ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਦੀ ਯਾਦ 'ਚ ਬਣਿਆ ਸ਼ਹੀਦੀ ਸਮਾਰਕ, ਹੋਇਆ ਖੰਡਰ

Tuesday, Oct 01, 2019 - 07:15 PM (IST)

ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਦੀ ਯਾਦ 'ਚ ਬਣਿਆ ਸ਼ਹੀਦੀ ਸਮਾਰਕ, ਹੋਇਆ ਖੰਡਰ

ਮੋਰਿੰਡਾ,(ਅਰਨੌਲੀ): ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਤੇ ਜਗਤ ਮਾਤਾ ਗੁਜਰ ਕੌਰ ਜੀ ਦੀ ਯਾਦ 'ਚ ਮੋਰਿੰਡਾ ਨੇੜਲੇ ਇਤਿਹਾਸਕ ਪਿੰਡ ਸਹੇੜੀ ਵਿਖੇ 2002 'ਚ ਸ਼ੁਰੂ ਕੀਤਾ ਸ਼ਹੀਦੀ ਸਮਾਰਕ, ਜਿਸ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਡ੍ਰੀਮ ਪ੍ਰੋਜੈਕਟ ਮੰਨਿਆ ਜਾਂਦਾ ਹੈ, ਸਰਕਾਰਾਂ ਦੀ ਅਣਦੇਖੀ ਕਾਰਨ ਅੱਜ ਤਕ ਮੁਕੰਮਲ ਨਹੀਂ ਹੋ ਸਕਿਆ।

ਜਾਣਕਾਰੀ ਮੁਤਾਬਕ ਸਾਲ 2002 'ਚ ਕਾਂਗਰਸ ਸਰਕਾਰ ਸਮੇਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕਰੋੜਾਂ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਇਸ ਸ਼ਹੀਦੀ ਸਮਾਰਕ ਦਾ ਨੀਂਹ ਪੱਥਰ ਰੱਖਿਆ ਗਿਆ ਸੀ। ਜਿਸ ਦਾ 2006 'ਚ ਪਹਿਲਾ ਪੜਾਅ ਮੁਕੰਮਲ ਹੋਣ ਤੇ ਕੇਂਦਰੀ ਮੰਤਰੀ ਅੰਬਿਕਾ ਸੋਨੀ ਤੇ ਹਲਕਾ ਵਿਧਾਇਕ ਜਗਮੋਹਣ ਸਿੰਘ ਕੰਗ ਸੈਰ ਸਪਾਟਾ ਤੇ ਪਸ਼ੂ ਪਾਲਣ ਮੰਤਰੀ ਪੰਜਾਬ ਵਲੋਂ ਉਦਘਾਟਨ ਕੀਤਾ ਗਿਆ ਸੀ। ਇਸ ਉਪਰੰਤ 2007 'ਚ ਸ਼੍ਰੋਮਣੀ ਅਕਾਲੀ ਦਲ-ਭਾਜਪਾ ਦੀ ਸਰਕਾਰ ਹੋਂਦ 'ਚ ਆਈ, ਜਿਸ ਦੇ 10 ਸਾਲਾਂ ਦੇ ਕਾਰਜਕਾਲ ਦੌਰਾਨ ਸ਼ਹੀਦੀ ਸਮਾਰਕ ਨੂੰ ਬਿਲਕੁੱਲ ਅਣਦਿੱਖਾ ਕੀਤਾ ਗਿਆ। ਜਿਸ ਦੇ ਫਲਸਰੂਪ ਸ਼ਹੀਦੀ ਸਮਾਰਕ ਨੇ ਖੰਡਰ ਦਾ ਰੂਪ ਧਾਰਨ ਕਰ ਲਿਆ, ਸਾਲ 2017 'ਚ ਮੁੜ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਦੀ ਸਰਕਾਰ ਹੋਂਦ 'ਚ ਆਈ ਪਰ ਸਰਕਾਰ ਦੇ ਢਾਈ ਸਾਲ ਬੀਤਣ 'ਤੇ ਵੀ ਇਸ ਸਮਾਰਕ ਦੀ ਉਸਾਰੀ ਦਾ ਕੰਮ ਮੁਕੰਮਲ ਨਹੀਂ ਹੋ ਸਕਿਆ, ਜਦਕਿ ਹਲਕਾ ਵਿਧਾਇਕ ਚਰਨਜੀਤ ਸਿੰਘ ਚੰਨੀ ਜੋ ਤਕਨੀਕੀ ਸਿੱਖਿਆ, ਉਦਯੋਗਿਕ ਸਿਖਲਾਈ ਵਿਭਾਗ ਦੇ ਨਾਲ-ਨਾਲ ਸੈਰ ਸਪਾਟਾ ਵਿਭਾਗ ਦੇ ਮੰਤਰੀ ਵੀ ਹਨ।

