ਫਗਵਾੜਾ ਦਾ ਸਿਵਲ ਹਸਪਤਾਲ ਬਣਿਆ ਜੰਗ ਦਾ ਖੁੱਲ੍ਹਾ ਅਖਾੜਾ, ਮਰੀਜ਼ਾਂ ’ਚ ਪਈਆਂ ਭਾਜੜਾਂ
Saturday, Apr 23, 2022 - 12:59 PM (IST)
ਫਗਵਾੜਾ (ਜਲੋਟਾ)-ਫਗਵਾੜਾ ਦਾ ਸਰਕਾਰੀ ਸਿਵਲ ਹਸਪਤਾਲ ਬੀਤੀ ਦੇਰ ਰਾਤ ਉਸ ਵੇਲੇ ਇਕ ਵਾਰ ਫਿਰ ਜੰਗ ਦਾ ਖੁੱਲ੍ਹਾ ਅਖਾੜਾ ਬਣ ਗਿਆ, ਜਦੋਂ ਡਿਊਟੀ ’ਤੇ ਤਾਇਨਾਤ ਇਕ ਸਰਕਾਰੀ ਡਾਕਟਰ ਅਤੇ ਉਸ ਨਾਲ ਮੌਜੂਦ ਪੈਰਾਮੈਡੀਕਲ ਸਟਾਫ਼ ਦੇ ਸਰਕਾਰੀ ਮੁਲਾਜ਼ਮਾਂ ਨਾਲ ਕੁੱਟਮਾਰ ਦੇ ਮਾਮਲੇ ’ਚ ਸ਼ਾਮਲ ਦੱਸੇ ਜਾਂਦੇ ਵਿਦਿਆਰਥੀਆਂ ਦੇ ਇਕ ਗੁੱਟ ਵੱਲੋਂ ਆਪਸੀ ਕਿਸੀ ਗੱਲਬਾਤ ਨੂੰ ਲੈ ਕੇ ਮੌਕੇ ’ਤੇ ਹੀ ਕੁੱਟ-ਮਾਰ ਕਰਨੀ ਸ਼ੁਰੂ ਕਰ ਦਿੱਤੀ ਗਈ। ਇਸ ਤੋਂ ਬਾਅਦ ਸਰਕਾਰੀ ਡਾਕਟਰ ਅਤੇ ਪੈਰਾ ਮੈਡੀਕਲ ਸਟਾਫ਼ ਵੱਲੋਂ ਆਪਣਾ ਬਚਾਅ ਕਰਦੇ ਹੋਏ ਵਿਰੋਧੀ ਧਿਰ ਨਾਲ ਘਸੁੰਨ-ਮੁੱਕੀ ਕੀਤੀ ਗਈ। ਇਹ ਨਜ਼ਾਰੇ ਲੰਮੇ ਸਮੇਂ ਤਕ ਵੇਖਣ ਨੂੰ ਮਿਲੇ। ਓਧਰ, ਸਿਵਲ ਹਸਪਤਾਲ ’ਚ ਸਰਕਾਰੀ ਡਾਕਟਰਾਂ ਪੈਰਾ ਮੈਡੀਕਲ ਸਟਾਫ਼ ਅਤੇ ਕੁੱਟਮਾਰ ਮਾਮਲੇ ਸ਼ਾਮਲ ਵਿਦਿਆਰਥੀਆਂ ਦੇ ਗੁੱਟ ’ਚ ਜਾਰੀ ਘਸੁੰਨ-ਮੁੱਕੀ ਅਤੇ ਕੁੱਟਮਾਰ ਦੌਰਾਨ ਹਸਪਤਾਲ ’ਚ ਇਲਾਜ ਕਰਵਾ ਰਹੇ ਮਰੀਜ਼ਾਂ ’ਚ ਭਾਜੜਾਂ ਪੈ ਗਈਆਂ ਅਤੇ ਚਾਰੋਂ ਪਾਸੇ ਦਹਿਸ਼ਤ ਫੈਲ ਗਈ।
