ਮਸਾਲਾ ਬ੍ਰਾਂਡ MDH ਦੇ ਮਾਲਕ ਧਰਮਪਾਲ ਗੁਲਾਟੀ ਦਾ ਦਿਹਾਂਤ

12/03/2020 9:39:05 AM

ਮੁੰਬਈ (ਬਿਊਰੋ) - ਮਸਾਲਾ ਬ੍ਰਾਂਡ  'ਐੱਮ. ਡੀ. ਐੱਚ' ਦੇ ਮਾਲਕ 'ਮਹਾਸ਼ਯ' ਧਰਮਪਾਲ ਗੁਲਾਟੀ ਦਾ ਅੱਜ ਤੜਕੇ ਦਿਹਾਂਤ ਹੋ ਗਿਆ ਹੈ। ਉਹ 98 ਸਾਲ ਦੇ ਸਨ। ਖ਼ਬਰਾਂ ਮੁਤਾਬਕ, ਗੁਲਾਟੀ ਦਾ ਪਿਛਲੇ ਤਿੰਨ ਹਫ਼ਤਿਆਂ ਤੋਂ ਦਿੱਲੀ ਦੇ ਇਕ ਹਸਪਤਾਲ 'ਚ ਇਲਾਜ ਚੱਲ ਰਿਹਾ ਸੀ। ਵੀਰਵਾਰ ਸਵੇਰੇ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਅਤੇ 5:30 ਉਨ੍ਹਾਂ ਨੇ ਆਖ਼ਰੀ ਸਾਹ ਲਿਆ।

ਦੱਸ ਦਈਏ ਕਿ ਧਰਮਪਾਲ ਗੁਲਾਟੀ ਦਾ ਜਨਮ ਸਾਲ 1923 'ਚ ਪਾਕਿਸਤਾਨ ਦੇ ਸਿਆਲਕੋਟ 'ਚ ਹੋਇਆ ਸੀ ਪਰ ਸਾਲ 1947 'ਚ ਦੇਸ਼ ਦੀ ਵੰਡ ਤੋਂ ਬਾਅਦ ਉਨ੍ਹਾਂ ਦੇ ਪਿਤਾ ਮਹਾਸ਼ਯ ਚੁੰਨੀ ਲਾਲ ਗੁਲਾਟੀ ਦਿੱਲੀ ਚਲੇ ਗਏ ਅਤੇ ਇਥੇ ਹੀ ਰਹਿਣ ਲੱਗ ਗਏ। ਦਿੱਲੀ 'ਚ ਉਨ੍ਹਾਂ ਨੇ ਕਿਰਾਇਆ ਲੈ ਕੇ ਟਾਂਗਾ ਚਲਾਉਣ ਦਾ ਕੰਮ ਕੀਤਾ ਤੇ ਹੌਲੀ-ਹੌਲੀ ਮਸਾਲਿਆਂ ਦੇ ਕਾਰੋਬਾਰ 'ਚ ਆ ਗਏ।

ਸਾਲ 1947 'ਚ ਭਾਰਤ ਆਏ ਅਤੇ ਸ਼ਰਨਾਰਥੀ ਕੈਂਪ 'ਚ ਰਹੇ
'ਦਲਾਜੀ' ਅਤੇ 'ਮਹਾਸ਼ਯਜੀ' ਦੇ ਨਾਂ ਨਾਲ ਮਸ਼ਹੂਰ ਧਰਮਪਾਲ ਗੁਲਾਟੀ ਦਾ ਜਨਮ 1923 ਨੂੰ ਪਾਕਿਸਤਾਨ ਦੇ ਸਿਆਲਕੋਟ 'ਚ ਹੋਇਆ ਸੀ। ਸਕੂਲ ਦੀ ਪੜ੍ਹਾਈ ਅੱਧ 'ਚ ਛੱਡਣ ਵਾਲੇ ਧਰਮਪਾਲ ਗੁਲਾਟੀ ਸ਼ੁਰੂਆਤੀ ਦਿਨਾਂ 'ਚ ਆਪਣੇ ਪਿਤਾ ਨਾਲ ਮਸਾਲੇ ਦੇ ਕਾਰੋਬਾਰ 'ਚ ਸ਼ਾਮਲ ਹੋ ਗਏ ਸਨ। ਸਾਲ 1947 'ਚ ਵੰਡ ਤੋਂ ਬਾਅਦ ਧਰਮਪਾਲ ਗੁਲਾਟੀ ਭਾਰਤ ਆ ਗਏ ਅਤੇ ਅੰਮ੍ਰਿਤਸਰ 'ਚ ਇਕ ਸ਼ਰਨਾਰਥੀ ਕੈਂਪ 'ਚ ਰਹੇ।

