ਮੈਲਬਰਨ ’ਚ ਖਾਲਿਸਤਾਨੀ ਝੰਡੇ ਲਹਿਰਾਏ ਜਾਣ ਤੋਂ ਬਾਅਦ ਭਾਰਤ ਦੀ ਆਸਟਰੇਲੀਆ ਨੂੰ ਚਿਤਾਵਨੀ
Wednesday, Dec 07, 2022 - 08:56 AM (IST)

ਮੈਲਬਰਨ/ਨਵੀਂ ਦਿੱਲੀ : ਮੈਲਬਰਨ ਵਿਚ ਭਾਰਤੀ ਭਾਈਚਾਰੇ ਦੇ ਇਕ ਸਮਾਗਮ ਵਿਚ ਖਾਲਿਸਤਾਨੀ ਝੰਡੇ ਲਹਿਰਾਏ ਜਾਣ ਤੋਂ ਬਾਅਦ ਭਾਰਤ ਸਰਕਾਰ ਨੇ ਆਸਟਰੇਲੀਆ ਸਰਕਾਰ ਦੇ ਉੱਚ ਅਧਿਕਾਰੀਆਂ ਨੂੰ ਚੌਕਸ ਕੀਤਾ ਹੈ। ਭਾਰਤ ਨੇ ਇਹ ਪੇਸ਼ਕਦਮੀ ਅਜਿਹੇ ਮੌਕੇ ਕੀਤੀ ਹੈ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਗਲੇ ਦਿਨਾਂ ਵਿਚ ਕੁਆਡ (ਚਾਰ ਮੁਲਕੀ ਸਮੂਹ) ਆਗੂਆਂ ਦੀ ਮੀਟਿੰਗ ਲਈ ਆਸਟਰੇਲੀਆ ਜਾ ਰਹੇ ਹਨ। ਇਥੇ ਇਹ ਦੱਸਣਯੋਗ ਹੈ ਕਿ ਮੈਲਬਰਨ ਵਿਚ 19 ਨਵੰਬਰ ਨੂੰ ਭਾਰਤੀ ਭਾਈਚਾਰੇ ਵੱਲੋਂ ਕਰਵਾਏ ਸਮਾਗਮ ਲਈ ਫੰਡ ਆਸਟਰੇਲੀਅਨ ਸਰਕਾਰ ਨੇ ਦਿੱਤੇ ਸਨ। ਸਮਾਗਮ ਦੌਰਾਨ ਵੱਡੀ ਗਿਣਤੀ ਵਿਚ ਖਾਲਿਸਤਾਨੀ ਹਮਾਇਤੀਆਂ ਨੇ ਵੱਖਵਾਦੀ ਝੰਡੇ ਲਹਿਰਾਏ। ‘ਦਿ ਆਸਟਰੇਲੀਅਨ’ ਨੇ ਆਪਣੀ ਰਿਪੋਰਟ ਵਿਚ ਕਿਹਾ ਕਿ ਭਾਰਤੀ ਅਧਿਕਾਰੀਆਂ ਨੇ ਵਿਦੇਸ਼ ਮੰਤਰੀ ਪੈਨੀ ਵੌਂਗ ਤੇ ਗ੍ਰਹਿ ਮੰਤਰੀ ਕਲੇਅਰ ਓ’ਨੀਲ ਤੱਕ ਪਹੁੰਚ ਕਰਕੇ ਖਾਲਿਸਤਾਨੀ ਲਹਿਰ ਨੂੰ ਆਸਟਰੇਲੀਆ ਖਾਸ ਕਰਕੇ ਮੈਲਬਰਨ ਵਿਚ ਵਧਦੀ ਹਮਾਇਤ ’ਤੇ ਚਿੰਤਾ ਜਤਾਈ ਹੈ।
ਇਹ ਵੀ ਪੜ੍ਹੋ : ਸਾਬਕਾ ਕਾਂਗਰਸੀ ਵਿਧਾਇਕ ਹਰਦਿਆਲ ਕੰਬੋਜ ਖ਼ਿਲਾਫ਼ ਲੁੱਕ ਆਊਟ ਨੋਟਿਸ ਜਾਰੀ, ਜਾਣੋ ਕੀ ਹੈ ਪੂਰਾ ਮਾਮਲਾ
ਸਿੱਖ ਵੱਖਵਾਦੀਆਂ ਵੱਲੋਂ ਭਾਰਤ ਵਿਚ ਵੱਖਰੇ ਰਾਜ ਦੀ ਮੰਗ ਨੂੰ ਲੈ ਕੇ ਕੈਨੇਡਾ ਵਿਚ ਕਰਵਾਈ ਜਾ ਰਹੀ ‘ਰਾਇਸ਼ੁਮਾਰੀ’ ਖਿਲਾਫ਼ ਵੀ ਭਾਰਤ ਨੇ ਆਪਣਾ ਰੋਸ ਜਤਾਇਆ ਸੀ। ਭਾਰਤੀ ਅਧਿਕਾਰੀਆਂ ਨੇ ਆਸਟਰੇਲੀਆ ਦੇ ਦੋਵਾਂ ਮੰਤਰੀਆਂ ਨੂੰ ਦੱਸਿਆ ਕਿ ਖਾਲਿਸਤਾਨੀ ਲਹਿਰ ਦਾ ਇਤਿਹਾਸ ਅੱਤਵਾਦ ਨਾਲ ਜੁੜਿਆ ਹੈ ਅਤੇ ਬੀਤੇ ਸਮੇਂ ਵਿਚ ਇਸ ਮੁੱਦੇ ਨੂੰ ਲੈ ਕੇ ਕਾਫ਼ੀ ਹਿੰਸਾ ਵੀ ਹੋਈ ਹੈ। ਅਧਿਕਾਰੀਆਂ ਨੇ ਕਿਹਾ ਕਿ ਅੱਤਵਾਦ ਪੀੜਤ ਕਈ ਸਿੱਖ ਆਸਟਰੇਲੀਆ, ਕੈਨੇਡਾ, ਅਮਰੀਕਾ ਤੇ ਯੂ. ਕੇ . ਵਿਚ ਪਰਵਾਸ ਕਰ ਗਏ ਹਨ, ਜਿੱਥੇ ਉਹ ਭਾਈਚਾਰੇ ਦੇ ਨੌਜਵਾਨਾਂ ਨੂੰ ਵੱਖਰੇ ਰਾਜ ਦੀ ਮੰਗ ਨੂੰ ਲੈ ਕੇ ਆਪਣੇ ਨਾਲ ਜੋੜ ਰਹੇ ਹਨ। ਮੈਲਬਰਨ ਵਿਚ ਕੀਤਾ ਸਮਾਗਮ ਵਿਕਟੋਰੀਅਨ ਗੁਰਦੁਆਰਾ ਕੌਂਸਲ ਦੇ ਬੈਨਰ ਹੇਠ ਕਰਵਾਇਆ ਗਿਆ ਸੀ, ਜਿਸ ਲਈ ਫੰਡਿੰਗ ਸੂਬਾ ਸਰਕਾਰ ਨੇ ਦਿੱਤੀ ਸੀ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਭਾਜਪਾ ਹਾਈਕਮਾਂਡ ਵਲੋਂ ਪੰਜਾਬ ਦੀ 17 ਮੈਂਬਰੀ ਕੋਰ ਕਮੇਟੀ ਦਾ ਐਲਾਨ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।