ਐਕਟਿਵਾ ''ਤੇ ''ਐਕਟਿਵ'' ਹੋਏ ਮੇਅਰ ਬਿੱਟੂ

Monday, Feb 05, 2018 - 08:21 AM (IST)

ਪਟਿਆਲਾ  (ਰਾਜੇਸ਼) - ਰਿਆਸਤੀ ਅਤੇ ਵਿਰਾਸਤੀ ਸ਼ਹਿਰ ਪਟਿਆਲਾ ਦੀਆਂ ਤੰਗ ਗਲੀਆਂ ਦੀਆਂ ਸਮੱਸਿਆਵਾਂ ਜਾਨਣ ਲਈ ਮੇਅਰ ਸੰਜੀਵ ਸ਼ਰਮਾ ਬਿੱਟੂ ਸਰਕਾਰੀ ਗੱਡੀ ਨੂੰ ਛੱਡ ਕੇ ਐਕਟਿਵਾ 'ਤੇ 'ਐਕਟਿਵ' ਹੋ ਗਏ ਹਨ। ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਦੇ ਸ਼ਹਿਰੀ ਹਲਕੇ ਦੀਆਂ ਜ਼ਿਆਦਾਤਰ ਗਲੀਆਂ ਕਾਫੀ ਤੰਗ ਹਨ। ਮੇਅਰ ਨੇ ਜੋੜੀਆਂ ਭੱਠੀਆਂ, ਅਨਾਰਦਾਨਾ ਚੌਕ, ਆਰੀਆ ਸਮਾਜ, ਏ-ਟੈਂਕ, ਅਦਾਲਤ ਬਾਜ਼ਾਰ ਇਲਾਕਿਆਂ ਦਾ ਦੌਰਾ ਐਕਟਿਵਾ 'ਤੇ ਕੀਤਾ। ਜਗ੍ਹਾ-ਜਗ੍ਹਾ 'ਤੇ ਰੁਕ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ।
ਮੇਅਰ ਬਿੱਟੂ ਨੇ ਹਰ ਗਲੀ-ਮੁਹੱਲੇ ਵਿਚ ਖੜ੍ਹ ਕੇ ਲੋਕਾਂ ਦੀਆਂ ਸਮੱਸਿਆਵਾਂ ਦਾ ਮੌਕੇ 'ਤੇ ਨਿਪਟਾਰਾ ਕੀਤਾ, ਜਿਸ ਵਿਅਕਤੀ ਨੇ ਸੀਵਰੇਜ ਦੀ ਸਮੱਸਿਆ ਦੱਸੀ, ਉਸ ਲਈ ਐਕਸੀਅਨ ਰਾਜੇਸ਼ ਕੁਮਾਰ ਨੂੰ ਸੀਵਰੇਜ ਠੀਕ ਕਰਨ ਦੇ ਹੁਕਮ ਦਿੱਤੇ, ਜਿਸ ਵਿਅਕਤੀ ਨੇ ਸਫਾਈ ਨਾ ਹੋਣ ਬਾਰੇ ਗੱਲ ਕਹੀ ਤਾਂ ਉਨ੍ਹਾਂ ਮੌਕੇ 'ਤੇ ਹੀ ਨਿਗਮ ਦੇ ਹੈਲਥ ਅਫਸਰ ਨੂੰ ਫੋਨ ਕਰ ਕੇ ਸਫਾਈ ਯਕੀਨੀ ਤੌਰ 'ਤੇ ਕਰਵਾਉਣ ਲਈ ਕਿਹਾ। ਗਲੀਆਂ-ਮੁਹੱਲਿਆਂ ਦੇ ਸਿਵਲ ਦੇ ਕੰਮਾਂ ਲਈ ਐਕਸੀਅਨ ਹੈੱਡਕੁਆਰਟਰ ਐੱਮ. ਐੈੱਮ. ਸਿਆਲ ਨੂੰ ਹੁਕਮ ਦਿੱਤੇ ਗਏ। ਮੇਅਰ ਜਿਸ ਵੀ ਵਾਰਡ ਮੁਹੱਲੇ ਵਿਚ ਗਏ, ਉਥੋਂ ਦੇ ਕੌਂਸਲਰ ਨੂੰ ਆਪਣੇ ਨਾਲ ਐਕਟਿਵਾ 'ਤੇ ਬਿਠਾ ਕੇ ਗਲੀਆਂ ਵਿਚ ਘੁਮਾਇਆ।
 ਇਸ ਸਬੰਧੀ ਗੱਲਬਾਤ ਕਰਨ 'ਤੇ ਮੇਅਰ ਬਿੱਟੂ ਨੇ ਕਿਹਾ ਕਿ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਤੇ ਮਹਾਰਾਣੀ ਪ੍ਰਨੀਤ ਕੌਰ ਨੇ ਉਨ੍ਹਾਂ ਨੂੰ ਸ਼ਹਿਰ ਦੇ ਮੁੱਖ ਸੇਵਕ ਦੀ ਡਿਊਟੀ ਦਿੱਤੀ ਹੈ, ਜਿਸ ਨੂੰ ਉਹ ਤਨਦੇਹੀ ਤੇ ਈਮਾਨਦਾਰੀ ਨਾਲ ਨਿਭਾਉਣਗੇ। ਗੱਡੀ ਰਾਹੀਂ ਸ਼ਹਿਰ ਦੇ ਗਲੀ-ਮੁਹੱਲੇ ਤੱਕ ਪਹੁੰਚ ਨਹੀਂ ਕੀਤੀ ਜਾ ਸਕਦੀ, ਇਸ ਲਈ ਉਨ੍ਹਾਂ ਦੋ ਪਹੀਆ ਵਾਹਨ ਦਾ ਸਹਾਰਾ ਲਿਆ ਹੈ। ਉਨ੍ਹਾਂ ਕਿਹਾ ਕਿ ਦੋ ਪਹੀਆ ਵਾਹਨ ਰਾਹੀਂ ਇਕ ਦਿਨ ਵਿਚ ਕਈ ਮੁਹੱਲਿਆਂ ਦਾ ਦੌਰਾ ਕੀਤਾ ਜਾ ਸਕਦਾ ਹੈ, ਜਿਸ ਨਾਲ ਟਾਈਮ ਦੀ ਬਚਤ ਵੀ ਹੁੰਦੀ ਹੈ।


Related News