ਬੱਸ ਦੀ ਅਗਲੀ ਤਾਕੀ ਫੜ੍ਹ ਕੇ ਦੌੜਿਆ ਮਜ਼ਦੂਰ, ਅਚਾਨਕ ਵਾਪਰ ਗਿਆ ਦਰਦਨਾਕ ਹਾਦਸਾ

10/06/2020 10:57:02 AM

ਲੁਧਿਆਣਾ (ਰਾਮ) : ਨਾਜਾਇਜ਼ ਤਰੀਕੇ ਨਾਲ ਬਿਹਾਰ ਤੋਂ ਜਲੰਧਰ ਲਈ ਬੱਸ ’ਚ ਸਵਾਰੀਆਂ ਭਰ ਕੇ ਲਿਆਉਣ ਤੋਂ ਬਾਅਦ ਸਾਰਿਆਂ ਨੂੰ ਲੁਧਿਆਣਾ ਤੱਕ ਹੀ ਛੱਡ ਕੇ ਭੱਜ ਰਹੇ ਬੱਸ ਚਾਲਕ ਦੀ ਕਥਿਤ ਮਾਮੂਲੀ ਗਲਤੀ ਨਾਲ ਇਕ ਪਰਵਾਸੀ ਮਜ਼ਦੂਰ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪੈ ਗਿਆ, ਜਿਸ ਕਾਰਨ ਥਾਣਾ ਮੋਤੀ ਨਗਰ ਦੀ ਪੁਲਸ ਨੇ ਮ੍ਰਿਤਕ ਦੇ ਦੋਸਤ ਦੇ ਬਿਆਨਾਂ ’ਤੇ ਨਿੱਜੀ ਬੱਸ ਕੰਪਨੀ ਦੇ ਅਣਪਛਾਤੇ ਚਾਲਕ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ।

ਥਾਣਾ ਮੁਖੀ ਸਬ-ਇੰਸਪੈਕਟਰ ਸਿਮਰਨਜੀਤ ਕੌਰ ਨੇ ਦੱਸਿਆ ਕਿ ਬਿਹਾਰ ਦੇ ਪੂਰਨੀਆਂ ਨੇੜਲੇ ਪਿੰਡ ਭੋਕਹਾਰਾ ਦੇ ਰਹਿਣ ਵਾਲੇ ਮਿੱਠੂ ਕੁਮਾਰ ਪਾਸਵਾਨ ਪੁੱਤਰ ਪ੍ਰਮੋਦ ਪਾਸਵਾਨ ਨੇ ਆਪਣੇ ਬਿਆਨਾਂ ’ਚ ਦੱਸਿਆ ਕਿ ਮ੍ਰਿਤਕ ਨੌਜਵਾਨ ਮੁਕੇਸ਼ ਪਾਸਵਾਨ (35) ਪੁੱਤਰ ਗੋਨਰ ਪਾਸਵਾਨ ਉਸ ਦੇ ਪਿੰਡ ਭੋਕਹਾਰਾ ਦਾ ਹੀ ਰਹਿਣ ਵਾਲਾ ਸੀ। ਬੀਤੀ 1 ਅਕਤੂਬਰ ਨੂੰ ਉਹ ਹੋਰ ਸਵਾਰੀਆਂ ਦੇ ਨਾਲ ਹੀ ਜਲੰਧਰ ਦੇ ਪਿੰਡ ਸੰਧੂ ਚੱਠਾ ਜਾਣ ਲਈ ਸਮੀਰ ਟ੍ਰੈਵਲਜ਼ ਦੀ ਚਿੱਟੇ ਰੰਗ ਦੀ ਬੱਸ ’ਚ ਸਵਾਰ ਹੋਏ ਸੀ।

ਤਿੰਨ ਦਿਨ ਬਾਅਦ 4 ਅਕਤੂਬਰ ਦੀ ਸਵੇਰ ਕਰੀਬ ਪੌਣੇ ਤਿੰਨ ਵਜੇ ਬੱਸ ਲੁਧਿਆਣਾ ਪਹੁੰਚੀ, ਜਿੱਥੇ ਬੱਸ ਚਾਲਕ ਨੇ ਕਿਹਾ ਕਿ ਬੱਸ ਅੱਗੇ ਨਹੀਂ ਜਾਵੇਗੀ ਅਤੇ ਸਾਰਿਆਂ ਨੂੰ ਉਤਾਰ ਦਿੱਤਾ। ਚਾਲਕ ਨੇ ਬੱਸ ਭਜਾ ਲਈ, ਜਦੋਂ ਕਿ ਮੁਕੇਸ਼ ਬੱਸ ਦੀ ਅਗਲੀ ਤਾਕੀ ਫੜ੍ਹ ਕੇ ਨਾਲ ਹੀ ਦੌੜ ਪਿਆ, ਜੋ ਅੱਗੇ ਆਰ. ਕੇ. ਰੋਡ ’ਤੇ ਪੈਰ ਫਿਸਲਣ ਕਾਰਨ ਡਿੱਗ ਗਿਆ ਅਤੇ ਬੱਸ ਦੇ ਪਿਛਲੇ ਟਾਇਰ ਦੇ ਹੇਠਾਂ ਆ ਗਿਆ, ਜਿਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਬੱਸ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਥਾਣਾ ਮੁਖੀ ਸਿਮਰਨਜੀਤ ਕੌਰ ਨੇ ਦੱਸਿਆ ਕਿ ਪੁਲਸ ਨੇ ਸਮੀਰ ਟ੍ਰੈਵਲਜ਼ ਨਾਮ ਦੀ ਬੱਸ ਕੰਪਨੀ ਦੇ ਡਰਾਈਵਰ ਖ਼ਿਲਾਫ਼ ਮੁਕੱਦਮਾ ਦਰਜ ਕਰ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।


Babita

Content Editor

Related News