ਮੈਡੀਸਨ ਮਾਫੀਆ ਖਿਲਾਫ ਪਾਰਲੀਮੈਂਟ 'ਚ ਲਿਆਵਾਂਗਾ ਬਿੱਲ : ਭਗਵੰਤ ਮਾਨ (ਵੀਡੀਓ)

02/20/2020 11:45:15 AM

ਜਲੰਧਰ : ਸੰਗਰੂਰ ਤੋਂ ਸੰਸਦ ਮੈਂਬਰ ਤੇ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਮੈਡੀਸਨ ਮਾਫੀਆ ਖਿਲਾਫ ਪਾਰਲੀਮੈਂਟ 'ਚ ਮੁੱਦਾ ਚੁੱਕਣ ਦੀ ਗੱਲ ਆਖੀ ਹੈ। ਭਗਵੰਤ ਮਾਨ ਨੇ 'ਜਗ ਬਾਣੀ' ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ 'ਚ ਰੇਤ ਮਾਫੀਆ, ਬਿਜਲੀ ਮਾਫੀਆ, ਮੈਡੀਸਨ ਮਾਫੀਆ ਸਮੇਤ ਕਈ ਮਾਫੀਆਂ ਚੱਲ ਰਹੇ ਹਨ, ਜਿਹੜੇ ਕਿ ਸਰਕਾਰਾਂ ਤੋਂ ਬਗੈਰ ਨਹੀਂ ਚੱਲ ਸਕਦੇ ਹਨ। ਉਥੇ ਹੀ ਉਨ੍ਹਾਂ ਨੇ ਸੂਬੇ 'ਚ ਲੋਕਾਂ ਦੀ ਸਿਹਤ ਸਬੰਧੀ ਪੰਜਾਬ ਸਰਕਾਰ ਵਲੋਂ ਕੋਈ ਵੀ ਕਦਮ ਨਾ ਚੁੱਕੇ ਜਾਣ 'ਤੇ ਸਵਾਲ ਖੜ੍ਹੇ ਕੀਤੇ। ਉਨ੍ਹਾਂ ਕਿਹਾ ਕਿ ਹਸਪਤਾਲਾਂ 'ਚ ਡਾਕਟਰਾਂ ਵਲੋਂ ਲਿਖੀ ਹੋਈ ਦਵਾਈ ਹਸਪਤਾਲਾਂ 'ਚੋਂ ਨਹੀਂ ਮਿਲਦੀ ਹੈ ਤੇ ਉਹ ਦਵਾਈਆਂ ਬਾਹਰੀ ਮੈਡੀਕਲਾਂ ਤੋਂ ਮਹਿੰਗੀਆਂ ਮਿਲਦੀਆਂ ਹਨ, ਜਿਸ ਕਾਰਨ ਗਰੀਬ ਵਰਗ ਤੇ ਲੋਕ ਕਾਫੀ ਪਰੇਸ਼ਾਨੀਆਂ 'ਚੋਂ ਲੰਘਦੇ ਹਨ। ਉਨ੍ਹਾਂ ਕਿਹਾ ਕਿ ਪ੍ਰਾਈਵੇਟ ਹਸਪਤਾਲ ਫਾਈਵ ਸਟਾਰ ਹੋਟਲਾਂ ਦੀ ਤਰ੍ਹਾਂ ਬਣ ਕੇ ਰਹਿ ਗਏ ਹਨ, ਜਿਥੇ ਮਹਿੰਗੀਆਂ ਦਵਾਈਆਂ ਤੇ ਮਹਿੰਗਾ ਇਲਾਜ ਹੁੰਦਾ ਹੈ। ਉਨ੍ਹਾਂ ਕਿਹਾ ਕਿ ਲੀਡਰ ਖੁਦ ਇਥੋਂ ਦੇ ਹਸਪਤਾਲਾਂ 'ਚ ਇਲਾਜ ਨਹੀਂ ਕਰਵਾਉਂਦੇ ਸਗੋ ਆਪਣੇ ਇਲਾਜ ਲਈ ਵਿਦੇਸ਼ਾਂ 'ਚ ਚੱਲੇ ਜਾਂਦੇ ਹਨ। ਮਾਨ ਨੇ ਕਿਹਾ ਕਿ ਉਹ ਪੰਜਾਬ 'ਚ ਫੈਲੇ ਮੈਡੀਸਨ ਮਾਫੀਆ ਖਿਲਾਫ ਪਾਰਲੀਮੈਂਟ 'ਚ ਬਿੱਲ ਲਿਆਉਣਗੇ।
ਉਥੇ ਹੀ ਲੌਂਗੋਵਾਲ ਵੈਨ ਹਾਦਸੇ ਬਾਰੇ ਬੋਲਦੇ ਹੋਏ ਮਾਨ ਨੇ ਵਿਰੋਧੀਆਂ 'ਤੇ ਤੰਜ ਕੱਸਦਿਆਂ ਕਿਹਾ ਕਿ ਇਨ੍ਹਾਂ ਦੇ ਬੱਚੇ ਕਦੇ ਆਟੋਆਂ 'ਚ ਨਹੀਂ ਜਾਂਦੇ ਸਗੋ ਉਨ੍ਹਾਂ ਦੀ ਸੁਰੱਖਿਆ ਬਹੁਤ ਸਖ਼ਤ ਹੁੰਦੀ ਹੈ। ਉਨ੍ਹਾਂ ਨੂੰ ਗੱਡੀਆਂ ਲੈਣ ਜਾਂਦੀਆਂ, ਛੱਡਣ ਜਾਂਦੀਆਂ ਹਨ ਤੇ ਨਾਲ ਗੰਨਮੈਨ ਹੁੰਦੇ ਹਨ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਲੋਕਾਂ ਦੀ ਸੁਰੱਖਿਆ ਲਈ ਕੁੱਝ ਵੀ ਨਹੀਂ ਕੀਤਾ ਹੈ।


Related News