ਮਾਨਸਿਕ ਤੌਰ ''ਤੇ ਪ੍ਰੇਸ਼ਾਨ ਵਿਅਕਤੀ ਨੇ ਕੀਤੀ ਖੁਦਕੁਸ਼ੀ
Monday, Oct 30, 2017 - 07:37 AM (IST)
ਸਾਹਨੇਵਾਲ, (ਜ.ਬ.)-ਮਾਨਸਿਕ ਤੌਰ 'ਤੇ ਪ੍ਰੇਸ਼ਾਨ ਇਕ ਵਿਅਕਤੀ ਵੱਲੋਂ ਆਪਣੇ ਘਰ 'ਚ ਪੱਖੇ ਦੇ ਸਹਾਰੇ ਚੁੰਨੀ ਨਾਲ ਲਟਕ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦੀ ਪਛਾਣ ਲਾਲਾ ਰਾਮ ਪੁੱਤਰ ਲਾਖਨ ਰਾਮ ਵਾਸੀ ਯੂ. ਪੀ. ਹਾਲ ਨਿਵਾਸੀ ਅਰੁਣ ਕੁਮਾਰ ਦਾ ਵਿਹੜਾ, ਵਾਸੀ ਮੰਗਲੀ ਨੀਚੀ ਵਜੋਂ ਹੋਈ ਹੈ।
ਪੁਲਸ ਨੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਚੌਕੀ ਰਾਮਗੜ੍ਹ ਦੇ ਜਾਂਚ ਅਧਿਕਾਰੀ ਹੌਲਦਾਰ ਸੁਰਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਲਾਲਾ ਰਾਮ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਸੀ, ਜੋ ਬੀਤੇ ਸ਼ਨੀਵਾਰ ਦੀ ਰਾਤ ਘਰ 'ਚ ਸੁੱਤਾ ਸੀ। ਦੇਰ ਰਾਤ ਕਰੀਬ 12 ਵਜੇ ਉਸ ਦੀ ਪਤਨੀ ਨੇ ਲਾਲਾ ਰਾਮ ਨੂੰ ਪੱਖੇ ਨਾਲ ਕਥਿਤ ਲਟਕਦੇ ਹੋਏ ਦੇਖਿਆ, ਜਿਸ ਨੇ ਆਪਣੀ ਸੱਸ ਅਤੇ ਹੋਰ ਪਰਿਵਾਰਕ ਮੈਂਬਰਾਂ ਨੂੰ ਇਸ ਦੀ ਜਾਣਕਾਰੀ ਦਿੱਤੀ। ਥਾਣਾ ਪੁਲਸ ਨੇ ਮ੍ਰਿਤਕ ਦੇ ਸਾਲੇ ਸੁਨੀਲ ਕੁਮਾਰ ਵਾਸੀ ਸੈਕਟਰ-32 ਦੀ ਸ਼ਿਕਾਇਤ 'ਤੇ 174 ਦੀ ਕਾਰਵਾਈ ਅਮਲ 'ਚ ਲਿਆਂਦੀ ਹੈ।
