ਮੀਤ ਹੇਅਰ ਦਾ CM ਚੰਨੀ ’ਤੇ ਵੱਡਾ ਹਮਲਾ, ਕਿਹਾ-ਬੇਰੁਜ਼ਗਾਰ ਅਧਿਆਪਕ ਦਲਜੀਤ ਦਾ ਹੋਇਆ ‘ਸਰਕਾਰੀ ਕਤਲ’

Sunday, Nov 14, 2021 - 08:52 PM (IST)

ਮੀਤ ਹੇਅਰ ਦਾ CM ਚੰਨੀ ’ਤੇ ਵੱਡਾ ਹਮਲਾ, ਕਿਹਾ-ਬੇਰੁਜ਼ਗਾਰ ਅਧਿਆਪਕ ਦਲਜੀਤ ਦਾ ਹੋਇਆ ‘ਸਰਕਾਰੀ ਕਤਲ’

ਚੰਡੀਗੜ੍ਹ (ਬਿਊਰੋ)-ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਯੂਥ ਵਿੰਗ ਦੇ ਪ੍ਰਧਾਨ ਅਤੇ ਵਿਧਾਇਕ ਮੀਤ ਹੇਅਰ ਨੇ ਬੇਰੁਜ਼ਗਾਰੀ ਵਿਰੁੱਧ ਸੰਘਰਸ਼ ਕਰ ਰਹੇ ਬੇਰੁਜ਼ਗਾਰ ਪੀ. ਟੀ. ਆਈ. ਯੂਨੀਅਨ (646) ਦੇ ਕਾਰਕੁੰਨ ਦਲਜੀਤ ਸਿੰਘ ਕਾਕਾ ਭਾਊ ਦੀ ਡੇਂਗੂ ਨਾਲ ਹੋਈ ਮੌਤ ਨੂੰ ‘ਸਰਕਾਰੀ ਕਤਲ’ ਕਰਾਰ ਦਿੱਤਾ ਹੈ ਅਤੇ ਇਸ ਲਈ ਸੱਤਾਧਾਰੀ ਕਾਂਗਰਸ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਐਤਵਾਰ ਨੂੰ ਪਾਰਟੀ ਹੈੱਡਕੁਆਰਟਰ ਤੋਂ ਜਾਰੀ ਬਿਆਨ ਰਾਹੀਂ ਮੀਤ ਹੇਅਰ ਨੇ ਮੁਹਾਲੀ ਵਿਖੇ ਧਰਨਾ ਲਗਾ ਕੇ ਨੌਕਰੀ ਦੀ ਮੰਗ ਕਰ ਰਹੇ ਬੇਰੁਜ਼ਗਾਰ ਪੀ.ਟੀ.ਆਈ. ਯੂਨੀਅਨ (646) ਨਾਲ ਸਬੰਧਿਤ ਪਿੰਡ ਕੌੜੀਵਾਲਾ (ਸਰਦੂਲਗੜ੍ਹ) ਮਾਨਸਾ ਦੇ ਹੋਣਹਾਰ ਨੌਜਵਾਨ ਦਲਜੀਤ ਸਿੰਘ ਕਾਕਾ ਭਾਊ ਦੀ ਬੇਵਕਤੀ ਮੌਤ ’ਤੇ ਸਮੁੱਚੀ ਆਮ ਆਦਮੀ ਪਾਰਟੀ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਇਸ ਲਈ ਗਲ਼ੇ-ਸੜੇ ਅਤੇ ਦਿਸ਼ਾਹੀਣ ਸਰਕਾਰੀ ਸਿਸਟਮ ਸਮੇਤ ਸੱਤਾਧਾਰੀ ਸਿਆਸਤਦਾਨਾਂ ਨੂੰ ਦੋਸ਼ੀ ਠਹਿਰਾਇਆ। ਮੀਤ ਹੇਅਰ ਨੇ ਦੱਸਿਆ ਕਿ ਇਕ ਪਾਸੇ ਸੂਬੇ ਦੇ ਸਰਕਾਰੀ ਸਕੂਲਾਂ ’ਚ ਪੀ.ਟੀ.ਆਈ. ਮਾਸਟਰਾਂ ਦੇ ਸੈਂਕੜੇ ਅਹੁਦੇ ਖ਼ਾਲੀ ਪਏ ਹਨ ਅਤੇ ਵਿਦਿਆਰਥੀ ਖੇਡਣ-ਕੁੱਦਣ ਲਈ ਪੀ.ਟੀ.ਆਈ. ਟੀਚਰਾਂ ਨੂੰ ਤਰਸ ਰਹੇ ਹਨ, ਦੂਜੇ ਪਾਸੇ ਪੜ੍ਹ-ਲਿਖ ਅਤੇ ਲੋੜੀਂਦੀ ਯੋਗਤਾ ਲੈ ਕੇ ਪੀ.ਟੀ.ਆਈ. ਉਮੀਦਵਾਰ ਨੌਕਰੀਆਂ ਲਈ ਸੜਕਾਂ-ਟੈਂਕੀਆਂ ਉੱਤੇ ਪੱਕੇ ਧਰਨੇ ਲਗਾਉਣ ਲਈ ਮਜਬੂਰ ਹਨ।

