ਮੇਅਰ ਦੇ ਅਹੁਦੇ ਲਈ ਵੀ ਹੋ ਸਕਦੈ ਸਿੱਧੂ-ਕੈਪਟਨ ''ਚ ਟਕਰਾਅ

Friday, Dec 22, 2017 - 06:31 AM (IST)

ਮੇਅਰ ਦੇ ਅਹੁਦੇ ਲਈ ਵੀ ਹੋ ਸਕਦੈ ਸਿੱਧੂ-ਕੈਪਟਨ ''ਚ ਟਕਰਾਅ

ਜਲੰਧਰ, (ਰਵਿੰਦਰ ਸ਼ਰਮਾ)— ਤਿੰਨਾਂ ਨਗਰ ਨਿਗਮਾਂ ਵਿਚ ਕਾਂਗਰਸ ਪ੍ਰਚੰਡ ਬਹੁਮਤ ਨਾਲ ਸੱਤਾ ਵਿਚ ਆ ਚੁੱਕੀ ਹੈ। ਹੁਣ ਜੰਗ ਮੇਅਰ ਅਹੁਦੇ ਨੂੰ ਲੈ ਕੇ ਚੱਲ ਰਹੀ ਹੈ। ਹਰ ਕੋਈ ਆਪਣੇ-ਆਪਣੇ ਢੰਗ ਨਾਲ ਲਾਬਿੰਗ ਵਿਚ ਲੱਗਾ ਹੋਇਆ ਹੈ। ਕੋਈ ਕੈਪਟਨ ਦੇ ਦਰਬਾਰ ਵਿਚ ਹਾਜ਼ਰੀ ਭਰ ਰਿਹਾ ਹੈ, ਕੋਈ ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਦਰਬਾਰ ਵਿਚ ਪਹੁੰਚ ਰਿਹਾ ਹੈ ਤੇ ਕੋਈ ਦਿੱਲੀ ਦੇ ਦਰਬਾਰ 'ਚ। ਮੇਅਰ ਅਹੁਦੇ ਦੇ ਦਾਅਵੇਦਾਰਾਂ ਦੀ ਚੰਡੀਗੜ੍ਹ ਤੋਂ ਲੈ ਕੇ ਦਿੱਲੀ ਤੱਕ ਰੋਜ਼ਾਨਾ ਦੌੜ ਲੱਗ ਰਹੀ ਹੈ। 
ਪਰ ਇਕ ਗੱਲ ਹੈਰਾਨ ਕਰਨ ਵਾਲੀ ਸਾਹਮਣੇ ਆ ਰਹੀ ਹੈ। ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੰਘ ਸਿੱਧੂ ਚਾਹੁੰਦੇ ਹਨ ਕਿ ਉਹ ਆਪਣੀ ਮਰਜ਼ੀ ਨਾਲ ਤਿੰਨੇ ਨਿਗਮਾਂ ਵਿਚ ਮੇਅਰ ਬਿਠਾਉਣ ਤਾਂ ਜੋ ਆਉਣ ਵਾਲੇ ਸਮੇਂ ਵਿਚ ਸਾਰੇ ਨਗਰ ਨਿਗਮਾਂ ਵਿਚ ਵਿਕਾਸ ਦੀ ਰਫਤਾਰ ਤੇਜ਼ ਹੋ ਸਕੇ।
ਦੂਜੇ ਪਾਸੇ ਕੈਪਟਨ ਲਾਬੀ ਚਾਹੁੰਦੀ ਹੈ ਕਿ ਮੇਅਰ ਅਹੁਦੇ ਦੇ ਨਾਵਾਂ ਦੇ ਸਬੰਧ ਵਿਚ ਸਿੱਧੂ ਦੀ ਨਾ ਸੁਣੀ ਜਾਵੇ ਤੇ ਕੈਪਟਨ ਆਪਣੀ ਮਰਜ਼ੀ ਨਾਲ ਹੀ ਮੇਅਰਾਂ ਦਾ ਐਲਾਨ ਕਰਨ। ਭਾਵੇਂ ਪਾਰਟੀ ਪੱਧਰ 'ਤੇ ਮੇਅਰ ਚੁਣਨ ਦੇ ਅਧਿਕਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਦਿੱਤੇ ਗਏ ਹਨ ਪਰ ਸਿੱਧੂ ਚਾਹੁੰਦੇ ਹਨ ਕਿ ਨਾਂ ਫਾਈਨਲ ਹੋਣ ਤੋਂ ਪਹਿਲਾਂ ਉਨ੍ਹਾਂ ਨਾਲ ਇਨ੍ਹਾਂ ਨਾਵਾਂ 'ਤੇ ਚਰਚਾ ਹੋਵੇ। ਸਿੱਧੂ ਪਾਰਟੀ ਦੇ ਸਾਹਮਣੇ ਆਪਣੇ ਆਉਣ ਵਾਲੇ 4 ਸਾਲਾਂ ਦਾ ਵਿਜ਼ਨ ਡਾਕੂਮੈਂਟ ਰੱਖ ਚੁੱਕੇ ਹਨ ਤੇ ਚਾਹੁੰਦੇ ਹਨ ਕਿ ਇਸਨੂੰ ਸਫਲ ਬਣਾਉਣ ਲਈ ਸਾਰੇ ਨਗਰ ਨਿਗਮਾਂ ਵਿਚ ਮੇਅਰ ਦੇ ਅਹੁਦੇ 'ਤੇ ਅਜਿਹਾ ਵਿਅਕਤੀ ਬੈਠੇ, ਜਿਸ ਨਾਲ ਉਨ੍ਹਾਂ ਦੀ ਰਮਜ਼ ਵੀ ਮਿਲੇ ਤੇ ਉਸਦਾ ਅਕਸ ਵੀ ਸਾਫ ਹੋਵੇ। 