ਦਿੱਲੀ ਦੇ ਕਰੋਲ ਬਾਗ਼ 'ਚ ਪਹਿਲਾਂ ਖੋਲ੍ਹਿਆ ਸਟੋਰ
ਫ਼ਿਰ ਉਹ ਦਿੱਲੀ ਆ ਗਏ ਸਨ ਅਤੇ ਦਿੱਲੀ ਦੇ ਕਰੋਲ ਬਾਗ਼ 'ਚ ਇਕ ਸਟੋਰ ਖੋਲ੍ਹਿਆ। ਗੁਲਾਟੀ ਨੇ ਸਾਲ 1959 'ਚ ਆਧਿਕਾਰਿਤ ਤੌਰ 'ਤੇ ਕੰਪਨੀ ਦੀ ਸਥਾਪਨਾ ਕੀਤੀ ਸੀ। ਉਨ੍ਹਾਂ ਦਾ ਕਾਰੋਬਾਰ ਸਿਰਫ਼ ਭਾਰਤ 'ਚ ਹੀ ਨਹੀਂ ਸਗੋਂ ਦੁਨੀਆ ਦੇ ਹਰ ਕੋਨੇ-ਕੋਨੇ ਫੈਲ ਗਿਆ ਸੀ। ਇਸ ਨਾਲ ਗੁਲਾਟੀ ਭਾਰਤੀ ਮਸਾਲਿਆਂ ਦਾ ਬ੍ਰਾਂਡ ਬਣ ਗਏ।

ਤਨਖ਼ਾਹ ਦਾ 90 ਫ਼ੀਸਦੀ ਕਰਦੇ ਸਨ ਦਾਨ
ਗੁਲਾਟੀ ਦੀ ਕੰਪਨੀ ਬ੍ਰਿਟੇਨ, ਯੂਰੋਪ, ਕੈਨੇਡਾ ਸਣੇ ਦੁਨੀਆ ਦੇ ਵੱਖ-ਵੱਖ ਹਿੱਸਿਆਂ 'ਚ ਭਾਰਤੀ ਮਸਾਲਿਆਂ ਦਾ ਕਾਰੋਬਾਰ ਕਰਦੀ ਹੈ। ਸਾਲ 2019 'ਚ ਭਾਰਤ ਸਰਕਾਰ ਨੇ ਉਨ੍ਹਾਂ ਨੂੰ ਦੇਸ਼ ਦੇ ਤੀਜੇ ਸਭ ਤੋਂ ਵੱਡੇ ਨਾਗਰਿਕ ਸਨਮਾਨ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਸੀ। ਐੱਮ. ਡੀ. ਐੱਚ. ਮਸਾਲਾ ਮੁਤਾਬਕ ਧਰਮਪਾਲ ਗੁਲਾਟੀ ਆਪਣੀ ਤਨਖ਼ਾਹ ਦੀ ਲਗਭਗ 90 ਪ੍ਰਤੀਸ਼ਤ ਰਾਸ਼ੀ ਦਾਨ ਕਰਦੇ ਸਨ।  

 

ਨੋਟ : ਮਸਾਲਾ ਬ੍ਰਾਂਡ MDH ਦੇ ਮਾਲਕ ਧਰਮਪਾਲ ਗੁਲਾਟੀ ਦੇ ਅਰਸ਼ ਤੋਂ ਫ਼ਰਸ਼ ਤੱਕ ਦੇ ਸਫ਼ਰ ਸਬੰਧੀ ਤੁਸੀ ਕੀ ਕਹਿਣਾ ਚਾਹੋਗੇ, ਕੁਮੈਂਟ ਬਾਕਸ 'ਚ ਜਾ ਕੇ ਦਿਓ ਆਪਣੀ ਰਾਏ। 


sunita

Content Editor

Related News