ਸ਼ਹੀਦੀ ਸਮਾਰਕ ਦਾ ਕੰਮ ਜਲਦੀ ਸ਼ੁਰੂ ਹੋਵੇਗਾ : ਕੈਬਨਿਟ ਮੰਤਰੀ ਚੰਨੀ
ਇਸ ਸਬੰਧੀ ਹਲਕਾ ਵਿਧਾਇਕ ਚਰਨਜੀਤ ਸਿੰਘ ਚੰਨੀ ਤਕਨੀਕੀ ਸਿੱਖਿਆ, ਉਦਯੋਗ ਤੇ ਸੈਰ ਸਪਾਟਾ ਮੰਤਰੀ ਪੰਜਾਬ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸ਼ਹੀਦਾਂ ਪ੍ਰਤੀ ਬਹੁਤ ਸ਼ਰਧਾ ਰੱਖਦੇ ਹਨ। ਜਿਨਾਂ ਵਲੋਂ 2002 'ਚ ਕਾਂਗਰਸ ਸਰਕਾਰ 'ਚ ਮੁੱਖ ਮੰਤਰੀ ਹੁੰਦਿਆਂ ਵੱਡੇ ਸ਼ਹਿਬਜਾਦਿਆਂ ਦੀ ਯਾਦ 'ਚ ਸ੍ਰੀ ਚਮਕੌਰ ਸਾਹਿਬ ਵਿਖੇ ਜਦਕਿ ਛੋਟੇ ਸ਼ਹਿਬਜਾਦਿਆਂ ਤੇ ਮਾਤਾ ਗੁਜਰ ਕੌਰ ਜੀ ਦੀ ਯਾਦ 'ਚ ਪਿੰਡ ਸਹੇੜੀ ਨੇੜੇ ਸ਼ਹੀਦੀ ਸਮਾਰਕਾਂ ਦਾ ਨਿਰਮਾਣ ਸ਼ੁਰੂ ਕਰਵਾਇਆ ਸੀ। ਜਿਨਾਂ ਦੀ ਉਸਾਰੀ ਮੁਕੰਮਲ ਹੋਣ ਤੇ ਨੇੜੇ ਸੀ ਪਰ 2007 'ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨ 'ਤੇ 10 ਸਾਲ ਇਨ੍ਹਾਂ ਸ਼ਹੀਦੀ ਸਮਾਰਕਾਂ ਨੂੰ ਬਿਲਕੁੱਲ ਅਣਦਿੱਖਾ ਕੀਤਾ, 2017 'ਚ ਕਾਂਗਰਸ ਸਰਕਾਰ ਬਣਦਿਆਂ ਹੀ ਅਸੀਂ ਸ੍ਰੀ ਚਮਕੌਰ ਸਾਹਿਬ ਵਿਖੇ ਸ਼ਹੀਦੀ ਸਮਾਰਕ ਦਾ ਕੰਮ ਜੋਰਾਂ ਸ਼ੋਰਾਂ ਨਾਲ ਸ਼ੁਰੂ ਕਰਵਾਇਆ ਤੇ ਆਉਣ ਵਾਲੇ ਦਿਨਾਂ 'ਚ ਸਹੇੜੀ ਵਿਖੇ ਸ਼ਹੀਦੀ ਸਮਾਰਕ ਦੀ ਉਸਾਰੀ ਸ਼ੁਰੂ ਕਰਵਾ ਕੇ ਜਲਦੀ ਮੁਕੰਮਲ ਕਰਵਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਇਤਿਹਾਸਕ ਸ਼ਹਿਰ ਮੋਰਿੰਡਾ ਦਾ ਵੀ ਸੁੰਦਰੀਕਰਨ ਕਰਵਾ ਕੇ ਸ਼ਹਿਰ ਨੂੰ ਵਿਕਾਸ ਪੱਖੋਂ ਵਧੀਆ ਬਣਾਇਆ ਜਾਵੇਗਾ।


Related News