ਉਥੇ ਕੈਪਟਨ ਲਾਬੀ ਨਹੀਂ ਚਾਹੁੰਦੀ ਕਿ ਸਿੱੱਧੂ ਦੀ ਮਨਮਰਜ਼ੀ ਨਾਲ ਕੋਈ ਮੇਅਰ ਅਹੁਦੇ 'ਤੇ ਬੈਠੇ। ਕੈਪਟਨ ਲਾਬੀ ਮੇਅਰ ਬਣਾਉਂਦੇ ਸਮੇਂ ਜਾਤੀ ਸਮੀਕਰਨ ਨੂੰ ਲੈ ਕੇ ਵੀ ਚੱਲ ਰਹੀ ਹੈ। ਕੈਪਟਨ ਚਾਹੁੰਦੇ ਹਨ ਕਿ ਮੇਅਰ, ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਬਣਾਉਂਦੇ ਸਮੇਂ ਸਾਰੀਆਂ ਜਾਤਾਂ ਦੇ ਸਮੀਕਰਨ ਫਿੱਟ ਬੈਠਣ ਤਾਂ ਜੋ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਇਸਦਾ ਫਾਇਦਾ ਚੁੱਕਿਆ ਜਾ ਸਕੇ ਪਰ ਸਿੱਧੂ ਇਨ੍ਹਾਂ ਗੱਲਾਂ ਨਾਲ ਸਹਿਮਤ ਨਹੀਂ ਹਨ। ਉਹ ਕਿਸੇ ਵੀ ਅਹੁਦੇ ਨੂੰ ਜਾਤ ਸਮੀਕਰਨ ਵਿਚ ਫਸਦਾ ਹੋਇਆ ਨਹੀਂ ਦੇਖਣਾ ਚਾਹੁੰਦੇ। ਉਹ ਚਾਹੁੰਦੇ ਹਨ ਕਿ ਇਨ੍ਹਾਂ ਅਹੁਦਿਆਂ 'ਤੇ ਬੈਠਾ ਵਿਅਕਤੀ ਚੰਗੇ ਅਕਸ ਵਾਲਾ ਹੋਵੇਗਾ, ਵਿਕਾਸ ਨੂੰ ਪਹਿਲ ਦੇਵੇਗਾ ਤਾਂ ਪਾਰਟੀ ਖੁਦ ਹੀ ਆਉਣ ਵਾਲੀਆਂ ਸਾਰੀਆਂ ਚੋਣਾਂ ਜਿੱਤ ਸਕਦੀ ਹੈ। ਕੁਲ ਮਿਲਾ ਕੇ ਆਉਣ ਵਾਲੇ ਦਿਨਾਂ ਵਿਚ ਮੇਅਰ ਅਹੁਦੇ ਦੇ ਨਾਵਾਂ ਨੂੰ ਲੈ ਕੇ ਵੀ ਸਿੱਧੂ ਤੇ ਕੈਪਟਨ ਲਾਬੀ ਵਿਚ ਟਕਰਾਅ ਹੋਣ ਦੀ ਸੰਭਾਵਨਾ ਹੈ।
ਵੱਧ ਲੀਡ ਲੈਣ ਵਾਲੇ ਆਗੂਆਂ ਦੇ ਨਾਵਾਂ 'ਤੇ ਹੋਵੇਗੀ ਚਰਚਾ  
ਮੇਅਰ ਅਹੁਦੇ ਦੇ ਨਾਵਾਂ ਦੀ ਚਰਚਾ ਦੌਰਾਨ ਇਸ ਗੱਲ ਨੂੰ ਵੀ ਅਹਿਮੀਅਤ ਦਿੱਤੀ ਜਾਵੇ ਕਿ ਜਿਸ ਆਗੂ ਦਾ ਜਨਤਾ ਵਿਚ ਚੰਗਾ ਰਸੂਖ ਹੋਵੇਗਾ, ਉਸਨੂੰ ਅੱਗੇ ਲਿਆਂਦਾ ਜਾਵੇਗਾ।  ਭਾਵ ਜਿਸ ਨੇ ਜ਼ਿਆਦਾ ਵੋਟਾਂ ਨਾਲ ਜਿੱਤ ਹਾਸਲ ਕੀਤੀ ਹੈ, ਉਸਦੇ ਨਾਂ ਨੂੰ ਅੱਗੇ ਰੱਖਿਆ ਜਾਵੇਗਾ। 
 


Related News