ਥੋੜ੍ਹੀ ਦੇਰ 'ਚ ਸ਼ੁਰੂ ਹੋਵੇਗੀ ਕੇਂਦਰੀ ਮੰਤਰੀਆਂ ਨਾਲ ਕਿਸਾਨਾਂ ਦੀ ਚੌਥੇ ਗੇੜ ਦੀ ਬੈਠਕ, CM ਮਾਨ ਵੀ ਹੋਣਗੇ ਸ਼ਾਮਲ

Sunday, Feb 18, 2024 - 07:36 PM (IST)

ਚੰਡੀਗੜ੍ਹ- ਕਿਸਾਨ ਜਥੇਬੰਦੀਆਂ ਅਤੇ ਕੇਂਦਰ ਸਰਕਾਰ ਦੇ ਮੰਤਰੀਆਂ ਵਿਚਾਲੇ ਚੌਥੇ ਗੇੜ ਦੀ ਬੈਠਕ ਚੰਡੀਗੜ੍ਹ ਦੇ ਮਹਾਤਮਾ ਗਾਂਧੀ ਇੰਸਟੀਚਿਊਟ 'ਚ ਬਸ ਕੁਝ ਹੀ ਦੇਰ 'ਚ ਸ਼ੁਰੂ ਹੋਣ ਵਾਲੀ ਹੈ।ਦੱਸ ਦੇਈਏ ਕਿ ਕਿਸਾਨ ਆਗੂ ਬੈਠਕ ਲਈ ਪਹੁੰਚ ਚੁੱਕੇ ਹਨ ਅਤੇ ਕੇਂਦਰੀ ਮੰਤਰੀਆਂ ਦਾ ਇੰਤਜ਼ਾਰ ਕਰ ਰਹੇ ਹਨ। ਇਸ ਵਿਚਕਾਰ ਖਬਰ ਆ ਰਹੀ ਹੈ ਕਿ ਕਿਸਾਨਾਂ ਅਤੇ ਕੇਂਦਰੀਆਂ ਮੰਤਰੀਆਂ ਵਿਚਾਲੇ ਹੋਣ ਵਾਲੀ ਚੌਥੇ ਗੇੜ ਦੀ ਬੈਠਕ 'ਵੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸ਼ਾਮਲ ਹੋਣਗੇ। ਅੱਜ ਦੀ ਇਸ ਬੈਠਕ ਨੂੰ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ। ਵੱਡੀ ਗਿਣਤੀ 'ਚ ਪੰਜਾਬ ਦੀਆਂ ਹੱਦਾਂ 'ਤੇ ਪਹੁੰਚ ਚੁਕੇ ਹਜ਼ਾਰਾਂ ਕਿਸਾਨ ਦਿੱਲੀ ਜਾਣ ਦੀ ਉਡੀਕ 'ਚ ਹਨ ਅਤੇ ਕਿਸਾਨ ਜਥੇਬੰਦੀਆਂ ਦੇ ਵਰਕਰ ਇਹ ਮੰਨ ਰਹੇ ਹਨ ਕਿ ਅੱਜ ਦੀ ਇਹ ਬੈਠਕ ਗੱਲਬਾਤ ਦੇ ਦੌਰ ਦੀ ਆਖਰੀ ਬੈਠਕ ਹੋਵੇਗੀ ਅਤੇ ਇਸੇ ਬੈਠਕ ਤੋਂ ਤੈਅ ਹੋ ਜਾਵੇਗਾ ਕਿ ਕਿਸਾਨ ਦਿੱਲੀ ਵੱਲ ਅੱਗੇ ਵਧਣਗੇ ਜਾਂ ਫਿਰ ਪੰਜਾਬ-ਹਰਿਆਣਾ ਦੀਆਂ ਸਰਹੱਦਾਂ ਤੋਂ ਹੀ ਆਪਣੇ ਘਰਾਂ ਨੂੰ ਪਰਤਣਗੇ। 

