ਟ੍ਰਾਈਸਿਟੀ 'ਚ ਚੱਲੇਗੀ 'ਮੈਟਰੋ', ਪੰਜਾਬ-ਹਰਿਆਣਾ ਤੇ ਚੰਡੀਗੜ੍ਹ ਨੇ ਦਿੱਤੀ ਮਨਜ਼ੂਰੀ

03/17/2023 1:18:25 PM

ਚੰਡੀਗੜ੍ਹ/ਪੰਚਕੂਲਾ, (ਬਾਂਸਲ, ਖੇੜਾ) : ਮੋਹਾਲੀ, ਪੰਚਕੂਲਾ ਅਤੇ ਚੰਡੀਗੜ੍ਹ 'ਚ ਮੈਟਰੋ ਚਲਾਉਣ ਦੀ ਸਿਧਾਂਤਿਕ ਮਨਜ਼ੂਰੀ ਚੰਡੀਗੜ੍ਹ, ਪੰਜਾਬ ਅਤੇ ਹਰਿਆਣਾ ਤੋਂ ਮਿਲ ਗਈ ਹੈ। ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਦੀ ਅਗਵਾਈ 'ਚ ਵੀਰਵਾਰ ਨੂੰ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ, ਪੰਜਾਬ ਦੀ ਮੰਤਰੀ ਅਨਮੋਲ ਗਗਨ ਮਾਨ ਸਮੇਤ ਦੋਹਾਂ ਸੂਬਿਆਂ ਦੇ ਮੁੱਖ ਸਕੱਤਰ ਅਤੇ ਹੋਰਾਂ ਦੀ ਉੱਚ ਪੱਧਰੀ ਬੈਠਕ ਹੋਈ। ਇਸ ਦੌਰਾਨ ਸਾਰਿਆਂ ਨੇ ਟ੍ਰਾਈਸਿਟੀ 'ਚ ਮੈਟਰੋ ਚਲਾਉਣ ਦੀ ਸਿਧਾਂਤਿਕ ਮਨਜ਼ੂਰੀ ਦੇ ਦਿੱਤੀ। ਹਾਲਾਂਕਿ ਹਰਿਆਣਾ ਨੇ ਮੈਟਰੋ ਸਟੇਸ਼ਨ ਨੂੰ ਲੈ ਕੇ ਕਈ ਸੁਝਾਅ ਦਿੱਤੇ ਹਨ ਅਤੇ ਪੰਜਾਬ ਨੇ ਇਕ ਹਫ਼ਤੇ ਦਾ ਸਮਾਂ ਮੰਗਿਆ ਹੈ। ਇਸ ਤੋਂ ਬਾਅਦ ਰਿਪੋਰਟ ਨੂੰ ਅੰਤਿਮ ਮਨਜ਼ੂਰੀ ਲਈ ਹਾਊਸਿੰਗ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ ਨੂੰ ਭੇਜਿਆ ਜਾਵੇਗਾ।

ਇਹ ਵੀ ਪੜ੍ਹੋ : ਜੇਲ੍ਹ 'ਚ ਬੰਦ ਨਵਜੋਤ ਸਿੱਧੂ ਨੂੰ ਲੈ ਕੇ ਆਈ ਅਹਿਮ ਖ਼ਬਰ, ਪੂਰੀ ਹੋਣ ਵਾਲੀ ਹੈ ਸਜ਼ਾ

