ਜਨ ਵਿਰੋਧੀ ਬਿੱਲ ਖਿਲਾਫ ਮੈਡੀਕਲ ਐਸੋਸੀਏਸ਼ਨ ਅੱਜ ਕਰੇਗੀ ਪ੍ਰਦਰਸ਼ਨ
Saturday, Jul 28, 2018 - 02:53 AM (IST)
ਨਵਾਂਸ਼ਹਿਰ (ਤ੍ਰਿਪਾਠੀ)- ਭਾਰਤ ਸਰਕਾਰ ਵੱਲੋਂ ਲਿਆਉਂਦੇ ਜਾ ਰਹੇ ਐੱਮ.ਐੱਨ.ਸੀ. ਜਨ ਵਿਰੋਧੀ ਬਿੱਲ ਦੇ ਵਿਰੋਧ ਵਿਚ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੀ ਜ਼ਿਲਾ ਇਕਾਈ ਨੇ 28 ਜੁਲਾਈ ਨੂੰ ਸਰਕਾਰ ਖਿਲਾਫ ਵਿਰੋਧ ਪ੍ਰਦਰਸ਼ਨ ਕਰਨ ਦਾ ਫੈਸਲਾ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸਟੇਟ ਆਰਗੇਨਾਈਜ਼ਿੰਗ ਸੈਕਟਰੀ ਡਾ. ਪਰਮਜੀਤ ਮਾਨ, ਡਾ. ਜੇ. ਐੱਸ. ਸੰਧੂ ਸੈਕਟਰੀ ਅਤੇ ਡਾ. ਦਿਨੇਸ਼ ਵਰਮਾ ਨੇ ਦੱਸਿਆ ਕਿ ਆਲ ਇੰਡੀਆ ਮੈਡੀਕਲ ਐਸੋਸੀਏਸ਼ਨ ਦੀ ਕਾਲ ’ਤੇ 28 ਜੁਲਾਈ ਨੂੰ ਦੇਸ਼ ਭਰ ਵਿਚ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਡਿਪਟੀ ਕਮਿਸ਼ਨਰ ਦੀ ਮਾਰਫਤ ਭਾਰਤ ਸਰਕਾਰ ਨੂੰ ਮੰਗ ਪੱਤਰ ਵੀ ਭੇਜਿਆ ਜਾਵੇਗਾ। ਉਨ੍ਹਾਂ ਦੱਸਿਆ ਭਾਰਤ ਸਰਕਾਰ ਵੱਲੋਂ ਲਾਗੂ ਕੀਤੇ ਜਾ ਰਹੇ ਐੱਨ.ਐੱਮ.ਸੀ. ਬਿੱਲ ਨਾਲ ਡਾਕਟਰੀ ਦੀ ਪਡ਼੍ਹਾਈ ਹੋਰ ਵੀ ਮਹਿੰਗੀ ਹੋਵੇਗੀ, ਮਰੀਜ਼ਾਂ ਦਾ ਇਲਾਜ ਮਹਿੰਗਾ ਅਤੇ ਗਰੀਬਾਂ ਦੀ ਪਹੁੰਚ ਤੋਂ ਬਾਹਰ ਹੋ ਜਾਵੇਗਾ, ਭ੍ਰਿਸ਼ਟਾਚਾਰ ਵਿਚ ਵਾਧਾ ਹੋਵੇਗਾ ਅਤੇ ਹੋਰ ਵੀ ਨੁਕਸਾਨ ਹੋਣਗੇ। ਉਨ੍ਹਾਂ ਕਿਹਾ ਕਿ ਇਸਦੇ ਲਾਗੂ ਹੋਣ ’ਤੇ ਮੈਡੀਕਲ ਸਿੱਖਿਆ ਸੰਸਥਾ ਦੀਆਂ ਫੀਸਾਂ ’ਤੇ ਸਰਕਾਰ ਦਾ ਕੰਟਰੋਲ ਨਹੀਂ ਰਹੇਗਾ, ਜਿਸ ਨਾਲ ਗਰੀਬ ਪਰਿਵਾਰਾਂ ਦੇ ਬੱਚੇ ਚਾਹੇ ਉਹ ਕਿੰਨੇ ਵੀ ਹੁਸ਼ਿਆਰ ਕਿਉਂ ਨਾ ਹੋਣ, ਉਨ੍ਹਾਂ ਨੂੰ ਮੈਡੀਕਲ ਵਿਚ ਦਾਖਲਾ ਨਹੀਂ ਮਿਲ ਪਾਏਗਾ।