ਸਿਵਲ ਹਸਪਤਾਲ ’ਚ ਵਾਪਰੇ ਇਸ ਸਾਰੇ ਮਾਮਲੇ ਦੀਆਂ ਤਸਵੀਰਾਂ ਅਤੇ ਵੀਡੀਓ ਮੌਕੇ ’ਤੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ’ਚ ਕੈਦ ਹੋਈਆਂ ਹਨ। ਇਸ ਘਟਨਾ ਦਾ ਸ਼ਿਕਾਰ ਬਣੇ ਸਰਕਾਰੀ ਡਾਕਟਰ ਵੱਲੋਂ ਲਿਖਤੀ ਤੌਰ ’ਤੇ ਫਗਵਾੜਾ ਪੁਲਸ ਨੂੰ ਦੇ ਕੇ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰਨ ਲਈ ਦਿੱਤੀ ਗਈ ਹੈ। ਖ਼ਬਰ ਲਿਖੇ ਜਾਣ ਤਕ ਪੁਲਸ ਕਾਰਵਾਈ ਜ਼ੀਰੋ ਹੈ।
ਇਹ ਵੀ ਪੜ੍ਹੋ: ਥਾਣੇ ਪੁੱਜ ਕੇ ਪਤਨੀ ਨੇ ਪਤੀ ਦੀਆਂ ਕਾਲੀਆਂ ਕਰਤੂਤਾਂ ਦੀ ਖੋਲ੍ਹੀ ਪੋਲ, ਅਜਿਹੀਆਂ ਤਸਵੀਰਾਂ ਵੇਖ ਪੁਲਸ ਵੀ ਹੋਈ ਹੈਰਾਨ
ਫਗਵਾੜਾ ਸਿਵਲ ਹਸਪਤਾਲ ’ਚ ਪੁਲਸ ਸੁਰੱਖਿਆ ਦੇ ਪ੍ਰਬੰਧ ਠੀਕ ਨਹੀਂ : ਐੱਸ. ਐੱਮ. ਓ.
ਸਿਰਫ਼ ਇਕ ਪੁਲਸ ਮੁਲਾਜ਼ਮ ਹੈ ਤਾਇਨਾਤ
ਗੱਲਬਾਤ ਕਰਦੇ ਹੋਏ ਐੱਸ. ਐੱਮ. ਓ. ਡਾ. ਲਹਿੰਬਰ ਰਾਮ ਨੇ ਵਾਪਰੀ ਘਟਨਾ ਦੀ ਅਧਿਕਾਰਕ ਤੌਰ ’ਤੇ ਤਸਦੀਕ ਕਰਦੇ ਹੋਏ ਕਿਹਾ ਕਿ ਸਬੰਧਿਤ ਸਰਕਾਰੀ ਡਾਕਟਰ ਵੱਲੋਂ ਇਸ ਦੀ ਸ਼ਿਕਾਇਤ ਪੁਲਸ ਚੌਕੀ ਚਹੇੜੂ ਨੂੰ ਕੀਤੀ ਗਈ ਹੈ। ਇਹ ਬਹੁਤ ਮੰਦਭਾਗੀ ਗੱਲ ਹੈ ਕਿ ਇਸ ਤਰ੍ਹਾਂ ਡਿਊਟੀ ’ਤੇ ਤਾਇਨਾਤ ਸਰਕਾਰੀ ਡਾਕਟਰ ਅਤੇ ਪੈਰਾ ਮੈਡੀਕਲ ਸਟਾਫ਼ ਦੀ ਵਿਦਿਆਰਥੀਆਂ ਦੇ ਇਕ ਗੁੱਟ ਵੱਲੋਂ ਬਿਨਾਂ ਕਿਸੇ ਗੱਲਬਾਤ ਤੋਂ ਕੁੱਟਮਾਰ ਕੀਤੀ ਗਈ ਹੈ।
ਇਹ ਵੀ ਪੜ੍ਹੋ: ਟਾਂਡਾ ਵਿਖੇ ਗੁੱਜਰਾਂ ਦੇ ਧੜਿਆਂ ਦੀ ਲੜਾਈ ਦੌਰਾਨ ਵਿਅਕਤੀ ਦਾ ਬੇਰਹਿਮੀ ਨਾਲ ਕਤਲ
