ਮੋਟਰਸਾਈਕਲ ਸਵਾਰਾਂ ਨੇ ਅੱਧੀ ਰਾਤ ਨੂੰ ਸ਼ਹਿਰ ’ਚ ਚਲਾਈਆਂ ਗੋਲੀਆਂ, ਦਹਿਸ਼ਤ
Tuesday, Jul 24, 2018 - 03:26 AM (IST)

ਬਟਾਲਾ, (ਬੇਰੀ)- ਬੀਤੀ ਦੇਰ ਰਾਤ ਨੂੰ ਅਣਪਛਾਤੇ ਮੋਟਰਸਾਈਕਲ ਸਵਾਰਾਂ ਵੱਲੋਂ ਸ਼ਹਿਰ ਦੇ ਪ੍ਰੇਮਨਗਰ ਬੋਹਡ਼ਾਂਵਾਲ ਖੇਤਰ ’ਚ ਗੋਲੀਆਂ ਚਲਾਉਂਦਿਆਂ ਦਹਿਸ਼ਤ ਦਾ ਮਾਹੌਲ ਬਣਾ ਦਿੱਤਾ ਗਿਆ।
ਇਸ ਸਬੰਧੀ ਪ੍ਰੇਮ ਨਗਰ ਬੋਹਡ਼ਾਂਵਾਲ ਦੇ ਰਹਿਣ ਵਾਲੇ ਵਿਅਕਤੀਆਂ ਸੁਰਿੰਦਰਪਾਲ ਸਿੰਘ ਉਰਫ ਜੱਗਾ, ਸੰਤੋਖ ਸਿੰਘ, ਲਖਵਿੰਦਰ ਸਿੰਘ, ਹਰਜਿੰਦਰਪਾਲ ਸਿੰਘ, ਰਾਜ ਕੁਮਾਰ, ਅਸ਼ਵਨੀ ਕੁਮਾਰ, ਕੁਲਦੀਪ ਸਿੰਘ ਅਤੇ ਬਨਾਰਸੀ ਦਾਸ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਬੀਤੀ ਦੇਰ ਰਾਤ 12 ਵਜੇ ਦੇ ਕਰੀਬ 6 ਨੌਜਵਾਨ ਜਿਨਾਂ ਵਿਚੋਂ ਤਿੰਨ ਬੁਲਟਮੋਟਰਸਾਈਕਲ ਅਤੇ ਤਿੰਨ ਮੋਟਰਸਾਈਕਲ ’ਤੇ ਸਵਾਰ ਸੀ, ਆਏ ਜਿਨ੍ਹਾਂ ਨੇ ਆਉਂਦਿਆਂ ਹੀ ਪਹਿਲਾਂ ਗਾਲੀ-ਗਲੌਚ ਕਰਨਾ ਸ਼ੁਰੂ ਕਰ ਦਿੱਤਾ ਅਤੇ ਬਾਅਦ ’ਚ ਦੁਕਾਨਾਂ ’ਤੇ ਇੱਟਾਂ ਪੱਥਰ ਮਾਰੇ। ਹੋਰ ਤਾਂ ਹੋਰ ਸੰਬੰਧਤ ਨੌਜਵਾਨਾਂ ਨੇ ਆਪਣੀ ਪਿਸਤੌਲ ਤੇ ਰਿਵਾਲਵਰ ਨਾਲ ਗੋਲੀਆਂ ਚਲਾਉਂਦਿਆਂ ਹਵਾਈ ਫਾਇਰ ਕਰਨੇ ਸ਼ੁਰੂ ਕਰ ਦਿੱਤੇ, ਜਿਸ ਨਾਲ ਏਰੀਏ ’ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ। ਇਥੇ ਇਹ ਦੱਸਣਯੋਗ ਹੈ ਕਿ ਇਸਦੇ ਬਾਰੇ ’ਚ ਉਨ੍ਹਾਂ ਨੇ ਤੁਰੰਤ ਪੁਲਸ ਕੰਟਰੋਲ ਰੂਮ ’ਚ ਸੂਚਨਾ ਦਿੱਤੀ, ਜਿਸਦੇ ਬਾਅਦ ਪੀ. ਸੀ. ਆਰ. ਕਰਮਚਾਰੀ ਅਤੇ ਪੁਲਸ ਚੌਕੀ ਸਿੰਬਲ ਦੇ ਇੰਚਾਰਜ ਏ. ਐੱਸ. ਆਈ. ਗੁਰਮਿੰਦਰ ਸਿੰਘ ਸਮੇਤ ਥਾਣਾ ਸਿਵਲ ਲਾਈਨ ਦੇ ਡਿਊਟੀ ਅਧਿਕਾਰੀ ਐੱਸ. ਆਈ. ਅਮਰਪਾਲ ਸਿੰਘ, ਏ. ਐੱਸ. ਆਈ. ਸੁਖਜਿੰਦਰ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲੈਂਦਿਆਂ ਬਣਦੀ ਕਾਨੂੰਨੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ। ਇਹ ਵੀ ਪਤਾ ਲੱਗਾ ਹੈ ਕਿ ਪੁਲਸ ਨੇ ਮੌਕੇ ’ਤੋਂ ਗੋਲੀ ਦਾ ਇਕ ਖੋਲ ਵੀ ਬਰਾਮਦ ਕੀਤਾ ਹੈ।