''ਆਪ'' ਨੂੰ ਨਹੀਂ ਕੋਰੋਨਾ ਦਾ ਖ਼ੌਫ਼, ਬੈਠਕ ਦੌਰਾਨ ਸਰਕਾਰੀ ਨਿਯਮਾਂ ਦੀਆਂ ਉਡਾਈਆਂ ਧੱਜੀਆਂ

06/13/2020 6:08:02 PM

ਮੌੜ ਮੰਡੀ (ਪ੍ਰਵੀਨ): ਪੰਜਾਬ ਅੰਦਰ 'ਆਪ' ਨੂੰ ਮਜ਼ਬੂਤ ਕਰਨ ਲਈ ਆਮ ਆਦਮੀ ਪਾਰਟੀ ਵਲੋਂ ਪਿੰਡ ਮਾਈਸਰਖਾਨਾ ਵਿਖੇ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਦੀ ਅਗਵਾਈ 'ਚ ਇਕ ਮੀਟਿੰਗ ਕੀਤੀ ਗਈ। ਜਿਸ 'ਚ ਕੋਵਿਡ-19 ਰੋਕਣ ਸਬੰਧੀ ਸਰਕਾਰ ਦੇ ਨਿਯਮਾਂ ਦੀਆਂ ਪੂਰੀ ਤਰ੍ਹਾਂ ਧੱਜੀਆਂ ਉਡਾਈਆਂ ਗਈਆਂ। ਸਰਕਾਰ ਵਲੋਂ ਜਾਰੀ ਹੁਕਮਾਂ ਮੁਤਾਬਕ, ਕੋਵਿਡ-19 ਦੀ ਰੋਕਥਾਮ ਦੇ ਮੱਦੇਨਜ਼ਰ, ਕਿਤੇ ਵੀ 50 ਤੋਂ ਵੱਧ ਵਿਅਕਤੀ ਇਕੱਠੇ ਨਹੀਂ ਹੋ ਸਕਦੇ ਪਰ ਲੱਗਦਾ ਹੈ ਕਿ ਰਾਜਨੀਤਿਕ ਪਾਰਟੀਆਂ ਨੂੰ ਇਨ੍ਹਾਂ ਨਿਯਮਾਂ ਦੀ ਕੋਈ ਪ੍ਰਵਾਹ ਨਹੀਂ ਹੈ। ਆਮ ਆਦਮੀ ਪਾਰਟੀ ਦੀ ਇਸ ਮੀਟਿੰਗ ਦੌਰਾਨ ਨਾ ਸਿਰਫ ਸੌ ਤੋਂ ਵੱਧ ਵਿਅਕਤੀ ਇਕੱਠੇ ਹੋਏ ਬਲਕਿ ਕਿਸੇ ਵਾਲੰਟੀਅਰ ਵਲੋਂ ਨਾ ਤਾਂ ਮਾਸਕ ਲਾਇਆ ਹੋਇਆ ਸੀ ਅਤੇ ਨਾ ਹੀ ਸੋਸ਼ਲ ਦੂਰੀ ਦਾ ਪਾਲਣ ਕੀਤਾ ਜਾ ਰਿਹਾ ਸੀ, ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਸਰਕਾਰ ਦੇ ਇਹ ਕਾਨੂੰਨ ਸਿਰਫ ਆਮ ਜਨਤਾ ਨੂੰ ਪ੍ਰੇਸ਼ਾਨ ਕਰਨ ਲਈ ਹੀ ਬਣਾਏ ਜਾਂਦੇ ਹਨ।

ਇਹ ਵੀ ਪੜ੍ਹੋ: ਪੰਜਾਬ 'ਚ ਮਾਰੂ ਹੋਇਆ ਕੋਰੋਨਾ, ਸੰਗਰੂਰ 'ਚ ਹੋਈ ਦੂਜੀ ਮੌਤ

ਸੋਸ਼ਲ ਡਿਸਟੈਂਸ ਦਾ ਰੱਖਿਆ ਗਿਆ ਪੂਰਾ ਧਿਆਨ : ਹਲਕਾ ਇੰਚਾਰਜ
ਇਸ ਸਬੰਧੀ ਹਲਕਾ ਮੌੜ ਦੇ ਇੰਚਾਰਜ ਸੁਖਵੀਰ ਸਿੰਘ ਦਾ ਕਹਿਣਾ ਹੈ ਕਿ ਪਾਰਟੀ ਦੀ ਮਜ਼ਬੂਤੀ ਲਈ ਰੱਖੀ ਗਈ ਇਸ ਮੀਟਿੰਗ ਦੌਰਾਨ ਆਹੁਦੇਦਾਰਾਂ ਨੇ ਮਾਸਕ ਵਗੈਰਾ ਗਲਾਂ 'ਚ ਪਾ ਲਏ ਸਨ ਪਰ ਸੋਸ਼ਲ ਡਿਸਟੈਂਸ ਦਾ ਪੂਰਾ ਧਿਆਨ ਰੱਖਿਆ ਗਿਆ ਸੀ।

