ਪੰਜਾਬ ਦੇ ਸਰਕਾਰੀ ਖੇਤਰ 'ਚ ਨੌਕਰੀ ਕਰਨ ਤੋਂ ਡਾਕਟਰੀ ਮਾਹਰਾਂ ਨੇ ਪੈਰ ਪਿਛਾਂਹ ਖਿੱਚੇ

Tuesday, Nov 17, 2020 - 02:38 PM (IST)

ਪੰਜਾਬ ਦੇ ਸਰਕਾਰੀ ਖੇਤਰ 'ਚ ਨੌਕਰੀ ਕਰਨ ਤੋਂ ਡਾਕਟਰੀ ਮਾਹਰਾਂ ਨੇ ਪੈਰ ਪਿਛਾਂਹ ਖਿੱਚੇ

ਚੰਡੀਗੜ੍ਹ : ਸਰਕਾਰੀ ਖੇਤਰ 'ਚ ਹੁਣ ਡਾਕਟਰੀ ਮਾਹਰਾਂ ਦੀ ਨੌਕਰੀ ਜ਼ਿਆਦਾ ਆਕਰਸ਼ਕ ਨਹੀਂ ਰਹੀ ਕਿਉਂਕਿ ਬਹੁਤ ਭਰੋਸੇ ਅਤੇ ਇੰਟਰਵਿਊ ਦੇ ਬਾਵਜੂਦ ਵੀ ਹਾਲ ਹੀ 'ਚ ਜਾਰੀ ਕੀਤੇ ਇਸ਼ਤਿਹਾਰਾਂ 'ਚੋਂ 60 ਫ਼ੀਸਦੀ ਅਹੁਦੇ ਖ਼ਾਲੀ ਪਏ ਹਨ। ਬੀਤੇ ਜੁਲਾਈ ਮਹੀਨੇ 'ਚ ਸਿਹਤ ਮਹਿਕਮੇ ਵੱਲੋਂ ਵੱਖ-ਵੱਖ 6 ਖੇਤਰਾਂ 'ਚ 142 ਅਸਾਮੀਆਂ ਲਈ ਮਾਹਰਾਂ ਦੀ ਭਰਤੀ ਸ਼ੁਰੂ ਕੀਤੀ ਗਈ ਸੀ, ਹਾਲਾਂਕਿ ਪਿਛਲੇ 4 ਮਹੀਨਿਆਂ ਦੌਰਾਨ ਸਿਰਫ 62 ਮਾਹਰਾਂ ਨੇ ਹੀ ਨੌਕਰੀ ਲਈ ਹੈ।

ਇਨ੍ਹਾਂ 'ਚੋਂ 50 ਡਾਕਟਰਾਂ ਨੇ ਅਗਸਤ ਦੇ ਪਹਿਲੇ ਹਫ਼ਤੇ ਨਿਰਧਾਰਿਤ ਤਾਰੀਖ਼ ਮੁਤਾਬਕ ਆਪਣੀ ਡਿਊਟੀ ਜੁਆਇਨ ਕੀਤੀ, ਜਦੋਂ ਕਿ 20 ਡਾਕਟਰ ਚਾਹੁੰਦੇ ਸਨ ਕਿ ਉਨ੍ਹਾਂ ਦੀ ਜੁਆਇਨ ਕਰਨ ਦੀ ਤਾਰੀਖ਼ ਵਧਾ ਦਿੱਤੀ ਜਾਵੇ। ਮਾਹਰਾਂ ਦਾ ਮੰਨਣਾ ਹੈ ਕਿ ਵਾਕ ਇਨ ਇੰਟਰਵਿਊ ਦੇ ਠੰਡੇ ਹੁੰਗਾਰੇ ਦਾ ਮੁੱਖ ਕਾਰਨ ਇਹ ਹੈ ਕਿ ਸਿਹਤ ਮਹਿਕਮਾ ਇਨ੍ਹਾਂ ਮਾਹਰਾਂ ਨੂੰ ਪੇਸ਼ੇਵਰ ਅਤੇ ਵਿੱਤੀ ਤੌਰ 'ਤੇ ਸੰਤੁਸ਼ਟ ਕਰਨ 'ਚ ਅਸਫਲ ਸਾਬਿਤ ਹੋ ਰਿਹਾ ਹੈ।

ਇਸ ਬਾਰੇ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ਼, ਫਰੀਦਕੋਟ ਦੇ ਸਾਬਕਾ ਰਜਿਸਟਰਾਰ ਡਾ. ਪਿਆਰੇ ਲਾਲ ਗਰਗ ਦਾ ਕਹਿਣਾ ਹੈ ਕਿ ਪਿਛਲੇ ਦਿਨੀਂ ਸਰਜਨਾਂ ਨੂੰ ਉਨ੍ਹਾਂ ਥਾਵਾਂ 'ਤੇ ਤਾਇਨਾਤ ਕੀਤਾ ਗਿਆ, ਜਿੱਥੇ ਸਰਜਰੀ ਕਰਨ ਦਾ ਕੋਈ ਬੁਨਿਆਦੀ ਢਾਂਚਾ ਨਹੀਂ ਸੀ। ਇਸ ਬਾਰੇ ਸਿਹਤ ਮਹਿਕਮੇ ਦੇ ਪ੍ਰਮੁੱਖ ਸਕੱਤਰ ਹੁਸਨ ਲਾਲ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਸਰਕਾਰੀ ਖੇਤਰਾਂ 'ਚ ਮਾਹਰਾਂ ਦੀ ਨੌਕਰੀ ਨੂੰ ਵਧੇਰੇ ਆਕਰਸ਼ਕ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਉਨ੍ਹਾਂ ਨੂੰ ਆਪਣੀ ਪਸੰਦ ਦੀ ਪੋਸਟਿੰਗ ਕਰਵਾਈ ਜਾ ਸਕੇ।


author

Babita

Content Editor

Related News