ਪੰਜਾਬ 'ਚ ਵਿਦਿਆਰਥੀਆਂ ਨੂੰ ਘਰ 'ਚ ਹੀ ਮੁਹੱਈਆ ਹੋਵੇਗਾ 'ਮਿਡ-ਡੇਅ ਮੀਲ' ਦਾ ਅਨਾਜ

Thursday, Apr 02, 2020 - 08:41 AM (IST)

ਪੰਜਾਬ 'ਚ ਵਿਦਿਆਰਥੀਆਂ ਨੂੰ ਘਰ 'ਚ ਹੀ ਮੁਹੱਈਆ ਹੋਵੇਗਾ 'ਮਿਡ-ਡੇਅ ਮੀਲ' ਦਾ ਅਨਾਜ

ਚੰਡੀਗੜ੍ਹ : ਸੂਬੇ 'ਚ ਕੋਰੋਨਾ ਵਾਇਰਸ ਫੈਲਣ ਤੋਂ ਰੋਕਣ ਲਈ ਲਾਏ ਗਏ ਕਰਫਿਊ ਦੇ ਮੱਦੇਨਜ਼ਰ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਘਰਾਂ 'ਚ ਸੀਲਬੰਦ ਪੈਕੇਟਾਂ ਰਾਹੀਂ ਮਿਡ-ਡੇਅ ਮੀਲ ਦਾ ਅਨਾਜ ਮੁਹੱਈਆ ਕਰਵਾਉਣ ਦਾ ਫੈਸਲਾ ਕੀਤਾ ਹੈ। ਪੰਜਾਬ ਦੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਇਹ ਖੁਲਾਸਾ ਕਰਦਿਆਂ ਦੱਸਿਆ ਕਿ ਅਨਾਜ ਤੋਂ ਇਲਾਵਾ ਸਿੱਖਿਆ ਵਿਭਾਗ ਵੱਲੋਂ ਮਿਡ-ਡੇਅ ਮੀਲ ਦੀ ਖਾਣਾ ਪਕਾਉਣ ਦੀ ਲਾਗਤ ਵੀ ਸਕੂਲੀ ਵਿਦਿਆਰਥੀਆਂ ਦੇ ਬੈਂਕ ਖਾਤਿਆਂ 'ਚ ਪਾਈ ਜਾਵੇਗੀ। ਕੈਬਨਿਟ ਮੰਤਰੀ ਨੇ ਦੱਸਿਆ ਕਿ ਸਾਰੇ ਜ਼ਿਲਾ ਸਿੱਖਿਆ ਅਧਿਕਾਰੀਆਂ (ਡੀ. ਈ. ਓਜ਼.) ਨੂੰ ਪਹਿਲਾਂ ਹੀ ਇਹ ਪ੍ਰਕਿਰਿਆ ਜਲਦੀ ਤੋਂ ਜਲਦੀ ਸ਼ੁਰੂ ਕਰਨ ਦੇ ਨਿਰਦੇਸ਼ ਜਾਰੀ ਕੀਤੇ ਜਾ ਚੁੱਕੇ ਹਨ ਕਿਉਂਕਿ ਖਾਣਾ ਪਕਾਉਣ ਦੀ ਲਾਗਤ ਅਤੇ ਅਨਾਜ ਦੀ ਵੰਡ ਪਹਿਲਾਂ ਹੀ ਜ਼ਿਲਿਆਂ 'ਚ ਕੀਤੀ ਜਾ ਚੁੱਕੀ ਹੈ।

