ਮੇਅਰ ਦਾ ਸਟਿੰਗ ਆਪ੍ਰੇਸ਼ਨ : ਫਡ਼ਿਆ ਡਿਸਪੋਜ਼ਲ ਚਾਰਜਿਜ਼ ਦੀ ਰਸੀਦ ਨਾ ਕੱਟਣ ਵਾਲਾ ਮੁਲਾਜ਼ਮ

Saturday, Aug 18, 2018 - 03:39 AM (IST)

ਮੇਅਰ ਦਾ ਸਟਿੰਗ ਆਪ੍ਰੇਸ਼ਨ : ਫਡ਼ਿਆ ਡਿਸਪੋਜ਼ਲ ਚਾਰਜਿਜ਼ ਦੀ ਰਸੀਦ ਨਾ ਕੱਟਣ ਵਾਲਾ ਮੁਲਾਜ਼ਮ

ਲੁਧਿਆਣਾ, (ਹਿਤੇਸ਼)- ਇਕ ਪਾਸੇ ਜਿੱਥੇ ਮੇਅਰ, ਕਮਿਸ਼ਨਰ ਵੱਲੋਂ ਨਗਰ ਨਿਗਮ ਨੂੰ ਕੰਗਾਲੀ ਦੇ ਦੌਰ ਵਿਚੋਂ ਬਾਹਰ ਕੱਢਣ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ ਜਾ ਰਿਹਾ ਹੈ, ਉੱਥੇ ਉਨ੍ਹਾਂ ਦੀਆਂ ਇਨ੍ਹਾਂ ਕੋਸ਼ਿਸ਼ਾਂ ’ਤੇ ਮੁਲਾਜ਼ਮਾਂ ਦੀ ਨਾਲਾਇਕੀ ਭਾਰੀ ਪੈ ਰਹੀ ਹੈ। ਜਿਸ ਦਾ ਸਬੂਤ ਉਸ ਸਮੇਂ ਦੇਖਣ ਨੂੰ ਮਿਲਿਆ, ਜਦੋਂ ਨਾਜਾਇਜ਼ ਸਬਮਰਸੀਬਲ ਪੰਪਾਂ ਦੀ ਚੈਕਿੰਗ ਸਬੰਧੀ ਚਲਾਈ ਜਾ ਰਹੀ ਡਰਾਈਵ ਦੇ ਪੂਰੀ ਤਰ੍ਹਾਂ ਕਾਮਯਾਬ ਨਾ ਹੋਣ ਦੇ ਮੱਦੇਨਜ਼ਰ ਮੇਅਰ ਨੇ ਬਾਕਾਇਦਾ ਸਟਿੰਗ ਕੀਤਾ। ਇਸ ਦੇ ਤਹਿਤ ਹੈਬੋਵਾਲ ਡੇਅਰੀ ਕੰਪਲੈਕਸ ਵਿਚ ਚੱਲ ਰਹੇ 4 ਪੰਪਾਂ ਦੇ ਡਿਸਪੋਜ਼ਲ ਚਾਰਜਿਜ਼ ਦੇ ਚੈੱਕ ਬਣਾ ਕੇ ਜ਼ੋਨ ਡੀ ਦੇ ਮੁਲਾਜ਼ਮ ਦੇ ਕੋਲ ਭੇਜੇ ਗਏ। ਜਿਸ ਨੇ ਰਸੀਦ ਕੱਟਣ ਦੀ ਬਜਾਏ ਡੇਅਰੀ ਮਾਲਕਾਂ ਤੋਂ ਇਹ ਡਿਟੇਲ ਦੇਣ ਨੂੰ ਕਿਹਾ ਕਿ ਉਨ੍ਹਾਂ ਦੇ ਯੂਨਿਟ ਵਿਚ ਕਿੰਨੇ ਮੁਲਾਜ਼ਮ ਕੰਮ ਕਰ ਰਹੇ ਹਨ, ਜਦੋਂਕਿ ਇਸ ਸਵਾਲ ਦਾ ਡਿਸਪੋਜ਼ਲ ਚਾਰਜਿਜ਼ ਦੀ ਰਿਕਵਰੀ ਸਬੰਧੀ ਪ੍ਰਕਿਰਿਆ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਜਿਸ ’ਤੇ ਮੇਅਰ ਨੇ ਇਹ ਚੈੱਕ ਕਮਿਸ਼ਨਰ ਨੂੰ ਸੌਂਪ ਦਿੱਤੇ। ਜਿਨ੍ਹਾਂ ਨੇ ਪਹਿਲਾਂ ਤਾਂ ਅਫਸਰਾਂ ਨੂੰ ਫਟਕਾਰ ਲਾ ਕੇ ਰਸੀਦ ਕਟਵਾਈ ਅਤੇ ਫਿਰ ਜ਼ਿੰਮੇਦਾਰ ਮੁਲਾਜ਼ਮ ਨੂੰ ਸਸਪੈਂਡ ਕਰਨ ਦੀ ਗੱਲ ਕਹੀ ਪਰ ਮੇਅਰ ਨੇ ਉਸ ਮੁਲਾਜ਼ਮ ਨੂੰ ਅਜਿਹੀ ਸਜ਼ਾ ਦੇਣ ਦਾ ਫੈਸਲਾ ਲਿਆ, ਜਿਸ ਨਾਲ ਦੂਜੇ ਮੁਲਾਜ਼ਮਾਂ ਨੂੰ ਵੀ ਸਬਕ ਮਿਲੇ। ਇਹ ਮੁਲਾਜ਼ਮ ਹੁਣ ਜ਼ੋਨ ਡੀ ਦਫਤਰ ਦੀ ਰਿਸੈਪਸ਼ਨ ਵਿਚ ਬੈਠ ਕੇ ਲੋਕਾਂ ਨੂੰ ਮੇ ਆਈ ਹੈਲਪ ਯੂ ਕਹੇਗਾ ਅਤੇ ਉੱਥੇ ਆਉਣ-ਜਾਣ ਵਾਲੇ ਅਫਸਰਾਂ ਦੀ ਹਰ ਸਮੇਂ ਉਸ ’ਤੇ ਨਜ਼ਰ ਰਹੇਗੀ।
ਜ਼ੋਨ ਡੀ ਦੇ ਦੋ ਬਿਲਡਿੰਗ ਇੰਸਪੈਕਟਰਾਂ ਨੂੰ ਬਦਲ ਕੇ ਅੌਰਤਾਂ ਨੂੰ ਸੌਂਪੀ ਕਮਾਨ
 ਕਮਿਸ਼ਨਰ ਵੱਲੋਂ ਵੀਰਵਾਰ ਨੂੰ ਜਾਰੀ ਇਕ ਟ੍ਰਾਂਸਫਰ ਆਰਡਰ ਰਾਹੀਂ ਜ਼ੋਨ ਡੀ ਦੇ ਦੋ ਇਮਾਰਤੀ ਇੰਸਪੈਕਟਰਾਂ ਗੁਰਵਿੰਦਰ ਪਾਲ ਸਿੰਘ ਅਤੇ ਹਰਮਿੰਦਰ ਮੱਕਡ਼ ਨੂੰ ਜ਼ੋਨ ਸੀ ਵਿਚ ਭੇਜ ਦਿੱਤਾ ਗਿਆ ਹੈ। ਉਨ੍ਹਾਂ ਦੀ ਜਗ੍ਹਾ ਮਨਪ੍ਰੀਤ ਕੌਰ ਅਤੇ ਸ਼ਿਵਾਲੀ ਗੁਪਤਾ ਨੂੰ ਜ਼ੋਨ ਡੀ ਵਿਚ ਭੇਜਿਆ ਗਿਆ ਹੈ।
 ਜ਼ੋਨਲ ਕਮਿਸ਼ਨਰਾਂ ਦੇ ਨਾਲ ਸਟਾਫ ਦੀ ਵੀ ਹੋਈ ਬਦਲੀ
 ਜੁਆਇੰਟ ਕਮਿਸ਼ਨਰ ਅਨੀਤਾ ਦਰਸ਼ੀ ਦੀ ਮੋਗਾ ਵਿਚ ਬਤੌਰ ਕਮਿਸ਼ਨਰ ਨਿਯੁਕਤੀ ਅਤੇ ਜੇ.ਕੇ. ਜੈਨ ਦੀ ਲੁਧਿਆਣਾ ਨਗਰ ਨਿਗਮ ਵਿਚ ਜੁਆਈਨਿੰਗ ਤੋਂ ਬਾਅਦ ਜੋ ਜ਼ੋਨਲ ਕਮਿਸ਼ਨਰ ਨੂੰ ਇਧਰੋਂ-ਉਧਰ ਕਰਨਾ ਪਿਆ ਹੈ, ਉਸ ਦਾ ਅਸਰ ਹੁਣ ਤੱਕ ਸਾਹਮਣੇ ਆ ਰਿਹਾ ਹੈ ਜਿਸ ਦੇ ਸੰਕੇਤ ਕਮਿਸ਼ਨਰ ਵੱਲੋਂ ਵੀਰਵਾਰ ਨੂੰ ਜਾਰੀ ਬਦਲੀ ਆਰਡਰ ਤੋਂ ਦੇਖਣ ਨੂੰ ਮਿਲੇ। ਜਿਸ ਵਿਚ ਜ਼ੋਨ ਬੀ ਅਤੇ ਡੀ ਦੇ ਜ਼ੋਨਲ ਕਮਿਸ਼ਨਰਾਂ ਦੇ ਨਾਲ ਕੰਮ ਕਰ ਰਹੇ ਸਟਾਫ ਨੂੰ ਵੀ ਆਪਸ ਵਿਚ ਬਦਲ ਦਿੱਤਾ ਗਿਆ ਹੈ।


Related News