ਉਨ੍ਹਾਂ ਕਿਹਾ ਕਿ ਫਗਵਾੜਾ ਸਿਵਲ ਹਸਪਤਾਲ ’ਚ ਸਰਕਾਰੀ ਡਾਕਟਰਾਂ ਅਤੇ ਪੈਰਾ ਮੈਡੀਕਲ ਸਟਾਫ਼ ਦੀ ਸੁਰੱਖਿਆ ਲਈ ਸਥਾਨਕ ਪੁਲਸ ਵੱਲੋਂ ਕੀਤੇ ਗਏ ਬੰਦੋਬਸਤ ਬੇਹੱਦ ਕਮਜ਼ੋਰ ਹਨ ਅਤੇ ਰਾਤ ਦੇ ਸਮੇਂ ਹਸਪਤਾਲ ’ਚ ਸਿਰਫ਼ ਇਕ ਪੁਲਸ ਮੁਲਾਜ਼ਮ ਹੀ ਮੌਜੂਦ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਸ ਹਕੀਕਤ ਬਾਰੇ ਸਰਕਾਰੀ ਪੱਧਰ ’ਤੇ ਉਨ੍ਹਾਂ ਵੱਲੋਂ ਕਈ ਵਾਰ ਫਗਵਾੜਾ ਪੁਲਸ ਸਮੇਤ ਜ਼ਿਲ੍ਹਾ ਕਪੂਰਥਲਾ ਦੇ ਐੱਸ. ਐੱਸ. ਪੀ. ਦਫ਼ਤਰ ਨੂੰ ਲਿਖਤੀ ਤੌਰ ’ਤੇ ਬੇਨਤੀ ਵੀ ਕੀਤੀ ਗਈ ਹੈ ਕਿ ਸਿਵਲ ਹਸਪਤਾਲ ’ਚ ਪੁਲਸ ਮੁਲਾਜ਼ਮਾਂ ਦੀ ਗਿਣਤੀ ਨੂੰ ਵਧਾਇਆ ਜਾਵੇ ਪਰ ਪੁਲਸ ਅਧਿਕਾਰੀਆਂ ਵੱਲੋਂ ਇਹੋ ਗੱਲ ਆਖੀ ਜਾਂਦੀ ਹੈ ਕਿ ਪੁਲਸ ਮੁਲਾਜ਼ਮਾਂ ਦੀ ਘਾਟ ਹੋਣ ਕਰਕੇ ਉਹ ਸਿਵਲ ਹਸਤਾਲ ’ਚ ਜ਼ਿਆਦਾ ਪੁਲਸ ਮੁਲਾਜ਼ਮ ਤਾਇਨਾਤ ਨਹੀਂ ਕਰ ਸਕਦੇ ਹਨ? ਖ਼ਬਰ ਲਿਖੇ ਜਾਣ ਤੱਕ ਪੁਲਸ ਵੱਲੋਂ ਸਿਵਲ ਹਸਪਤਾਲ ਫਗਵਾੜਾ ’ਚ ਵਾਪਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਸ ਵੱਲੋਂ ਕਿਸੇ ਵੀ ਧਿਰ ਦੇ ਖ਼ਿਲਾਫ਼ ਅਧਿਕਾਰਿਕ ਤੌਰ ’ਤੇ ਕੋਈ ਪੁਲਸ ਕਾਰਵਾਈ ਨਹੀਂ ਕੀਤੀ ਗਈ ਹੈ।
ਇਹ ਵੀ ਪੜ੍ਹੋ: ਨਿਯਮ ਤੋੜਨ ਵਾਲੇ ਤੀਜੀ ਅੱਖ ਤੋਂ ਨਹੀਂ ਬਚ ਸਕਣਗੇ, ਜਲੰਧਰ ਸ਼ਹਿਰ ’ਚ ਲੱਗੇਗਾ 1200 CCTV ਕੈਮਰਿਆਂ ਦਾ ਪਹਿਰਾ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