PunjabKesari

ਮਾਮਲੇ ਦੀ ਜਾਂਚ ਕਰ ਰਹੇ ਹਾਂ : ਡੀ.ਐੱਸ.ਪੀ.
ਇਸ ਸਬੰਧੀ ਡੀ.ਐੱਸ.ਪੀ. ਦਵਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਕੋਰੋਨਾ ਦੇ ਬਚਾਅ ਸਬੰਧੀ ਹੁਕਮ ਜਾਰੀ ਕੀਤੇ ਹੋਏ ਹਨ, ਜੇਕਰ ਕੋਈ ਵਿਅਕਤੀ ਇਸ ਦੀ ਉਲੰਘਣਾ ਕਰਦਾ ਹੈ ਤਾਂ ਬਹੁਤ ਹੀ ਮਾੜੀ ਗੱਲ ਹੈ, ਪਰ ਫਿਰ ਵੀ ਇਸ ਮਾਮਲੇ ਦੀ ਜਾਂਚ ਕਰ ਰਹੇ ਹਾਂ।

ਇਹ ਵੀ ਪੜ੍ਹੋ:  ਹਮੇਸ਼ਾ ਹੀ ਨਾਭਾ ਜੇਲ੍ਹ ਨੂੰ 'ਸੁਰੱਖਿਅਤ ਜੇਲ੍ਹ' ਮੰਨਦੇ ਰਹੇ ਹਨ ਅੱਤਵਾਦੀ ਅਤੇ ਗੈਂਗਸਟਰ

ਸਰਕਾਰੀ ਹੁਕਮ ਸਭ 'ਤੇ ਲਾਗੂ ਹੁੰਦੇ : ਤਹਿਸੀਲਦਾਰ
ਤਹਿਸੀਲਦਾਰ ਮੌੜ ਰਮੇਸ਼ ਕੁਮਾਰ ਦਾ ਕਹਿਣਾ ਹੈ ਕਿ ਪਿੰਡ ਮਾਈਸਰਖਾਨਾ ਵਿਖੇ ਕਿਸੇ ਪਾਰਟੀ ਵੱਲੋਂ ਕੀਤੇ ਇਕੱਠ ਸਬੰਧੀ ਕੋਈ ਜਾਣਕਾਰੀ ਨਹੀਂ ਹੈ ਪਰ ਜੋ ਸਰਕਾਰ ਨੇ ਹੁਕਮ ਜਾਰੀ ਕੀਤੇ ਹਨ, ਉਹ ਸਭ 'ਤੇ ਲਾਗੂ ਹੁੰਦੇ ਹਨ, ਇਸ ਲਈ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ।

ਇਹ ਵੀ ਪੜ੍ਹੋ: ਤਾਲਾਬੰਦੀ ਦੌਰਾਨ ਪਟਿਆਲਾ 'ਚ ਸ਼ਨੀਵਾਰ ਨੂੰ ਵੀ ਆਮ ਵਾਂਗ ਖੁੱਲ੍ਹੇ ਬਾਜ਼ਾਰ, ਪਰ ਗਾਹਕ ਗ਼ਾਇਬ

PunjabKesari

ਜਨਤਾ ਦਾ ਕਾਂਗਰਸ ਅਤੇ ਅਕਾਲੀ ਦਲ ਤੋਂ ਮੋਹ ਭੰਗ ਹੋ ਚੁੱਕਾ : ਮੀਤ ਹੇਅਰ
ਇਸ ਮੌਕੇ ਇਕੱਠੇ ਹੋਏ ਆਹੁਦੇਦਾਰਾਂ ਨੂੰ ਸੰਬੋਧਨ ਕਰਦੇ ਹੋਏ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਸੂਬੇ ਦੀ ਜਨਤਾ ਦਾ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਤੋਂ ਮੋਹ ਭੰਗ ਹੋ ਚੁੱਕਾ ਹੈ ਅਤੇ ਆਉਣ ਵਾਲੀ ਸਰਕਾਰ ਆਮ ਆਦਮੀ ਪਾਰਟੀ ਦੀ ਹੋਵੇਗੀ। ਇਸ ਲਈ ਵਾਲੰਟੀਅਰਾਂ ਨੂੰ ਚਾਹੀਦਾ ਹੈ ਕਿ ਉਹ ਆਪਸੀ ਧੜੇਬੰਦੀਆਂ ਖਤਮ ਕਰ ਕੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਮਿਹਨਤ ਕਰਨ। ਉਨ੍ਹਾਂ ਕਿਹਾ ਕਿ ਨਸ਼ੇ ਨੂੰ ਖਤਮ ਕਰਨ ਲਈ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਦੀ ਸਹੁੰ ਚੁੱਕੀ ਸੀ ਪਰ ਕਾਂਗਰਸ ਨੂੰ ਸੱਤਾ ਹਾਸਲ ਕੀਤੀ ਨੂੰ ਤਿੰਨ ਸਾਲ ਤੋਂ ਵਧੇਰੇ ਸਮਾਂ ਹੋ ਗਿਆ ਪਰ ਸੂਬੇ ਅੰਦਰ ਨਾਂ ਤਾਂ ਨਸ਼ਾ ਖਤਮ ਹੋਇਆ ਹੈ ਅਤੇ ਨਾ ਹੀ ਭ੍ਰਿਸ਼ਟਾਚਾਰ। ਜਿਸ ਕਾਰਨ ਲੋਕ ਕਾਂਗਰਸ ਸਰਕਾਰ ਨੂੰ ਚਲਦਾ ਕਰਨ ਲਈ ਸਮੇਂ ਦਾ ਇੰਤਜ਼ਾਰ ਕਰ ਰਹੇ ਹਨ।


Shyna

Content Editor

Related News