ਅਕਾਲੀ ਦਲ ਦੇ ਬਾਗੀ ਧੜੇ ਦੀ ਮੀਟਿੰਗ ''ਚ ਚੁੱਕੇ ਗਏ ਪੰਜਾਬ ਦੇ ਅਹਿਮ ਮੁੱਦੇ, ਸੁਖਬੀਰ ਬਾਦਲ ''ਤੇ ਵੀ ਹੋਏ ਤਿੱਖੇ ਹਮਲੇ
Saturday, Aug 31, 2024 - 11:57 PM (IST)
ਚੰਡੀਗੜ੍ਹ (ਅੰਕੁਰ) : ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੀ ਪ੍ਰਜ਼ੀਡੀਅਮ ਸਮੇਤ ਸਲਾਹਕਾਰ ਬੋਰਡ ਦੀ ਅਹਿਮ ਮੀਟਿੰਗ ਚੰਡੀਗੜ੍ਹ ਸਥਿਤ ਲੁਬਾਣਾ ਭਵਨ ਵਿਖੇ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਦੀ ਅਗਵਾਈ ਹੇਠ ਹੋਈ। ਮੀਟਿੰਗ ’ਚ ਪੰਜਾਬ ਦੇ ਕੇਂਦਰ ਨਾਲ ਜੁੜੇ ਮੁੱਦਿਆਂ, ਕਿਸਾਨੀ, ਪੰਥ, ਪੰਜਾਬ ਦੇ ਪਾਣੀਆਂ ਤੇ ਵਾਤਾਵਰਨ ਨਾਲ ਜੁੜੇ ਅਹਿਮ ਮਸਲਿਆਂ 'ਤੇ ਗੰਭੀਰ ਵਿਚਾਰਾਂ ਹੋਈਆਂ, ਜਿਸ ’ਚ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਵਿਸਥਾਰ ਲਈ ਜ਼ਿਲ੍ਹਾ ਆਬਜ਼ਰਵਰ ਲਾ ਕੇ ਜ਼ਿਲ੍ਹਾ ਪੱਧਰ ’ਤੇ ਮੀਟਿੰਗਾਂ ਕਰ ਕੇ ਪੰਥ 'ਤੇ ਆਏ ਸੰਕਟ ਲਈ ਵਿਚਾਰਾ ਕੀਤੀਆਂ ਜਾਣਗੀਆਂ।
ਮੀਟਿੰਗ ਤੋਂ ਬਾਅਦ ਜੱਥੇਦਾਰ ਵਡਾਲਾ ਨੇ ਕਿਹਾ ਕਿ ਕੇਂਦਰ ਪੰਜਾਬ ਨਾਲ ਜੁੜੇ ਮੁੱਦਿਆਂ ’ਤੇ ਗੰਭੀਰਤਾ ਨਹੀਂ ਦਿਖਾ ਰਹੀ। ਜੱਥੇਦਾਰ ਵਡਾਲਾ ਨੇ ਕਿਹਾ ਕਿ ਹੁਣ ਤਾਂ ਪੱਖਪਾਤ ਦੀ ਹੱਦ ਸੀਮਾ ਵੀ ਕੇਂਦਰ ਪਾਰ ਕਰ ਚੁੱਕਾ ਹੈ ਜਿਸ ਦਾ ਖਾਮਿਆਜ਼ਾ ਪੰਜਾਬ ਨੂੰ ਆਰਥਿਕ ਤੇ ਵਿਕਾਸ ਦੇ ਤੌਰ ’ਤੇ ਭੁਗਤਣਾ ਪਿਆ ਹੈ। ਇਸ ਦੇ ਨਾਲ ਹੀ ਵਡਾਲਾ ਨੇ ਪਾਣੀਆਂ ਦੇ ਮੁੱਦੇ ’ਤੇ ਸਮੇਂ-ਸਮੇਂ ’ਤੇ ਕੇਂਦਰ ਦੀਆਂ ਸਰਕਾਰਾਂ ਵੱਲੋਂ ਪੰਜਾਬ ਪ੍ਰਤੀ ਵਰਤੀ ਰਵੱਈਏ ’ਤੇ ਤਿੱਖਾ ਪ੍ਰਤੀਕਰਮ ਦਿੱਤਾ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਨੂੰ ਆਪਣੇ ਪਾਣੀ ਦੀ ਮਲਕੀਅਤ ਸਾਬਿਤ ਕਰਨ ਲਈ ਜੱਦੋ-ਜਹਿਦ ਕਰਨੀ ਪੈ ਰਹੀ ਹੈ।
