ਮਾਨਸਿਕ ਤੌਰ ’ਤੇ ਪ੍ਰੇਸ਼ਾਨ ਬੀ. ਟੈੱਕ. ਦੇ ਵਿਦਿਆਰਥੀ ਨੇ ਚੁੱਕਿਆ ਖ਼ੌਫ਼ਨਾਕ ਕਦਮ

Friday, Jun 09, 2023 - 06:34 PM (IST)

ਮਾਨਸਿਕ ਤੌਰ ’ਤੇ ਪ੍ਰੇਸ਼ਾਨ ਬੀ. ਟੈੱਕ. ਦੇ ਵਿਦਿਆਰਥੀ ਨੇ ਚੁੱਕਿਆ ਖ਼ੌਫ਼ਨਾਕ ਕਦਮ

ਬਨੂੜ (ਗੁਰਪਾਲ)-ਬਨੂੜ ਬੈਰੀਅਰ ਦੇ ਨੇੜੇ ਸਥਿਤ ਹਾਊਸਫੈੱਡ ਕੰਪਲੈਕਸ ਦੇ ਫਲੈਟਾਂ ਵਿਚ ਬੀਤੀ ਦੇਰ ਰਾਤ ਇਕ 21 ਸਾਲਾ ਬੀ. ਟੈੱਕ. ਦੇ ਪ੍ਰਵਾਸੀ ਵਿਦਿਆਰਥੀ ਵੱਲੋਂ 5ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲੈਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਇੰਸਪੈਕਟਰ ਕਿਰਪਾਲ ਸਿੰਘ ਮੋਹੀ ਨੇ ਦੱਸਿਆ ਕਿ ਬੀਤੀ ਰਾਤ ਤਕਰੀਬਨ ਪੌਣੇ ਗਿਆਰਾਂ ਵਜੇ ਦੇ ਕਰੀਬ ਬਨੂੜ ਬੈਰੀਅਰ ਨੇੜੇ ਸਥਿਤ ਹਾਊਸਫੈੱਡ ਕੰਪਲੈਕਸ ’ਚੋਂ ਥਾਣਾ ਬਨੂੜ ਵਿਖੇ ਫੋਨ ਆਇਆ ਕਿ ਕਿਸੇ ਨੌਜਵਾਨ ਨੇ 5ਵੀਂ ਮੰਜ਼ਿਲ ਤੋਂ ਛਾਲ ਮਾਰੀ ਹੈ ।

ਉਨ੍ਹਾਂ ਦੱਸਿਆ ਕਿ ਇਸ ਦੀ ਸੂਚਨਾ ਪ੍ਰਾਪਤ ਹੋਣ ਤੋਂ ਬਾਅਦ ਜਾਂਚ ਅਧਿਕਾਰੀ ਏ.ਐੱਸ.ਆਈ. ਜਸਵਿੰਦਰ ਪਾਲ ਸਮੇਤ ਪੁਲਸ ਪਾਰਟੀ ਮੌਕੇ ’ਤੇ ਪਹੁੰਚੇ ਤੇ ਦੇਖਿਆ ਕਿ ਇਕ ਨੌਜਵਾਨ ਖੂਨ ਨਾਲ ਲੱਥਪੱਥ ਗੰਭੀਰ ਰੂਪ ਵਿਚ ਜ਼ਖ਼ਮੀ ਹੋਇਆ ਪਿਆ ਸੀ, ਜਿਸ ਨੂੰ ਚੁੱਕ ਕੇ ਇਲਾਜ ਲਈ ਗਿਆਨ ਸਾਗਰ ਹਸਪਤਾਲ ਵਿਖੇ ਪਹੁੰਚਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਥਾਣਾ ਮੁਖੀ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਉਸਾਮਾ ਬਿਨ ਨਾਸਿਰ ਪੁੱਤਰ ਐੱਮ. ਡੀ. ਨਾਸਿਰ ਖਾਨ ਵਾਸੀ ਮਣੀਪੁਰ, ਜੋ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਖੇ ਬੀ. ਟੈੱਕ. ਦਾ ਵਿਦਿਆਰਥੀ ਸੀ ਤੇ ਪਿਛਲੇ ਕਈ ਦਿਨਾਂ ਤੋਂ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿੰਦਾ ਸੀ ਅਤੇ ਬੀਤੇ ਦਿਨੀਂ ਉਹ ਹਾਊਸਫੈੱਡ ਕੰਪਲੈਕਸ ’ਚ ਆਪਣੇ ਦੋਸਤ ਕੋਲ ਆਇਆ ਹੋਇਆ ਸੀ।

ਮਾਨਸਿਕ ਤੌਰ ’ਤੇ ਪ੍ਰੇਸ਼ਾਨ ਹੋਣ ਕਾਰਨ ਬੀਤੀ ਰਾਤ ਉਸ ਨੇ 5ਵੀਂ ਮੰਜ਼ਿਲ ਤੋਂ ਛਾਲ ਮਾਰ ਦਿੱਤੀ। ਉਨ੍ਹਾਂ ਕਿਹਾ ਕਿ ਮ੍ਰਿਤਕ ਨੌਜਵਾਨ ਦੇ ਚਚੇਰੇ ਭਰਾ ਦੇ ਬਿਆਨਾਂ ਦੇ ਆਧਾਰ ’ਤੇ ਧਾਰਾ 174 ਆਈ. ਪੀ. ਸੀ. ਅਧੀਨ ਮਾਮਲਾ ਦਰਜ ਕਰਨ ਉਪਰੰਤ ਲਾਸ਼ ਦਾ ਪੋਸਟਮਾਰਟਮ ਡੇਰਾਬੱਸੀ ਦੇ ਸਿਵਲ ਹਸਪਤਾਲ ਵਿਚੋਂ ਕਰਵਾ ਕੇ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ।


author

Manoj

Content Editor

Related News