ਮਿਡ-ਡੇਅ-ਮੀਲ ''ਚ ਹੁਣ ਇਸ ਦਿਨ ਬੱਚਿਆਂ ਨੂੰ ਮਿਲਣਗੇ ਰਾਜਮਾਂਹ-ਚੌਲ

02/02/2023 3:01:50 PM

ਲੁਧਿਆਣਾ (ਵਿੱਕੀ) : ਪੰਜਾਬ ਦੇ ਸਰਕਾਰੀ ਸਕੂਲਾਂ ’ਚ ਦੁਪਹਿਰ ਦੇ ਖਾਣੇ ਦੇ ਰੂਪ ’ਚ ਬੱਚਿਆਂ ਨੂੰ ਦਿੱਤੇ ਜਾਣ ਵਾਲੇ ਮਿਡ-ਡੇਅ ਮੀਲ ਦੇ ਮੈਨਿਊ ’ਚ ਸਰਕਾਰ ਨੇ ਅੰਸ਼ਿਕ ਸੋਧ ਕੀਤੀ ਹੈ। ਨਵੇਂ ਮੈਨਿਊ ਅਨੁਸਾਰ, ਬੱਚਿਆਂ ਨੂੰ ਹਫ਼ਤੇ 'ਚ ਇਕ ਦਿਨ ਰਾਜਮਾਂਹ-ਚੌਲ ਦਿੱਤੇ ਜਾਣ। ਸਕੂਲਾਂ ਨੇ ਦੱਸਿਆ ਕਿ ਬੱਚੇ ਹਰ 3 ਦਿਨ 'ਚ ਦਾਲ-ਚੌਲ ਖਾ ਕੇ ਬੋਰ ਹੋ ਜਾਂਦੇ ਹਨ। ਇਸ ਲਈ ਪੰਜਾਬ ਸਿੱਖਿਆ ਵਿਭਾਗ ਨੇ ਹੁਕਮ ਜਾਰੀ ਕਰ ਦਿੱਤਾ ਹੈ ਕਿ ਮਿਡ-ਡੇਅ-ਮੀਲ ’ਚ ਹਫ਼ਤੇ 'ਚ ਇਕ ਦਿਨ ਬੱਚਿਆਂ ਨੂੰ ਰਾਜਮਾਂਹ-ਚੌਲ ਦਿੱਤੇ ਜਾਣਗੇ।

ਮੰਗਲਵਾਰ ਦੇ ਦਿਨ ਦਾਲ ਦੀ ਜਗ੍ਹਾ ਰਾਜਮਾਂਹ ਬਣਨਗੇ। ਹੁਕਮ 'ਚ ਇਹ ਵੀ ਕਿਹਾ ਗਿਆ ਕਿ ਸੋਸ਼ਲ ਆਡਿਟ ਦੌਰਾਨ ਸਕੂਲਾਂ ਤੋਂ ਪ੍ਰਾਪਤ ਫੀਡਬੈਕ ਤੋਂ ਬਾਅਦ ਇਹ ਫ਼ੈਸਲਾ ਲਿਆ ਗਿਆ ਹੈ। ਸਿੱਖਿਆ ਵਿਭਾਗ ਦੀ ਮਿਡ-ਡੇਅ-ਮੀਲ ਸੋਸਾਇਟੀ ਵਲੋਂ ਜਾਰੀ ਪੱਤਰ ’ਚ ਕਿਹਾ ਗਿਆ ਹੈ ਕਿ ਸਕੂਲਾਂ ਨੂੰ ਮੈਨਿਊ ’ਚ ਬਦਲਾਅ ਨੂੰ ਤੁਰੰਤ ਪ੍ਰਭਾਵ ਨਾਲ ਲਾਗੂ ਕਰਨਾ ਹੋਵੇਗਾ।

ਨਵੇਂ ਮੈਨਿਊ ਅਨੁਸਾਰ ਬੱਚਿਆਂ ਨੂੰ ਸੋਮਵਾਰ ਦੇ ਦਿਨ ਦਾਲ (ਮੌਸਮੀ ਸਬਜ਼ੀ ਮਿਲਾ ਕੇ) ਅਤੇ ਰੋਟੀ, ਮੰਗਲਵਾਰ ਨੂੰ ਰਾਜਮਾਹ-ਚੌਲ, ਬੁੱਧਵਾਰ ਨੂੰ ਕਾਲੇ ਛੋਲੇ (ਆਲੂ ਮਿਲਾ ਕੇ) ਅਤੇ ਰੋਟੀ, ਵੀਰਵਾਰ ਨੂੰ ਕੜ੍ਹੀ (ਆਲੂ ਅਤੇ ਪਿਆਜ਼ ਦੇ ਪਕੌੜੇ) ਅਤੇ ਚੌਲ, ਸ਼ੁੱਕਰਵਾਰ ਨੂੰ ਮੌਸਮੀ ਹਰੀ ਸਬਜ਼ੀ ਅਤੇ ਰੋਟੀ, ਸ਼ਨੀਵਾਰ ਦਾਲ, ਮੌਸਮੀ ਹਰੀ ਸਬਜ਼ੀ ਅਤੇ ਚੌਲ ਦਿੱਤੇ ਜਾਣਗੇ। ਇਸੇ ਤਰ੍ਹਾਂ ਕਿਸੇ ਵੀ ਇਕ ਦਿਨ ਭੋਜਨ ਦੇ ਨਾਲ ਬੱਚਿਆਂ ਨੂੰ ਸਵੀਟਡਿਸ਼ ਦੇ ਰੂਪ 'ਚ ਖੀਰ ਦਿੱਤੀ ਜਾਵੇਗੀ।


Babita

Content Editor

Related News