ਮੇਅਰ ਨੇ ਕੁੱਤਿਆਂ ਦੀ ਨਸਬੰਦੀ ਪ੍ਰਾਜੈਕਟ ''ਤੇ ਲਾਇਆ ਜ਼ੋਰ

Tuesday, Feb 20, 2018 - 05:13 AM (IST)

ਜਲੰਧਰ, (ਖੁਰਾਣਾ)— ਮੇਅਰ ਜਗਦੀਸ਼ ਰਾਜ ਰਾਜਾ ਨੇ ਅਹੁਦਾ ਸੰਭਾਲਦਿਆਂ ਹੀ ਸਭ ਤੋਂ ਪਹਿਲਾਂ ਕੁੱਤਿਆਂ ਦੀ ਨਸਬੰਦੀ ਵਾਲੇ ਪ੍ਰਾਜੈਕਟ 'ਤੇ ਧਿਆਨ ਦਿੱਤਾ ਹੈ। ਅੱਜ ਉਨ੍ਹਾਂ ਡਾਗ ਕੰਪਾਊਂਡ ਵਿਚ ਇਕੋ ਵੇਲੇ 24 ਕੁੱਤਿਆਂ ਦੇ ਨਸਬੰਦੀ ਆਪ੍ਰੇਸ਼ਨ ਕਰਵਾਏ। 
ਜ਼ਿਕਰਯੋਗ ਹੈ ਕਿ ਅਕਾਲੀ-ਭਾਜਪਾ ਸਰਕਾਰ ਦੇ ਸਮੇਂ 50 ਲੱਖ ਰੁਪਏ ਤੋਂ ਵੱਧ ਦੀ ਲਾਗਤ ਨਾਲ ਨੰਗਲਸ਼ਾਮਾ ਪਿੰਡ ਵਿਚ ਡਾਗ ਕੰਪਾਊਂਡ ਬਣਾਇਆ ਗਿਆ ਸੀ ਪਰ ਕਈ ਮਹੀਨੇ ਇਹ ਪ੍ਰਾਜੈਕਟ ਸਿਆਸਤ ਦਾ ਸ਼ਿਕਾਰ ਰਿਹਾ ਤੇ ਬਾਅਦ ਵਿਚ ਕਈ ਮਹੀਨੇ ਇਸ ਨੂੰ ਲੈ ਕੇ ਅਧਿਕਾਰੀ ਖਾਨਾਪੂਰਤੀ ਕਰਦੇ ਰਹੇ।
PunjabKesari
ਪਿਛਲੇ ਹਫਤੇ ਮੇਅਰ ਰਾਜਾ ਤੇ ਵਿਧਾਇਕ ਬੇਰੀ ਨੇ ਡਾਗ ਕੰਪਾਊਂਡ ਦਾ ਦੌਰਾ ਕਰਕੇ ਇਸ ਕੰਮ ਵਿਚ ਜੁੜੇ ਅਧਿਕਾਰੀਆਂ ਨੂੰ ਬਹਾਨੇਬਾਜ਼ੀ ਛੱਡਣ ਅਤੇ ਕੰਮ ਕਰਨ ਦੇ ਨਿਰਦੇਸ਼ ਦਿੱਤੇ। ਮੇਅਰ ਵਲੋਂ ਦਿੱਤੇ ਗਏ ਟੀਚੇ ਮੁਤਾਬਕ ਨਿਗਮ ਸਟਾਫ ਨੇ ਬੀਤੇ ਦਿਨੀਂ ਵੱਖ-ਵੱਖ ਥਾਵਾਂ ਤੋਂ 25 ਆਵਾਰਾ ਕੁੱਤੇ ਫੜੇ, ਜਿਨ੍ਹਾਂ ਵਿਚੋਂ 24 ਦਾ ਅੱਜ ਆਪ੍ਰੇਸ਼ਨ ਕਰ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਡਾਗ ਕੰਪਾਊਂਡ ਵਿਚ 24 ਕੁੱਤਿਆਂ ਨੂੰ ਹੀ ਰੱਖਣ ਦੀ ਥਾਂ ਹੈ। ਅੱਜ ਮੇਅਰ ਰਾਜਾ ਨੇ ਨਿਰਦੇਸ਼ ਦਿੱਤੇ ਕਿ ਡਾਗ ਕੰਪਾਊਂਡ ਵਿਚ ਕੁੱਤਿਆਂ ਲਈ ਹੋਰ ਕਮਰੇ ਬਣਾਏ ਜਾਣ ਤਾਂ ਜੋ ਨਸਬੰਦੀ ਆਪ੍ਰੇਸ਼ਨਾਂ ਦੀ ਗਿਣਤੀ ਵਧਾਈ ਜਾ ਸਕੇ।
ਨੈੱਟ ਨੂੰ ਲੈ ਕੇ ਸਟਾਫ ਨਾਖੁਸ਼ : ਕੁੱਤੇ ਫੜਨ ਵਾਲੇ ਸਟਾਫ ਨੇ ਵਿਧਾਇਕ ਬੇਰੀ ਤੇ ਮੇਅਰ ਰਾਜਾ ਨੂੰ ਦੱਸਿਆ ਕਿ ਕੁੱਤੇ ਫੜਨ ਲਈ ਉਨ੍ਹਾਂ ਨੂੰ ਜੋ ਨੈੱਟ ਮੁਹੱਈਆ ਕਰਵਾਇਆ ਗਿਆ ਹੈ, ਉਸਦੀ ਜਾਅਲੀ ਕਾਫੀ ਖੁੱਲ੍ਹੀ ਹੈ, ਜਿਸ ਵਿਚ ਮੂੰਹ ਪਾ ਕੇ ਕੁੱਤੇ ਨੈੱਟ ਫਾੜ ਸਕਦੇ ਹਨ। ਮੇਅਰ ਨੇ ਇਸ ਸਮੱਸਿਆ ਦੇ ਹੱਲ ਲਈ ਵੀ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਹਨ ਤੇ ਨੈੱਟ ਨੂੰ ਬਦਲਣ ਦਾ ਕੰਮ ਵੀ ਸ਼ੁਰੂ ਕੀਤਾ ਜਾ ਰਿਹਾ ਹੈ।


Related News