ਕੁੱਤੇ ਨੂੰ ਬਚਾਉਂਣ ਸਮੇਂ ਨਹਿਰ ’ਚ ਰੁੜ੍ਹਿਆ ਮਰਚੈਂਟ ਨੇਵੀ ਅਫ਼ਸਰ
Wednesday, Jan 04, 2023 - 02:25 AM (IST)
ਮੋਰਿੰਡਾ (ਧੀਮਾਨ)-ਨਜ਼ਦੀਕੀ ਪਿੰਡ ਚੱਕਲਾਂ ਕੋਲੋਂ ਨਿਕਲਦੀ ਭਾਖੜਾ ਨਹਿਰ ’ਚ ਡਿੱਗੇ ਪਾਲਤੂ ਕੁੱਤੇ ਨੂੰ ਬਚਾਉਣ ਸਮੇਂ ਇਕ ਵਿਅਕਤੀ ਨਹਿਰ ਦੇ ਪਾਣੀ ਦੇ ਤੇਜ਼ ਵਹਾਅ ’ਚ ਰੁੜ੍ਹ ਗਿਆ, ਜਿਸ ਦੀ ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ ਵੱਲੋਂ ਭਾਲ ਕੀਤੇ ਜਾਣ ’ਤੇ ਵੀ ਸੂਹ ਨਹੀਂ ਲੱਗ ਸਕੀ, ਜਦਕਿ ਇਸ ਸਬੰਧੀ ਪੁਲਸ ਵੱਲੋਂ ਲੁਠੇੜੀ ਪੁਲਸ ਚੌਕੀ ’ਚ ਡੀ. ਡੀ. ਆਰ. ਕੱਟੀ ਗਈ ਹੈ। ਇਸ ਸਬੰਧੀ ਐੱਸ. ਐੱਸ. ਪੀ. ਰੂਪਨਗਰ ਡਾ. ਵਿਵੇਕਸ਼ੀਲ ਸੋਨੀ ਤੋਂ ਮਿਲੀ ਜਾਣਕਾਰੀ ਅਨੁਸਾਰ ਮਰਚੈਂਟ ਨੇਵੀ ’ਚ ਸਰਵਿਸ ਕਰਦਾ ਰਮਨਦੀਪ ਸਿੰਘ ਪੁੱਤਰ ਕੁਲਦੀਪ ਸਿੰਘ (40) ਵਾਸੀ ਮੋਹਾਲੀ ਆਪਣੀ ਪਤਨੀ, ਬੱਚਿਆਂ ਤੇ ਕੁੱਤੇ ਸਮੇਤ ਮੋਰਿੰਡਾ-ਸ੍ਰੀ ਚਮਕੌਰ ਸਾਹਿਬ ਸੜਕ ’ਤੇ ਪੈਂਦੇ ਪਿੰਡ ਚੱਕਲਾਂ ਕੋਲੋਂ ਗੁਜ਼ਰਦੀ ਭਾਖੜਾ ਨਹਿਰ ਦੀ ਪਟੜੀ ’ਤੇ ਸੈਰ ਕਰ ਰਹੇ ਸਨ ਕਿ ਅਚਾਨਕ ਉਨ੍ਹਾਂ ਦੇ ਕੁੱਤੇ ਨੇ ਨਹਿਰ ਵਿਚ ਛਾਲ ਮਾਰ ਦਿੱਤੀ, ਜਿਸ ਨੂੰ ਬਚਾਉਣ ਲਈ ਰਮਨਦੀਪ ਸਿੰਘ ਵੀ ਤੁਰੰਤ ਨਹਿਰ ’ਚ ਕੁੱਦ ਪਿਆ ਪਰ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਉਹ ਆਪਣੇ ਕੁੱਤੇ ਦੇ ਨਾਲ ਹੀ ਵਹਿ ਗਿਆ।
ਇਹ ਖ਼ਬਰ ਵੀ ਪੜ੍ਹੋ : ਸਰਕਾਰ ਦੇ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਸਕੂਲ ਖ਼ਿਲਾਫ਼ ਪੰਜਾਬ ਸਰਕਾਰ ਦੀ ਵੱਡੀ ਕਾਰਵਾਈ
ਪੁਲਸ ਅਨੁਸਾਰ ਇੰਡੀਅਨ ਨੇਵੀ ’ਚ ਕੈਪਟਨ ਉਸ ਦੇ ਭਰਾ ਜੈ ਵੀਰ ਸਿੰਘ ਨੇ ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ ਦੀ ਟੀਮ ਨਾਲ ਵੀ ਘਟਨਾ ਸਥਾਨ ਉੱਤੇ ਪਹੁੰਚ ਕੇ ਰਮਨਦੀਪ ਸਿੰਘ ਦੀ ਭਾਲ ਲਈ ਕੋਸ਼ਿਸ਼ ਕੀਤੀ ਪਰ ਪਾਣੀ ਦੇ ਤੇਜ਼ ਵਹਾਅ ਅਤੇ ਧੁੰਦ ਕਾਰਨ ਸਫ਼ਲਤਾ ਨਹੀਂ ਮਿਲੀ।