ਦੱਸ ਦੇਈਏ ਕਿ ਹੁਣ ਤਕ ਕਿਸਾਨ ਜਥੇਬੰਦੀਆਂ ਅਤੇ ਕੇਂਦਰ ਸਰਕਾਰ ਦੇ ਮੰਤਰੀਆਂ ਵਿਚਾਲੇ 3 ਗੇੜ ਦੀਆਂ ਬੈਠਕਾਂ ਹੋ ਚੁੱਕੀਆਂ ਹਨ ਜੋ ਕਿ ਬੇਸਿੱਟਾ ਰਹੀਆਂ। ਪਹਿਲੇ ਗੇੜ ਦੀ ਬੈਠਕ 10 ਫਰਵਰੀ ਨੂੰ ਅਤੇ ਦੂਜੇ ਗੇੜ ਦੀ ਬੈਠਕ 12 ਫਰਵਰੀ ਨੂੰ ਹੋਈ ਸੀ। ਇਸਤੋਂ ਬਾਅਦ 15 ਫਰਵਰੀ ਨੂੰ ਤੀਜੇ ਗੇੜ ਦੀ ਬੈਠਕ 'ਚ ਐੱਮ.ਐੱਸ.ਪੀ. ਸਣੇ ਸਾਰੀਆਂ ਮੰਗਾਂ 'ਤੇ ਚਰਚਾ ਕੀਤੀ ਗਈ ਸੀ। ਤੀਜੇ ਗੇੜ ਦੀ ਬੈਠਕ 'ਚ ਭਾਰਤ ਸਰਕਾਰ ਦੇ ਕੇਂਦਰੀ ਮੰਤਰੀ ਮੌਜੂਦ ਸਨ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਖਜਾਨਾ ਮੰਤਰੀ ਸਣੇ ਹੋਰ ਕਿਸਾਨ ਆਗੂ ਬੈਠਕ 'ਚ ਸ਼ਾਮਲ ਹੋਏ ਸਨ। ਪੰਜਾਬ ਦੇ ਮੁੱਖ ਮੰਤਰੀ ਨੇ ਜਦੋਂ ਨਿੱਜੀ ਦਖਲ ਦਿੱਤਾ ਸੀ, ਉਸਤੋਂ ਬਾਅਦ ਕੇਂਦਰ ਸਰਕਾਰ ਅਤੇ ਕਿਸਾਨਾਂ ਵਿਚਾਲੇ ਬੈਠਕ ਸ਼ੁਰੂ ਹੋਈ ਸੀ ਅਤੇ 10 ਫਰਵਰੀ ਨੂੰ ਪਹਿਲੇ ਗੇੜ ਦੀ ਬੈਠਕ ਸ਼ੁਰੂ ਹੋਈ ਸੀ। 

ਕਿਸਾਨਾਂ ਅਤੇ ਕੇਂਦਰ ਸਰਕਾਰ ਦੇ ਮੰਤਰੀਆਂ ਵਿਚਾਲੇ ਤੀਜੇ ਗੇੜ ਦੀ ਬੈਠਕ 15 ਫਰਵਰੀ ਨੂੰ ਸ਼ਾਮ ਦੇ 6 ਵਜੇ ਸ਼ੁਰੂ ਹੋਈ ਸੀ ਜੋ ਕਿ ਰਾਤ ਦੇ ਡੇਢ ਵਜੇ ਤਕ ਚੱਲੀ ਪਰ ਇਸ ਦੌਰਾਨ ਕੋਈ ਵੀ ਹੱਲ ਨਹੀਂ ਨਿਕਲ ਸਕਿਆ ਅਤੇ ਅੱਜ ਹੋਣ ਵਾਲੀ ਬੈਠਕ ਦਾ ਸਮਾਂ ਤੈਅ ਕੀਤਾ ਗਿਆ ਸੀ। ਹੁਣ ਸਾਰਿਆਂ ਦੀਆਂ ਨਜ਼ਰਾਂ ਅੱਜ ਦੀ ਬੈਠਕ 'ਤੇ ਟਿਕੀਆਂ ਹੋਈਆਂ ਹਨ। 
 


Rakesh

Content Editor

Related News