ਡਿਪਟੀ ਕਮਿਸ਼ਨਰ ਨੂੰ ਦਿੱਤਾ ਜਾਵੇਗਾ ਮਿਡ-ਡੇ ਮੀਲ ਬੰਦ ਕਰਨ ਦਾ ਅਲਟੀਮੇਟਮ

Monday, Dec 04, 2017 - 02:28 PM (IST)

ਡਿਪਟੀ ਕਮਿਸ਼ਨਰ ਨੂੰ ਦਿੱਤਾ ਜਾਵੇਗਾ ਮਿਡ-ਡੇ ਮੀਲ ਬੰਦ ਕਰਨ ਦਾ ਅਲਟੀਮੇਟਮ


ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ) - ਪਿਛਲੇ ਕਈ ਮਹੀਨਿਆਂ ਤੋਂ ਆਪਣੀ ਜੇਬ 'ਚੋਂ ਪੈਸੇ ਖਰਚ ਕੇ ਸਕੂਲਾਂ ਵਿਚ ਮਿਡ-ਡੇ ਮੀਲ ਚਲਾ ਰਹੇ ਅਧਿਆਪਕਾਂ ਦੇ ਪੱਲੇ ਨਿਰਾਸ਼ਾ ਤੋਂ ਇਲਾਵਾ ਕੁੱਝ ਨਹੀਂ ਪਿਆ। ਪੰਜਾਹ ਹਜ਼ਾਰ ਰੁਪਏ ਤੱਕ ਖਰਚ ਕਰ ਚੁੱਕੇ ਸਕੂਲਾਂ ਨੂੰ ਮਹਿਜ਼ ਪੰਜ ਹਜ਼ਾਰ ਰੁਪਏ ਦੇਣਾ, 'ਊਠ ਦੇ ਮੂੰਹ ਜੀਰਾ ' ਦੇਣ ਦੇ ਸਮਾਨ ਹੈ। ਸਾਂਝੇ ਅਧਿਆਪਕ ਮੋਰਚੇ ਦੇ ਕਨਵੀਨਰਾਂ ਡੀ. ਟੀ. ਐਫ. ਦੇ ਲਖਵੀਰ ਸਿੰਘ ਹਰੀਕੇ, ਜੀ. ਟੀ. ਯੂ. ਦੇ ਕੁਲਵਿੰਦਰ ਸਿੰਘ ਮਲੋਟ, ਗੌਰਮਿੰਟ ਸਕੂਲ ਟੀਚਰ ਯੂਨੀਅਨ ਦੇ ਸੁਖਦਰਸ਼ਨ ਜੱਗਾ, ਜੀ. ਟੀ. ਯ. (ਵਿਗਿਅਨਕ) ਦੇ ਪ੍ਰਗਟ ਸਿੰਘ ਝੰਬਰ ਅਤੇ ਈ. ਟੀ. ਟੀ. ਅਧਿਆਪਕ ਯੂਨੀਅਨ ਦੇ ਸੁਖਦੇਵ ਸਿੰਘ ਆਦਿ ਨੇ ਸਾਂਝੇ ਬਿਆਨ ਵਿਚ ਦੱਸਿਆ ਕਿ ਚਾਰ ਮਹੀਨਿਆਂ ਤੋਂ ਅਧਿਆਪਕਾਂ ਨੇ ਆਪਣੇ ਕੋਲੋਂ ਖਰਚ ਕਰਕੇ ਮਿਡ-ਡੇ ਮੀਲ ਚੱਲਾ ਰਹੇ ਹਨ। ਕਈ ਵਾਰ ਸਰਕਾਰ ਤੋਂ ਪਿਛਲੇ ਬਕਾਏ ਸਮੇਤ ਅਗਾਊਂ ਰਾਸ਼ੀ ਦੀ ਮੰਗ ਕੀਤੀ ਗਈ ਪਰ ਸਰਕਾਰ ਅਤੇ ਸਿੱਖਿਆ ਵਿਭਾਗ ਵੱਲੋਂ ਮਹਿਜ਼ 20 ਦਿਨਾਂ ਦੀ ਖਰਚਾ ਰਾਸ਼ੀ ਦੇ ਕੇ ਕੰਮ ਚਲਦਾ ਰੱਖਣ ਦੀਆਂ ਹਦਾਇਤਾਂ ਵਾਰ-ਵਾਰ ਦੇ ਰਹੇ ਹਨ । ਸਿੱਖਿਆ ਅਧਿਕਾਰੀਆਂ ਤੋਂ ਖਰਚੇ ਦੀ ਮੰਗ ਕਰਨ 'ਤੇ ਇਕ ਹੀ ਜਵਾਬ ਮਿਲਦਾ ਹੈ ਕਿ 'ਸਰਕਾਰ ਵੱਲੋਂ ਜਾਰੀ ਹੋਣ' 'ਤੇ ਪੈਸੇ ਜਾਰੀ ਕਰ ਦਿੱਤੇ ਜਾਣਗੇ। ਇਸ ਮੌਕੇ ਪ੍ਰੇਸ਼ਾਨ ਹੋ ਕੇ ਅਧਿਆਪਕਾਂ ਦਾ ਕਿਹਾ ਕਿ ਅਸੀਂ ਸਕੂਲ 'ਚ ਮਿਡ-ਡੇ ਮੀਲ ਚਲਾਈਏ ਜਾਂ ਆਪਣਾ ਘਰ। ਹੁਣ ਆਪਣੇ ਕੋਲੋਂ ਹੋਰ ਖਰਚ ਨਹੀਂ ਕੀਤਾ ਜਾ ਸਕਦਾ। ਇਸ ਮੁੱਦੇ ਨੂੰ ਲੈ ਕੇ ਅਧਿਆਪਕ ਮੋਰਚੇ ਵੱਲੋਂ ਸੋਮਵਾਰ ਦੀ ਦੁਪਹਿਰ ਡਿਪਟੀ ਕਮਿਸ਼ਨਰ ਨੂੰ ਰੋਸ ਪੱਤਰ ਅਤੇ ਮਿਡ-ਡੇ ਮੀਲ ਬੰਦ ਕਰਨ ਦਾ ਅਲਟੀਮੇਟਮ ਦੇ ਦਿੱਤਾ ਜਾਵੇਗਾ।


Related News