀਕੇ ਜਲਗਾਹ 'ਤੇ ਸਭ ਤੋਂ ਵੱਧ ਗਿਣਤੀ ਵਿਚ ਮਹਿਮਾਨ ਪੰਛੀ 250 ਤੋਂ ਉਪਰ ਕਿਸਮਾਂ ਦੇ ਪਹੁੰਚ ਕਰਦੇ ਹਨ ਅਤੇ ਹੋਰ ਆਪਣੇ ਭਾਰਤ ਦੀਆਂ ਨਸਲਾਂ ਮਿਲਾ ਕੇ 350 ਕਿਸਮਾਂ ਦੇ ਪੰਛੀ ਇਥੋਂ ਦੀ ਰੌਣਕ ਵਿਚ ਵਾਧਾ ਕਰਦੇ ਹਨ।
ਪ੍ਰਵਾਸ਼ੀ ਪੰਛੀਆਂ ਦਾ ਚੋਰੀ ਛੁਪੇ ਹੁੰਦਾ ਸ਼ਿਕਾਰ ਚਿੰਤਾਜਨਕ
ਕੁਝ ਲੋਕ ਇਥੇ ਪਹੁੰਚਣ ਵਾਲੇ ਮਹਿਮਾਨ ਪੰਛੀਆਂ ਦਾ ਸ਼ਿਕਾਰ ਕਰਨ ਲਈ ਜ਼ਹਿਰ ਲੱਗਾ ਦਾਂਣਾ ਅਤੇ ਹੋਰ ਤਰੀਕਿਆਂ ਨਾਲ ਇਨ੍ਹਾਂ ਨੂੰ ਮਾਰ ਕੇ ਆਪਣਾ ਭੋਜਣ ਬਣਾਉਦੇਂ ਹਨ ਜੋ ਬਹੁਤ ਹੀ ਚਿੰਤਾਜਨਕ ਹੈ ਅਤੇ ਦਰਿਆ ਨਾਲ ਲੱਗਦੇ ਪਿੰਡਾਂ ਦੇ ਕੁਝ ਲੋਕ ਮਹਿਕਮੇ ਤੋਂ ਨਜ਼ਰ ਬਚਾ ਕੇ ਸਰਦੀਆਂ ਵਿਚ ਇਨ੍ਹਾਂ ਪੰਛੀਆਂ ਨੂੰ ਮਾਰ ਕੇ ਵੇਚਣ ਦਾ ਧੰਦਾ ਵੀ ਕਰਦੇ ਹਨ ਜਿਸ 'ਤੇ ਸਖਤੀ ਨਾਲ ਲਗਾਮ ਲੱਗਣੀ ਚਾਹੀਦੀ ਹੈ।
ਪ੍ਰਵਾਸੀ ਪੰਛੀਆਂ ਦੇ ਸ਼ਿਕਾਰ ਵਿਰੁਧ ਮਹਿਕਮਾਂ ਹਰਕੱਤ ਵਿਚ
ਪ੍ਰਵਾਸੀ ਪੰਛੀਆਂ ਦੇ ਹੋ ਰਹੇ ਸ਼ਿਕਾਰ ਸਬੰਧੀ ਡੀ. ਐੱਫ. ਓ. ਚਰਨਜੀਤ ਸਿੰਘ ਨਾਲ ਗੱਲ ਕਰਨ 'ਤੇ ਉਨ੍ਹਾਂ ਕਿਹਾ ਕਿ ਇਸ ਘਟੀਆ ਕੰਮ ਨੂੰ ਰੋਕਣ ਲਈ  ਮਹਿਕਮਾ ਪੂਰੀ ਤਰ੍ਹਾਂ ਗੰਭੀਰ ਹੈ ਜਿਸ ਦੇ ਚਲਦਿਆਂ ਲਗਾਤਾਰ ਗਸ਼ਤ ਜਾਰੀ ਹੈ ਅਤੇ ਅਜਿਹੇ ਅਨਸਰਾਂ ਦੇ ਫੜੇ ਜਾਣ 'ਤੇ ਸਖਤ ਕਾਰਵਾਈ ਕੀਤੀ ਜਾਵੇਗੀ।


Related News