ਇਸ ਦੇ ਨਾਲ ਹੀ ਉਨ੍ਹਾਂ ਲਗਾਤਾਰ ਧਰਤੀ ਹੇਠਲੇ ਪਾਣੀ ਦੇ ਡੂੰਘੇ ਹੋ ਰਹੇ ਸੰਕਟ ’ਤੇ ਚਿੰਤਾ ਜ਼ਾਹਿਰ ਕੀਤੀ। ਉਨ੍ਹਾਂ ਕਿਹਾ ਕਿ ਅੱਜ ਪੀਣ ਵਾਲਾ ਪੰਜਾਬ ਦਾ ਪਾਣੀ ਪੂਰੀ ਤਰਾਂ ਦੂਸ਼ਿਤ ਹੋ ਚੁੱਕਾ ਹੈ, ਸਾਡੇ ਕਿਸਾਨ ਸੜਕਾਂ ’ਤੇ ਹਨ ਤੇ ਉਨ੍ਹਾਂ ਦੀਆਂ ਮੰਗਾਂ ਜਾਇਜ਼ ਹਨ, ਕਿਉਂਕਿ ਐੱਮ.ਐੱਸ.ਪੀ. ਦੀ ਕਾਨੂੰਨੀ ਗਾਰੰਟੀ ਦੇਣ ਦਾ ਵਾਅਦਾ ਕੇਂਦਰ ਨੇ ਕੀਤਾ ਸੀ ਜੋ ਤੁਰੰਤ ਪੂਰਾ ਕੀਤਾ ਜਾਵੇ। ਬਾਸਮਤੀ ’ਤੇ ਟੈਕਸ ਘਟਾਇਆ ਜਾਵੇ ਤੇ ਪਰਮਲ ਨੂੰ ਐਕਸਪੋਰਟ ਕਰ ਪੰਜਾਬ ਦੇ ਗੋਦਾਮ ਖਾਲੀ ਕੀਤੇ ਜਾਣ।
ਇਹ ਵੀ ਪੜ੍ਹੋ- ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ, ਸਾਬਕਾ ਵਿਧਾਇਕ ਨੇ ਪਾਰਟੀ ਛੱਡ ਫੜਿਆ ਕਾਂਗਰਸ ਦਾ 'ਹੱਥ'
ਪੰਥਕ ਮੁੱਦਿਆਂ 'ਤੇ ਆਪਣੀਆਂ ਜ਼ਿੰਮੇਵਾਰੀਆਂ ਦੇ ਅਹਿਸਾਸ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਨਾਲ ਸਬੰਧਤ ਜੇਲ੍ਹਾਂ ’ਚ ਬੰਦ ਸਿੰਘਾਂ ਨਾਲ ਕਾਨੂੰਨ ਦੇ ਉਲਟ ਵਤੀਰਾ ਵਰਤਿਆ ਜਾ ਰਿਹਾ ਹੈ। ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨਾਲ ਸੰਵਿਧਾਨਿਕ ਹੱਕਾਂ ਨੂੰ ਛਿੱਕੇ ਟੰਗਿਆ ਜਾ ਚੁੱਕਾ ਹੈ। ਭਾਈ ਬਲਵੰਤ ਸਿੰਘ ਰਾਜੋਆਣਾ ਦੇ ਫਾਂਸੀ ਦੇ ਫੈਸਲੇ ਨੂੰ ਉਮਰ ਕੈਦ ’ਚ ਤਬਦੀਲ ਕਰਨ ਦੀ ਪ੍ਰਕਿਰਿਆ ’ਚ ਤੇਜ਼ੀ ਲਿਆਉਣ ਦੀ ਵਕਾਲਤ ਕੀਤੀ।