ਇਹ ਵੀ ਪੜ੍ਹੋ : ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹਜੂਰੀ ਰਾਗੀ ਭਾਈ ਨਿਰਮਲ ਸਿੰਘ ਦਾ ਦਿਹਾਂਤ
ਵਿਜੈ ਇੰਦਰ ਸਿੰਗਲਾ ਨੇ ਦੱਸਿਆ ਕਿ ਅਨਾਜ ਦੀ ਮਿਕਦਾਰ ਅਤੇ ਖਾਣਾ ਪਕਾਉਣ ਦੀ ਕੀਮਤ ਪਹਿਲਾਂ ਹੀ ਨਿਰਧਾਰਤ ਕਰ ਦਿੱਤੀ ਗਈ ਹੈ ਅਤੇ ਲਾਭਪਾਤਰੀਆਂ ਨੂੰ 23 ਮਾਰਚ ਤੋਂ 15 ਅਪ੍ਰੈਲ ਤੱਕ ਮਿਡ-ਡੇਅ ਮੀਲ ਸਬੰਧੀ ਲਾਭ ਮਿਲ ਜਾਵੇਗਾ। ਉਨ੍ਹਾਂ ਦੱਸਿਆ ਕਿ ਪ੍ਰਾਇਮਰੀ ਵਿਦਿਆਰਥੀਆਂ ਲਈ ਖਾਣਾ ਪਕਾਉਣ ਦੀ ਪ੍ਰਤੀ ਦਿਨ ਪ੍ਰਤੀ ਬੱਚਾ ਲਾਗਤ 4.48 ਰੁਪਏ ਨਿਰਧਾਰਤ ਕੀਤੀ ਗਈ ਹੈ ਅਤੇ 100 ਗ੍ਰਾਮ ਕਣਕ ਅਤੇ ਚੌਲ ਪ੍ਰਤੀ ਬੱਚਾ ਪ੍ਰਤੀ ਦਿਨ ਦਿੱਤੇ ਜਾਣਗੇ, ਜਦੋਂ ਕਿ ਉੱਚ ਪ੍ਰਾਇਮਰੀ ਵਿਦਿਆਰਥੀਆਂ ਲਈ ਖਾਣਾ ਪਕਾਉਣ ਦੀ ਲਾਗਤ 6.71  ਰੁਪਏ ਪ੍ਰਤੀ ਦਿਨ ਰੱਖੀ ਗਈ ਹੈ ਅਤੇ 150 ਗ੍ਰਾਮ ਅਨਾਜ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ : ਕੋਰੋਨਾ ਕਾਰਨ ਪੰਜਾਬ ਦੇ 19 ਲੱਖ ਵਿਦਿਆਰਥੀਆਂ ਤੱਕ ਨਹੀਂ ਪਹੁੰਚ ਰਿਹਾ ਮਿਡ ਡੇਅ ਮੀਲ

ਕੈਬਨਿਟ ਮੰਤਰੀ ਨੇ ਸਾਰੇ ਸਕੂਲਾਂ ਦੇ ਪ੍ਰਬੰਧਕਾਂ ਨੂੰ ਹਦਾਇਤ ਕੀਤੀ ਕਿ ਉਹ ਕਰਦਿਊ ਦੀ ਮਿਆਦ ਦੌਰਾਨ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਅਤੇ ਦਾਖਲੇ ਤੇ ਹੋਰ ਫੀਸਾਂ ਦੀ ਆਖਰੀ ਮਿਤੀ ਘੱਟੋ ਘੱਟ ਇਕ ਮਹੀਨੇ ਲਈ ਵਧਾ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਪ੍ਰਾਈਵੇਟ ਸਕੂਲਾਂ ਨੂੰ ਵੀ ਨਿਰਦੇਸ਼ ਦਿੱਤੇ ਗਏ ਹਨ ਕਿ ਕਰਫਿਊ  ਦੌਰਾਨ ਫੀਸ ਜਮ੍ਹਾਂ ਨਾ ਕਰਵਾ ਪਾਉਣ ਵਾਲੇ ਮਾਪਿਆਂ ਤੋਂ ਕੋਈ ਲੇਟ ਫੀਸ ਨਾ ਵਸੂਲੀ ਜਾਵੇ। ਉਨ੍ਹਾਂ ਕਿਹਾ ਕਿ ਲਾਕਡਾਊਨ ਦੌਰਾਨ ਕੋਈ ਵੀ ਸਕੂਲ ਮਾਪਿਆਂ ਨੂੰ ਆਨਲਾਈਨ ਜਾਂ ਕਿਸੇ ਹੋਰ ਤਰੀਕੇ ਰਾਹੀਂ ਫੀਸ ਜਮ੍ਹਾਂ ਕਰਵਾਉਣ ਲਈ ਮਜਬੂਰ ਨਹੀਂ ਕਰੇਗਾ। ਉਨ੍ਹਾਂ ਅੱਗੇ ਕਿਹਾ ਕਿ ਇਸ ਸਬੰਧ 'ਚ ਦਿਸ਼ਾ-ਨਿਰਦੇਸ਼ ਪਹਿਲਾਂ ਹੀ ਜਾਰੀ ਕਰ ਦਿੱਤੇ ਗਏ ਹਨ ਅਤੇ ਜੇਕਰ ਕੋਈ ਸਕੂਲ ਇਨ੍ਹਾਂ ਨਿਯਮਾਂ ਦੀ ਉਲੰਘਣਾ ਕਰਦਾ ਪਾਇਆ ਗਿਆ ਤਾਂ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਕੋਵਿਡ-19 ਦੇ ਟਾਕਰੇ ਲਈ ਹਸਪਤਾਲਾਂ ਨੂੰ ਕੀਤਾ ਤਿਆਰ


author

Babita

Content Editor

Related News