ਰੇਲਾਂ ਬੰਦ ਹੋਣ ਕਾਰਨ ਪਰਵਾਸੀ ਪਰੇਸ਼ਾਨ, ਬਿਹਾਰ ਚੋਣਾਂ ਤੇ ਛਠ ਪੂਜਾ 'ਚ ਪੁੱਜਣਾ ਹੋਇਆ ਮੁਸ਼ਕਲ
Tuesday, Nov 03, 2020 - 04:28 PM (IST)
ਲੁਧਿਆਣਾ (ਨਰਿੰਦਰ) : ਲੁਧਿਆਣਾ 'ਚ ਵੱਡੀ ਗਿਣਤੀ 'ਚ ਪਰਵਾਸੀ ਮਜ਼ਦੂਰ ਰਹਿੰਦੇ ਹਨ ਅਤੇ ਦੀਵਾਲੀ ਦੇ ਸੀਜ਼ਨ 'ਚ ਛੱਠ ਪੂਜਾ ਲਈ ਅਕਸਰ ਉਹ ਬਿਹਾਰ ਜਾਂਦੇ ਹਨ। ਇਸ ਸਮੇਂ ਬਿਹਾਰ 'ਚ ਚੋਣਾਂ ਵੀ ਚੱਲ ਰਹੀਆਂ ਹਨ ਪਰ ਪਰਵਾਸੀ ਮਜ਼ਦੂਰ ਟਰੇਨਾ ਬੰਦ ਹੋਣ ਕਰਕੇ ਕਾਫੀ ਖੱਜਲ-ਖੁਆਰ ਹੋ ਰਹੇ ਹਨ ਅਤੇ ਮਹਿੰਗੇ ਕਿਰਾਏ ਦੇ ਕੇ ਬੱਸਾਂ 'ਚ ਆਪਣੇ ਪਿੰਡਾਂ ਵੱਲ ਜਾ ਰਹੇ ਹਨ।
ਵਾਪਸ ਜਾ ਰਹੇ ਕਈ ਪਰਵਾਸੀ ਮਜ਼ਦੂਰਾਂ ਨੇ ਇੱਥੋਂ ਤੱਕ ਵੀ ਕਹਿ ਦਿੱਤਾ ਕਿ ਉਹ ਹੁਣ ਵਾਪਸ ਨਹੀਂ ਆਉਣਗੇ। ਕਈ ਮਜ਼ਦੂਰਾਂ ਨੇ ਕਿਹਾ ਕਿ ਹੁਣ ਸਰਕਾਰਾਂ ਨੂੰ ਟਰੇਨਾਂ ਚਲਾਉਣੀਆਂ ਚਾਹੀਦੀਆਂ ਹਨ ਕਿਉਂਕਿ ਮਜ਼ਦੂਰ ਪਰੇਸ਼ਾਨ ਹਨ। ਉਧਰ ਬੱਸ ਆਪਰੇਟਰਾਂ ਦਾ ਕਹਿਣਾ ਹੈ ਕਿ ਪਹਿਲਾਂ 2 ਜਾਂ 3 ਬੱਸਾਂ ਰੋਜ਼ਾਨਾ ਲੁਧਿਆਣਾ ਤੋਂ ਜਾਂਦੀਆਂ ਸਨ ਪਰ ਹੁਣ ਇਨ੍ਹਾਂ ਦੀ ਗਿਣਤੀ ਵੱਧ ਗਈ ਹੈ ਕਿਉਂਕਿ ਟਰੇਨਾ ਬੰਦ ਹਨ। ਬੱਸ ਡਰਾਈਵਰਾਂ ਨੇ ਵੀ ਮੰਨਿਆ ਕਿ ਪਰਵਾਸੀਆਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਪਰਵਾਸੀ ਮਜ਼ਦੂਰਾਂ ਦਾ ਕਹਿਣਾ ਹੈ ਕਿ ਟਰੇਨਾਂ 'ਚ ਉਨ੍ਹਾਂ ਦਾ ਘੱਟ ਖਰਚ ਆਉਂਦਾ ਸੀ ਪਰ ਬੱਸਾਂ 'ਤੇ ਉਹ ਬਹੁਤ ਜ਼ਿਆਦਾ ਪੈਸੇ ਖ਼ਰਚ ਰਹੇ ਹਨ। ਕੁੱਝ ਪਰਵਾਸੀਆਂ ਨੇ ਕਿਹਾ ਕਿ ਉਹ ਹੁਣ ਵਾਪਸ ਹੀ ਨਹੀਂ ਆਉਣਗੇ। ਉਨ੍ਹਾਂ ਨੇ ਕਿਹਾ ਜਦੋਂ ਚੋਣਾਂ ਆਉਂਦੀਆਂ ਹਨ, ਉਦੋਂ ਹੀ ਸਰਕਾਰਾਂ ਨੂੰ ਉਨ੍ਹਾਂ ਦੀ ਯਾਦ ਆਉਂਦੀ ਹੈ। ਉਨ੍ਹਾਂ ਕਿਹਾ ਕਿ ਕੀ ਕੋਰੋਨਾ ਸਿਰਫ ਉਨ੍ਹਾਂ 'ਚ ਹੀ ਫੈਲਦਾ ਹੈ, ਜਦੋਂ ਕਿ ਬਿਹਾਰ 'ਚ ਚੋਣਾਂ ਦੌਰਾਨ ਲੱਖਾਂ ਲੋਕਾਂ ਦੀਆਂ ਰੈਲੀਆਂ ਕੀਤੀਆਂ ਗਈਆਂ, ਉਦੋਂ ਕੋਰੋਨਾ ਕਿੱਥੇ ਸੀ।