ਉਨ੍ਹਾਂ ਸੁਖਬੀਰ ਸਿੰਘ ਬਾਦਲ ਦੇ ਮੁੜ ਅਸਤੀਫ਼ੇ ਦੀ ਮੰਗ ਕਰਦਿਆਂ ਕਿਹਾ ਕਿ ਤਨਖਾਹੀਆ ਕਰਾਰ ਹੋਣ ਦਾ ਮਤਲਬ ਹੈ ਕੋਈ ਸਿੱਖ ਉਨ੍ਹਾਂ ਨਾਲ ਗੱਲ ਨਹੀਂ ਕਰ ਸਕਦਾ, ਉਹ ਕਿਸੇ ਵੀ ਸਮਾਜਿਕ ਸਮਾਗਮ ’ਚ ਹਿੱਸਾ ਨਹੀਂ ਲੈ ਸਕਦੇ, ਕਿਸੇ ਵੀ ਤਖ਼ਤ ਸਾਹਿਬ ’ਤੇ ਮੱਥਾ ਨਹੀ ਟੇਕ ਸਕਦੇ, ਕਿਸੇ ਵੀ ਗੁਰੂ ਘਰ ਉਨ੍ਹਾਂ ਦੀ ਅਰਦਾਸ ਨਹੀਂ ਹੋ ਸਕਦੀ ਤੇ ਨਾ ਹੀ ਉਸ ਦੀ ਦੇਗ ਪ੍ਰਵਾਨ ਹੋ ਸਕਦੀ ਹੈ। ਇਤਿਹਾਸ ਗਵਾਹ ਹੈ ਕਿ ਜਦੋਂ ਮਹਾਰਾਜਾ ਰਣਜੀਤ ਸਿੰਘ ਨੂੰ ਤਨਖਾਹੀਆ ਕਰਾਰ ਦਿੱਤਾ ਸੀ ਤਾਂ ਉਸ ਦੇ ਅਹਿਲਕਾਰਾਂ ਨੇ ਵੀ ਮੂੰਹ ਮੋੜ ਲਏ ਸਨ ਤੇ ਕੋਈ ਫ਼ਤਹਿ ਨਹੀਂ ਸੀ ਬੁਲਾਉਂਦਾ।
ਇਨ੍ਹਾਂ ਨੇ ਭਰੀ ਹਾਜ਼ਿਰੀ
ਇਸ ਸਮੇਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ, ਬੀਬੀ ਜਗੀਰ ਕੌਰ, ਬਲਦੇਵ ਸਿੰਘ ਮਾਨ, ਸਰਵਨ ਸਿੰਘ ਫਿਲੌਰ, ਸੁੱਚਾ ਸਿੰਘ ਛੋਟੇਪੁੱਰ, ਸੰਤਾ ਸਿਮਘ ਉਮੈਦਪੁਰ, ਪ੍ਰਮਿੰਦਰ ਸਿੰਘ ਢੀਂਡਸਾ, ਸੁਰਿੰਦਰ ਸਿੰਘ ਭੁਲੇਵਾਲਰਾਠਾ, ਚਰਨਜੀਤ ਸਿੰਘ ਬਰਾੜ, ਹਰਿੰਦਰਪਾਲ ਸਿੰਘ ਚੰਦੂਮਾਜਰਾ, ਪਰਮਜੀਤ ਕੌਰ ਗੁਲਸ਼ਨ, ਗਗਨਜੀਤ ਸਿਮਘ ਬਰਨਾਲਾ, ਪਰਮਜੀਤ ਕੌਰ ਲਾਡਰਾਂ, ਕਿਰਨਜੋਤ ਕੌਰ, ਹਰਦੇਵ ਸਿੰਘ ਰੋਗਲਾ, ਰਾਮਪਾਲ ਸਿੰਘ ਬੈਨੀਵਾਲ, ਹਰਿੰਦਰਪਾਲ ਸਿੰਘ ਦਿੱਲੀ, ਹਰਪ੍ਰੀਤ ਸਿੰਘ ਬੰਨੀ ਜੋਲੀ ਦਿੱਲੀ ਆਦਿ ਹਾਜ਼ਰ ਸਨ।
ਇਹ ਵੀ ਪੜ੍ਹੋ- ਮਾਸੀ-ਮਾਸੜ ਦਾ ਕਾਰਾ ; ਲੱਖਾਂ ਦਾ ਕਰਜ਼ਾ ਮੋੜਨ ਲਈ ਮਾਸੂਮ ਭਤੀਜੀ ਨੂੰ ਹੀ ਕਰ ਲਿਆ ਅਗਵਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e