''ਡਾਕਟਰੀ'' ਕਰਨ ਵਾਲੇ ਬੱਚਿਆਂ ਦੇ ਹੈਰਾਨ ਕਰਦੇ ਆਂਕੜੇ ਆਏ ਸਾਹਮਣੇ

Monday, Dec 17, 2018 - 10:16 AM (IST)

''ਡਾਕਟਰੀ'' ਕਰਨ ਵਾਲੇ ਬੱਚਿਆਂ ਦੇ ਹੈਰਾਨ ਕਰਦੇ ਆਂਕੜੇ ਆਏ ਸਾਹਮਣੇ

ਚੰਡੀਗੜ੍ਹ : ਪੰਜਾਬ 'ਚ ਡਾਕਟਰੀ ਕਰਨ ਵਾਲੇ ਬੱਚਿਆਂ ਦੇ ਹੈਰਾਨ ਕਰਦੇ ਆਂਕੜੇ ਸਾਹਮਣੇ ਆਏ ਹਨ। 'ਬਾਬਾ ਫਰੀਦ ਯੂਨੀਵਰਸਿਟੀ ਫਾਰ ਹੈਲਥ ਸਾਇੰਸਿਜ਼' ਵਲੋਂ ਕਰਾਏ ਗਏ ਵਿਸ਼ਲੇਸ਼ਣ ਤੋਂ ਪਤਾ ਲੱਗਿਆ ਹੈ ਕਿ ਡਾਕਟਰ ਪਰਿਵਾਰਾਂ ਦੇ ਬਹੁਤ ਘੱਟ ਬੱਚੇ ਐੱਮ. ਬੀ. ਬੀ. ਐੱਸ. 'ਚ ਦਾਖਲਾ ਲੈਂਦੇ ਹਨ। ਇਸ ਵਾਰ 1,124 ਵਿਦਿਆਰਥੀਆਂ ਨੇ ਐੱਮ. ਬੀ. ਬੀ. ਐੱਸ. 'ਚ ਦਾਖਲਾ ਲਿਆ ਹੈ ਅਤੇ ਉਨ੍ਹਾਂ 'ਚੋਂ ਸਿਰਫ 14 ਫੀਸਦੀ ਭਾਵ 167 ਹੀ ਡਾਕਟਰਾਂ ਦੇ ਬੱਚੇ ਹਨ, ਜਦੋਂ ਕਿ ਸਰਵਿਸ ਪ੍ਰੋਫੈਸ਼ਨਲਜ਼ ਤੇ ਕਾਰੋਬਾਰੀ ਪਰਿਵਾਰਾਂ ਦੇ 61 ਫੀਸਦੀ ਬੱਚਿਆਂ ਨੇ ਇਹ ਦਾਖਲਾ ਲਿਆ ਹੈ। ਆਉਣ ਵਾਲੇ 5 ਸਾਲਾਂ ਬਾਅਦ ਡਾਕਟਰ ਬਣਨ ਦਾ ਚਾਹਵਾਨ ਹਰ ਤੀਜਾ ਵਿਦਿਆਰਥੀ ਸਰਵਿਸ ਕਲਾਸ ਪਰਿਵਾਰ ਵਾਲ ਸਬੰਧਿਤ ਹੈ।

ਇਨ੍ਹਾਂ ਆਂਕੜਿਆਂ 'ਚ ਇਹ ਵੀ ਪਤਾ ਲੱਗਿਆ ਹੈ ਕਿ ਕਿਸਾਨਾਂ ਦੇ ਸਿਰਫ 5 ਫੀਸਦੀ ਬੱਚਿਆਂ ਨੇ ਹੀ ਐੱਮ. ਬੀ. ਬੀ. ਐੱਸ. 'ਚ ਦਾਖਲਾ ਲਿਆ ਹੈ। ਕਿਰਤੀ ਵਰਗ ਦੇ ਪਰਿਵਾਰਾਂ ਦੇ ਸਿਰਫ 6 ਬੱਚਿਆਂ ਨੂੰ ਹੀ ਐੱਮ. ਬੀ. ਬੀ. ਐੱਸ. 'ਚ ਦਾਖਲਾ ਮਿਲ ਸਕਿਆ ਹੈ। ਇਸ ਸਬੰਧੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੇ ਦੱਸਿਆ ਕਿ ਅਸੀਂ ਮੈਡੀਕਲ ਕਿੱਤੇ 'ਚ ਆਉਣ ਦੇ ਚਾਹਵਾਨ ਵਿਦਿਆਰਥੀਆਂ ਦੀ ਪ੍ਰੋਫਾਈਲ ਤਿਆਰ ਕਰਨੀ ਚਾਹੁੰਦੇ ਹਾਂ। ਉਨ੍ਹਾਂ ਕਿਹਾ ਕਿ ਡਾਕਟਰ ਬਣਨ ਲਈ ਸਿਰਫ ਡਾਕਟਰਾਂ ਦੇ ਬੱਚੇ ਹੀ ਨਹੀਂ ਆਉਣੇ ਚਾਹੀਦੇ, ਸਗੋਂ ਹੋਰ ਵਰਗਾਂ ਦੇ ਪਰਿਵਾਰਾਂ ਨਾਲ ਸਬੰਧਿਤ ਬੱਚੇ ਵੀ ਮੈਡੀਕਲ ਕਿੱਤੇ 'ਚ ਜ਼ਰੂਰ ਆਉਣੇ ਚਾਹੀਦੇ ਹਨ। ਇਸ ਵਾਰ ਐੱਮ. ਬੀ. ਬੀ. ਐੱਸ. ਦੀਆਂ 594 ਸੀਟਾਂ 'ਤੇ  ਕੁੜੀਆਂ ਨੇ ਮੱਲਾਂ ਮਾਰੀਆਂ ਹਨ, ਜੋ ਕਿ ਲੜਕਿਆਂ ਤੋਂ ਥੋੜ੍ਹੀਆਂ ਜ਼ਿਆਦਾ ਹਨ ਕਿਉਂਕਿ ਲੜਕਿਆਂ ਨੂੰ 530 ਸੀਟਾਂ ਮਿਲੀਆਂ ਹਨ।


author

Babita

Content Editor

Related News