ਇਹ ਵੀ ਪੜ੍ਹੋ : ਨਵਜੋਤ ਕੌਰ ਸਿੱਧੂ ਦਾ ਕੈਪਟਨ ’ਤੇ ਸ਼ਬਦੀ ਹਮਲਾ, ਕਿਹਾ-ਮੇਰੇ ਪਤੀ ਕਦੀ ਵੀ ਪਿੱਠ ਦਿਖਾ ਕੇ ਪਾਰਟੀ ਨਹੀਂ ਛੱਡਦੇ (ਵੀਡੀਓ)

ਮੀਤ ਹੇਅਰ ਨੇ ਦੱਸਿਆ ਕਿ ਬੇਰੁਜ਼ਗਾਰ ਪੀ.ਟੀ.ਆਈ. ਯੂਨੀਅਨ (646) ਦੇ ਬੈਨਰ ਹੇਠ ਪਿਛਲੇ 32 ਦਿਨਾਂ ਤੋਂ ਨੌਜਵਾਨ ਲੜਕੇ-ਲੜਕੀਆਂ ਮੁਹਾਲੀ ਸਥਿਤ ਇਕ ਪਾਣੀ ਦੀ ਟੈਂਕੀ ਥੱਲੇ ਧਰਨੇ ’ਤੇ ਬੈਠੇ ਹਨ, ਜਿਨ੍ਹਾਂ ਦੇ ਕੁਝ ਸਾਥੀ 32 ਦਿਨਾਂ ਤੋਂ ਹੀ ਪਾਣੀ ਦੀ ਟੈਂਕੀ ਉੱਤੇ ਚੜ੍ਹੇ ਹੋਏ ਹਨ। ਉਨ੍ਹਾਂ ਕਿਹਾ ਕਿ ਇਕ ਪਾਸੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਆਮ ਲੋਕਾਂ ’ਚ ਬਣੇ ਰਹਿਣ ਲਈ ਰੋਜ਼ ਨਵਾਂ ਡਰਾਮਾ ਕਰਦੇ ਹਨ ਪਰ ਆਪਣੀ ਨਿੱਜੀ ਅਤੇ ਸਰਕਾਰੀ ਰਿਹਾਇਸ਼ ਤੋਂ ਸਿਰਫ਼ 15-20 ਮਿੰਟ-ਦੂਰੀ ’ਤੇ ਸਥਿਤ ਇਨ੍ਹਾਂ ਧਰਨਾਕਾਰੀ ਨੌਜਵਾਨਾਂ ਨੂੰ ਮਿਲਣ ਜਾਂ ਇਨ੍ਹਾਂ ਦੀ ਗੱਲ ਸੁਣਨ ਦਾ ਉਨ੍ਹਾਂ ਕੋਲ ਕੋਈ ਸਮਾਂ ਨਹੀਂ ਹੈ, ਜਿਸ ਤੋਂ ਸਾਬਤ ਹੁੰਦਾ ਹੈ ਕਿ ਚੰਨੀ ਜ਼ਮੀਨੀ ਹਕੀਕਤਾਂ ਤੋਂ ਦੂਰ ਸਿਰਫ਼ ਹਵਾ ’ਚ ਤੀਰ ਮਾਰ ਰਹੇ ਹਨ। ਮੀਤ ਹੇਅਰ ਨੇ ਕਿਹਾ ਕਿ ਜੇਕਰ ਸਰਕਾਰ ਕੋਲ ਸਹੀ ਨੀਤੀ ਅਤੇ ਸਾਫ਼-ਸੁਥਰੀ ਨੀਅਤ ਹੋਵੇ ਤਾਂ ਨਾ ਸਿਰਫ ਪੀ.ਟੀ.ਆਈ. ਯੂਨੀਅਨ ਬਲਕਿ ਪੰਜਾਬ ਭਰ ’ਚ ਧਰਨਿਆਂ ’ਤੇ ਬੈਠੇ ਵੱਖ-ਵੱਖ ਬੇਰੁਜ਼ਗਾਰ ਅਤੇ ਹੋਰ ਸੰਗਠਨਾਂ ਦੇ ਮੁੱਦੇ ਘੰਟਿਆਂ ’ਚ ਹੱਲ ਹੋ ਸਕਦੇ ਹਨ।

