ਕਰਫਿਊ ਦੀ ਉਲੰਘਣਾ ਕਰਨ ਵਾਲੇ ਖਿਲਾਫ ਹੋਵੇਗੀ ਸਖਤ ਕਾਰਵਾਈ : ਪੁਲਸ ਪ੍ਰਸ਼ਾਸਨ
03/26/2020 10:42:31 AM

ਭੋਗਪੁਰ (ਰਾਜੇਸ਼ ਸੂਰੀ) - ਕੋਰੋਨਾ ਵਾਇਰਸ ਦੇ ਕਾਰਨ ਪੂਰੇ ਦੇਸ਼ ’ਚ ਲੱਗੇ ਕਰਫਿਊ ਨੂੰ ਦੇਖਦੇ ਹੋਏ ਭੋਗਪੁਰ ’ਚ ਪੁਲਸ ਪ੍ਰਸ਼ਾਸਨ ਵਲੋਂ ਦੁਕਾਨਦਾਰਾਂ ਅਤੇ ਮੈਡੀਕਲ ਸਟੋਰ ਮਾਲਕਾਂ ਨਾਲ ਮੀਟਿੰਗ ਕੀਤੀ ਗਈ ਹੈ। ਇਸ ਮੀਟਿੰਗ ਵਿਚ ਭੋਗਪੁਰ ਸ਼ਹਿਰ ਅਤੇ ਉਸ ਦੇ ਆਲੇ-ਦੁਆਲੇ ਦੇ ਪਿੰਡਾਂ ਦੇ ਦੁਕਾਨਦਾਰਾਂ ਨੇ ਵਿਸ਼ੇਸ਼ ਤੌਰ ’ਤੇ ਭਾਗ ਲਿਆ। ਮੀਟਿੰਗ ਦੌਰਾਨ ਏ.ਐੱਸ.ਪੀ. ਅੰਕੁਰ ਗੁਪਤਾ ਨੇ ਹਾਜ਼ਰ ਦੁਕਾਨਦਾਰਾਂ ਅਤੇ ਮੈਡੀਕਲ ਸਟੋਰ ਮਾਲਕਾਂ ਨੂੰ ਅਪੀਲ ਕੀਤੀ ਕਿ ਉਹ ਲੋਕਾਂ ਨੂੰ ਨਿਰਵਿਘਨ ਦਵਾਈਆਂ ਅਤੇ ਖਾਣ ਪੀਣ ਦੀਆਂ ਵਸਤਾਂ ਦੀ ਸਪਲਾਈ ਨੂੰ ਯਕੀਨੀ ਬਣਾਉਣ। ਇਸ ਸਪਲਾਈ ਦੌਰਾਨ ਕਿਸੇ ਵੀ ਦੁਕਾਨਦਾਰ ਨੂੰ ਕੋਈ ਪ੍ਰਸ਼ਾਸਨਿਕ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਏ.ਐੱਸ.ਪੀ. ਨੇ ਦੁਕਾਨਦਾਰਾਂ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਕਿਸੇ ਵੀ ਹਾਲਤ ਵਿਚ ਆਪਣੀ ਦੁਕਾਨ ਨਾ ਖੋਲ੍ਹਣ ਸਿਰਫ ਟੈਲੀਫੋਨ ਰਾਹੀਂ ਲੋਕਾਂ ਤੋਂ ਜਾਂ ਖਪਤਕਾਰਾਂ ਤੋਂ ਆਰਡਰ ਲੈ ਕੇ ਉਨ੍ਹਾਂ ਦੇ ਘਰਾਂ ਤੱਕ ਸਪਲਾਈ ਨੂੰ ਯਕੀਨੀ ਬਣਾਉਣ। ਜੇਕਰ ਕਿਸੇ ਤਰ੍ਹਾਂ ਵੀ ਕੋਈ ਦੁਕਾਨਦਾਰ ਕਰਫਿਊ ਨਿਯਮਾਂ ਦੀ ਉਲੰਘਣਾ ਕਰਦਾ ਪਾਇਆ ਜਾਂਦਾ ਹੈ ਤਾਂ ਉਸ ਦੇ ਖਿਲਾਫ ਮਾਮਲਾ ਦਰਜ ਕੀਤਾ ਜਾਵੇਗਾ।