ਮਿਡ-ਡੇ-ਮੀਲ ਵਰਕਰਾਂ ਕੀਤਾ ਰੋਸ ਮੁਜ਼ਾਹਰਾ

11/22/2017 2:51:46 AM

ਗੁਰਦਾਸਪੁਰ, (ਦੀਪਕ, ਵਿਨੋਦ)-  ਮਿਡ-ਡੇ-ਮੀਲ ਵਰਕਰਾਂ ਤੇ ਦਫਤਰੀ ਮੁਲਾਜ਼ਮ ਯੂਨੀਅਨ ਦੇ ਸੱਦੇ 'ਤੇ ਨਹਿਰੂ ਪਾਰਕ ਗੁਰਦਾਸਪੁਰ ਵਿਖੇ ਵੱਖ-ਵੱਖ ਸਕੂਲਾਂ ਵਿਚ ਕੰਮ ਕਰਦੀਆਂ ਮਿਡ-ਡੇ-ਮੀਲ ਵਰਕਰਾਂ ਨੇ ਇਕੱਠੀਆਂ ਹੋ ਕੇ ਸਰਕਾਰ ਦਾ ਧਿਆਨ ਖਿੱਚਣ ਲਈ ਥਾਲੀਆਂ ਖੜਕਾ ਕੇ ਰੋਸ ਮੁਜ਼ਾਹਰਾ ਕੀਤਾ, ਜਿਸ ਦੀ ਅਗਵਾਈ ਹਰਜਿੰਦਰ ਸਿੰਘ ਵਡਾਲਾ ਬਾਂਗਰ, ਅਮਰਜੀਤ ਸ਼ਾਸਤਰੀ, ਮੁਨੀਸ਼ ਕੁਮਾਰ, ਅਮਰਜੀਤ ਕੌਰ ਤੇ ਸੁਮਨ ਕੁਮਾਰੀ ਨੇ ਕੀਤੀ।
ਇਸ ਰੋਸ ਰੈਲੀ ਨੂੰ ਸੰਬੋਧਨ ਕਰਦੇ ਹੋਏ ਆਗੂਆਂ ਨੇ ਕਿਹਾ ਕਿ ਪੰਜਾਬ ਦੇ 17 ਲੱਖ 96 ਹਜ਼ਾਰ 114 ਵਿਦਿਆਰਥੀਆਂ ਨੂੰ ਕੇਂਦਰ ਅਤੇ ਪੰਜਾਬ ਸਰਕਾਰ ਦੀ ਸਾਂਝੀ ਸਕੀਮ ਤਹਿਤ ਦੁਪਹਿਰ ਦਾ ਖਾਣਾ ਦਿੱਤਾ ਜਾ ਰਿਹਾ ਹੈ। ਪ੍ਰਾਇਮਰੀ ਸਕੂਲਾਂ ਦੇ ਬੱਚਿਆਂ ਨੂੰ 4.13 ਰੁਪਏ ਪ੍ਰਤੀ ਦਿਨ, ਮਿਡਲ ਸਕੂਲਾਂ ਦੇ ਵਿਦਿਆਰਥੀਆਂ ਨੂੰ 6.18 ਰੁਪਏ ਪ੍ਰਤੀਦਿਨ ਦਿੱਤੇ ਜਾਂਦੇ ਹਨ ਪਰ ਪੰਜਾਬ ਸਰਕਾਰ ਵੱਲੋਂ ਪਿਛਲੇ ਤਿੰਨ ਮਹੀਨਿਆਂ ਤੋਂ ਮਿਡ-ਡੇ-ਮੀਲ ਵਰਕਰਾਂ ਨੂੰ ਤਨਖਾਹਾਂ ਸਮੇਂ ਸਿਰ ਨਹੀਂ ਮਿਲ ਰਹੀਆਂ। ਦਫਤਰ ਵਿਚ ਮਿਡ-ਡੇ-ਮੀਲ ਮੈਨੇਜਰਾਂ ਨੂੰ ਕੋਈ ਰੈਗੂਲਰ ਗਰੇਡ ਨਹੀਂ ਦਿੱਤਾ ਗਿਆ, ਜਦੋਂ ਕਿ ਇਸੇ ਕੈਟਾਗਰੀ ਅਧੀਨ ਦੂਸਰੇ ਦਫਤਰੀ ਕਰਮਚਾਰੀ ਰੈਗੂਲਰ ਤਨਖਾਹ ਲੈ ਰਹੇ ਹਨ। ਇਸ ਮੌਕੇ ਸੁਰੇਸ਼ ਕੁਮਾਰ ਨੇ ਦੱਸਿਆ ਕਿ ਮਿਡ-ਡੇ-ਮੀਲ ਵਰਕਰਾਂ ਨੂੰ ਜਨਵਰੀ ਮਹੀਨੇ ਤੋਂ 500 ਰੁਪਏ ਵਾਧੇ ਦਾ ਬਕਾਇਆ ਜਾਰੀ ਨਹੀਂ ਕੀਤਾ, ਮਿਡ-ਡੇ-ਮੀਲ ਵਰਕਰਜ਼ ਤੋਂ ਸਾਰਾ ਸਾਲ ਕੰਮ ਕਰਵਾ ਕੇ ਸਿਰਫ 10 ਮਹੀਨਿਆਂ ਦੀ ਤਨਖਾਹ ਦਿੱਤੀ ਜਾਂਦੀ ਹੈ। ਦੇਸ਼ ਦੇ ਲੇਬਰ ਕਾਨੂੰਨਾਂ ਦੀਆਂ ਧੱਜੀਆਂ ਉਡਾ ਕੇ ਮਿਡ-ਡੇ-ਮੀਲ ਵਰਕਰਾਂ ਨੂੰ ਕੋਈ ਵੀ ਛੁੱਟੀ ਨਹੀਂ ਦਿੱਤੀ ਜਾਂਦੀ। 
ਡੈਮੋਕਰੇਟਿਕ ਮੁਲਾਜ਼ਮ ਫੈੱਡਰੇਸ਼ਨ ਦੇ ਪ੍ਰਧਾਨ ਹਰਜਿੰਦਰ ਸਿੰਘ ਵਡਾਲਾ ਬਾਂਗਰ ਨੇ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ 9 ਦਸੰਬਰ ਨੂੰ ਜਲੰਧਰ ਵਿਖੇ ਕੱਚੇ ਤੇ ਮਾਣ ਭੱਤੇ ਵਰਕਰਾਂ ਵੱਲੋਂ ਕੀਤੀ ਜਾ ਰਹੀ ਰੋਸ ਰੈਲੀ ਵਿਚ ਮਿਡ-ਡੇ-ਮੀਲ ਵਰਕਰਾਂ ਫੈਸਲਾਕੁੰਨ ਲੜਾਈ ਲੜਨਗੀਆਂ। ਇਸ ਮੌਕੇ ਸੁਮਨ ਤਿੱਬੜ, ਕਿਰਨ ਬਾਲਾ, ਸੰਤੋਸ਼ ਕੁਮਾਰੀ, ਸੋਨੀਆ, ਸਾਗਰ ਕੁਮਾਰ, ਮਧੂ ਬਾਲਾ ਆਦਿ ਹਾਜ਼ਰ ਸਨ।


Related News