''ਕੱਚੇ ਘੜਿਆਂ'' ਅੱਗੇ ਫਰਿੱਜਾਂ ਫੇਲ, ਖਰੀਦਣ ਵਾਲਿਆਂ ਦੀ ਲੱਗੀ ਭੀੜ

Monday, May 06, 2019 - 02:15 PM (IST)

''ਕੱਚੇ ਘੜਿਆਂ'' ਅੱਗੇ ਫਰਿੱਜਾਂ ਫੇਲ, ਖਰੀਦਣ ਵਾਲਿਆਂ ਦੀ ਲੱਗੀ ਭੀੜ

ਲੁਧਿਆਣਾ : ਮਈ ਦੇ ਮਹੀਨੇ ਹੀ ਪਸੀਨੇ ਛੁੱਟਣ ਵਾਲੀ ਗਰਮੀ ਨੇ ਲੋਕਾਂ ਨੂੰ ਬੇਹਾਲ ਕੀਤਾ ਹੋਇਆ ਹੈ। ਗਰਮੀ 'ਚ ਠੰਡਾ ਪਾਣੀ ਪੀ ਕੇ ਸਕੂਨ ਆ ਜਾਂਦਾ ਹੈ। ਜੇਕਰ ਅੱਜ ਦੀ ਗੱਲ ਕਰੀਏ ਤਾਂ ਤਕਰੀਬਨ ਹਰ ਕਿਸੇ ਦੇ ਘਰ ਫਰਿੱਜਾਂ ਦਾ ਠੰਡਾ ਪਾਣੀ ਮਿਲ ਜਾਂਦਾ ਹੈ ਤੇ ਲੋਕ ਫਿਲਟਰ ਲਾ ਕੇ ਇਸ ਪਾਣੀ ਨੂੰ ਸ਼ੁੱਧ ਕਰਕੇ ਪੀਂਦੇ ਹਨ ਪਰ ਜੇਕਰ ਗਰੀਬਾਂ ਦੀ ਗੱਲ ਕਰੀਏ ਤਾਂ ਗਰੀਬਾਂ ਲਈ ਉਨ੍ਹਾਂ ਦੀ ਫਰਿੱਜ ਅੱਜ ਵੀ 'ਕੱਚਾ ਘੜਾ' ਹੀ ਹੈ। ਘੜੇ ਦਾ ਪਾਣੀ ਨਾ ਸਿਰਫ ਠੰਡਾ ਹੁੰਦਾ ਹੈ, ਸਗੋਂ ਕਈ ਬੀਮਾਰੀਆਂ ਤੋਂ ਵੀ ਲੋਕਾਂ ਨੂੰ ਦੂਰ ਰੱਖਦਾ ਹੈ।

ਲੁਧਿਆਣਾ 'ਚ ਇਨ੍ਹੀਂ ਦਿਨੀਂ ਘੜੇ ਵੇਚਣ ਵਾਲਿਆਂ ਦੀ ਚਾਂਦੀ ਹੋ ਰਹੀ ਹੈ ਕਿਉਂਕਿ ਹੁਣ ਲੋਕ ਰਵਾਇਤੀ ਘੜਿਆਂ ਵੱਲ ਮੁੜ ਤੋਂ ਰੁਖ ਕਰਨ ਲੱਗੇ ਹਨ। ਖਰੀਦਦਾਰਾਂ ਦਾ ਕਹਿਣਾ ਹੈ ਕਿ ਜਿੱਥੇ ਇਕ ਪਾਸੇ ਘੜਾ ਠੰਡਾ ਪਾਣੀ ਦਿੰਦਾ ਹੈ, ਉੱਥੇ ਹੀ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਵੀ ਬਚਾਉਂਦਾ ਹੈ। ਘੜੇ ਖਰੀਦਣ ਵਾਲੇ ਲੋਕਾਂ ਨੇ ਦੱਸਿਆ ਕਿ ਘੜੇ ਦੇ ਪਾਣੀ ਨਾਲ ਜਿੱਥੇ ਬੀਮਾਰੀਆਂ ਜੜ੍ਹੋਂ ਖਤਮ ਹੁੰਦੀਆਂ ਹਨ, ਉੱਥੇ ਹੀ ਇਸ ਦਾ ਪਾਣੀ ਫਿਲਟਰ ਦੇ ਪਾਣੀ ਨਾਲੋਂ ਕਿਤੇ ਵਧੀਆ ਹੁੰਦਾ ਹੈ। ਘੜਾ ਖਰੀਦਣ ਆਏ ਇਕ ਨੌਜਵਾਨ ਨੇ ਦੱਸਿਆ ਕਿ ਉਸ ਦੇ ਪਿਤਾ ਨੂੰ ਕੈਂਸਰ ਦੀ ਬੀਮਾਰੀ ਹੈ ਅਤੇ ਉਸ ਨੂੰ ਪੂਰੀ ਪੜਤਾਲ ਤੋਂ ਬਾਅਦ ਪਤਾ ਲੱਗਿਆ ਕਿ ਰੋਜ਼ਾਨਾ ਦੀ ਜ਼ਿੰਦਗੀ ਦੀ ਵਰਤੀਆਂ ਜਾਣ ਵਾਲੀਆਂ ਪਲਾਸਟਿਕ ਦੀਆਂ ਚੀਜ਼ਾਂ ਕਾਰਨ ਹੀ ਇਹ ਬੀਮਾਰੀ ਸਭ ਤੋਂ ਜ਼ਿਆਦਾ ਫੈਲ ਰਹੀ ਹੈ। ਦੂਜੇ ਪਾਸੇ ਘੜੇ ਵੇਚਣ ਵਾਲੇ ਦੁਕਾਨਦਾਰਾਂ ਨੇ ਦੱਸਿਆ ਕਿ ਗਰਮੀ ਦਾ ਸੀਜ਼ਨ ਸ਼ੁਰੂ ਹੁੰਦਿਆਂ ਹੀ ਉਨ੍ਹਾਂ ਕੋਲ ਗਾਹਕ ਆਉਣੇ ਸ਼ੁਰੂ ਹੋ ਜਾਂਦੇ ਹਨ ਅਤੇ ਲੋਕਾਂ ਦੀ ਸਹੂਲਤ ਲਈ ਉਨ੍ਹਾਂ ਨੇ ਹੁਣ ਘੜਿਆਂ 'ਤੇ ਟੂਟੀ ਲਾਉਣੀ ਵੀ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਟੂਟੀ ਵਾਲੇ ਘੜੇ ਲੋਕ ਜ਼ਿਆਦਾ ਪਸੰਦ ਕਰਦੇ ਹਨ। 


author

Babita

Content Editor

Related News