ਸਿੱਖਿਆ ਦੇ ਖੇਤਰ ਵਾਂਗ ਲੋਕਾਂ ਦੀ ਸਿਹਤ ਵੀ ਸਰਕਾਰ ਦੇ ਏਜੰਡੇ ’ਚ ਨਹੀਂ ਹੈ, ਜਿਸ ਕਰਕੇ ਡੇਂਗੂ ਨਾਲ ਸੈਂਕੜੇ ਲੋਕਾਂ ਦੀ ਮੌਤ ਹੋਣ ਦੇ ਬਾਵਜੂਦ ਕਾਂਗਰਸ ਸਰਕਾਰ ਅੱਜ ਵੀ ਡੇਂਗੂ ਦੀ ਬੀਮਾਰੀ ’ਤੇ ਕਾਬੂ ਨਹੀਂ ਪਾ ਸਕੀ। ਉਨ੍ਹਾਂ ਦੱਸਿਆ ਕਿ ਮੁਹਾਲੀ ’ਚ ਜਿਸ ਥਾਂ ’ਤੇ ਪ੍ਰਦਰਸ਼ਨਕਾਰੀ ਧਰਨੇ ’ਤੇ ਬੈਠੇ ਹਨ, ਉਥੇ ਹੀ ਆਸ-ਪਾਸ ਦੀ ਗੰਦਗੀ ਕਾਰਨ ਦਲਜੀਤ ਸਿੰਘ ਡੇਂਗੂ ਦੀ ਲਪੇਟ ’ਚ ਆ ਗਿਆ, ਜੋ ਲਗਾਤਾਰ 29 ਦਿਨਾਂ ਤੋਂ ਉਸੇ ਥਾਂ ’ਤੇ ਦਿਨ-ਰਾਤ ਧਰਨੇ ’ਤੇ ਬੈਠਾ ਸੀ। ਉਨ੍ਹਾਂ ਦਲਜੀਤ ਸਿੰਘ ਦੀ ਮੌਤ ਲਈ ਸਿੱਧੇ ਤੌਰ ’ਤੇ ਸਰਕਾਰ ਨੂੰ ਜ਼ਿੰਮੇਵਾਰ ਦੱਸਿਆ ਹੈ। ਇਸ ਲਈ ਚੰਨੀ ਸਰਕਾਰ ਦਲਜੀਤ ਸਿੰਘ ਦੇ ਪਰਿਵਾਰ ਦੇ ਇਕ ਯੋਗ ਮੈਂਬਰ ਨੂੰ ਸਰਕਾਰੀ ਨੌਕਰੀ ਅਤੇ ਢੁੱਕਵਾਂ ਮੁਆਵਜ਼ਾ ਦੇਣ ਦੇ ਨਾਲ-ਨਾਲ ਧਰਨਿਆਂ ’ਤੇ ਬੈਠੇ ਸਾਰੇ ਬੇਰੁਜ਼ਗਾਰਾਂ ਨੂੰ ਆਪਣੇ ‘ਘਰ-ਘਰ ਨੌਕਰੀ’ ਦੇ ਵਾਅਦੇ ਅਨੁਸਾਰ ਨੌਕਰੀਆਂ ਯਕੀਨੀ ਬਣਾਵੇ।

ਇਹ ਵੀ ਪੜ੍ਹੋ : ਧੋਖਾ ਹੈ 13 ਨੁਕਾਤੀ ਏਜੰਡਾ, ਸਿਰਫ਼ ਬੇਅਦਬੀ ਦੇ ਇਨਸਾਫ਼ ਬਾਰੇ ਹੀ ਦੱਸ ਦੇਣ ਕਾਂਗਰਸੀ : ਹਰਪਾਲ ਚੀਮਾ


author

Manoj

Content Editor

Related News