ਮੁੱਖ ਮੰਤਰੀ ਮਨੋਹਰ ਲਾਲ ਨੇ ਬੈਠਕ 'ਚ ਸੁਝਾਅ ਦਿੱਤੇ ਕਿ ਮੈਟਰੋ ਰਾਹੀਂ ਜ਼ੀਰਕਪੁਰ ਨੂੰ ਪਿੰਜੌਰ-ਕਾਲਕਾ ਤੱਕ ਜੋੜਿਆ ਜਾਵੇ, ਤਾਂ ਜੋ ਚੰਡੀਗੜ੍ਹ ਆਉਣ ਵਾਲਿਆਂ ਨੂੰ ਬਿਹਤਰ ਆਵਾਜਾਈ ਦੀ ਸਹੂਲਤ ਮਿਲੇ। ਚੰਡੀਗੜ੍ਹ ਤੋਂ ਪਿੰਜੌਰ-ਕਾਲਕਾ ਨੂੰ ਵੀ ਜੋੜਨ ’ਤੇ ਵਿਚਾਰ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮੈਟਰੋ ਦੇ ਵਿਸਥਾਰ 'ਚ ਘੱਗਰ ਨਦੀ ਅਤੇ ਨਵੇਂ ਪੰਚਕੂਲਾ ਦੇ ਇਲਾਕਿਆਂ ਨੂੰ ਵੀ ਸ਼ਾਮਲ ਕੀਤਾ ਜਾਵੇ। ਇਸ ਲਈ ਮੈਟਰੋ ਦੇ ਪਹਿਲੇ ਫੇਜ਼ 'ਚ ਹੀ ਇਹ ਸਾਰੇ ਰੂਟ ਸ਼ਾਮਲ ਕੀਤੇ ਜਾਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ, ਹਰਿਆਣਾ ਸਿਵਲ ਸਕੱਤਰੇਤ, ਵਿਧਾਨ ਸਭਾ, ਪੰਜਾਬ ਅਤੇ ਹਰਿਆਣਾ ਹਾਈਕੋਰਟ, ਪੀ. ਜੀ. ਆਈ. ਅਤੇ ਏਅਰਪੋਰਟ ਵਰਗੀਆਂ ਮਹੱਤਵਪੂਰਨ ਥਾਵਾਂ ’ਤੇ ਨਾਗਰਿਕਾਂ ਦੀ ਆਵਾਜਾਈ ਜ਼ਿਆਦਾ ਰਹਿੰਦੀ ਹੈ। ਇਨ੍ਹਾਂ ਥਾਵਾਂ ਨੂੰ ਵੀ ਮੈਟਰੋ ਨਾਲ ਜੋੜਿਆ ਜਾਵੇਗਾ, ਤਾਂ ਆਮ ਲੋਕਾਂ ਨੂੰ ਟ੍ਰੈਫ਼ਿਕ ਜਾਮ ਤੋਂ ਵੀ ਵੱਡੀ ਰਾਹਤ ਮਿਲੇਗੀ।

ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ 'ਮੌਸਮ' ਨੂੰ ਲੈ ਕੇ ਜ਼ਰੂਰੀ ਖ਼ਬਰ, ਅਗਲੇ 2-3 ਦਿਨਾਂ ਲਈ ਜਾਰੀ ਹੋ ਗਿਆ ਅਲਰਟ

ਪਹਿਲੇ ਫੇਜ਼ 'ਚ ਹੀ ਇਨ੍ਹਾਂ ਮੁੱਖ ਥਾਵਾਂ ਨੂੰ ਜੋੜਿਆ ਜਾਵੇ। ਉਨ੍ਹਾਂ ਕਿਹਾ ਕਿ ਪੰਚਕੂਲਾ ਵਾਸੀਆਂ ਲਈ ਏਅਰਪੋਰਟ ਦੀ ਕੁਨੈਕਟੀਵਿਟੀ ਨੂੰ ਬਿਹਤਰ ਅਤੇ ਸੁਗਮ ਕਰਨ ਦੇ ਨਾਲ-ਨਾਲ ਟ੍ਰਾਈਸਿਟੀ ਵਿਚ ਸਰਕਾਰੀ ਟਰਾਂਸਪੋਰਟ ਵਿਵਸਥਾ ਨੂੰ ਮਜ਼ਬੂਤ ਕਰਨਾ ਹੀ ਮੈਟਰੋ ਪ੍ਰਾਜੈਕਟ ਦਾ ਮੁੱਖ ਮਕਸਦ ਹੈ। ਇਸ ਲਈ ਹਰਿਆਣਾ, ਪੰਜਾਬ ਅਤੇ ਚੰਡੀਗੜ੍ਹ ਨੂੰ ਤਾਲਮੇਲ ਸਥਾਪਿਤ ਕਰਦਿਆਂ ਅੱਗੇ ਵੱਧਣਾ ਹੈ ਚਾਹੀਦਾ ਹੈ। ਬੈਠਕ 'ਚ ਚੰਡੀਗੜ੍ਹ ਦੇ ਮੇਅਰ ਅਨੂਪ ਗੁਪਤਾ, ਹਰਿਆਣਾ ਦੇ ਮੁੱਖ ਮੰਤਰੀ ਦੇ ਮੁੱਖ ਪ੍ਰਿੰਸੀਪਲ ਸਕੱਤਰ ਡੀ. ਐੱਸ. ਢੇਸੀ, ਮੁੱਖ ਸਕੱਤਰ ਸੰਜੀਵ ਕੌਸ਼ਲ ਅਤੇ ਸ਼ਹਿਰੀ ਸਥਾਨਕ ਸਰਕਾਰਾਂ ਵਿਭਾਗ ਤੋਂ ਇਲਾਵਾ ਮੁੱਖ ਸਕੱਤਰ ਅਰੁਣ ਗੁਪਤਾ ਸਮੇਤ ਪੰਜਾਬ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਨਿਕ ਅਧਿਕਾਰੀ ਮੌਜੂਦ ਰਹੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News