ਥਾਈਲੈਂਡ ਦੀਆਂ ਲੜਕੀਆਂ ਨੂੰ ਅਦਾਲਤ ''ਚ ਕੀਤਾ ਪੇਸ਼, ਟਰਾਂਸਲੇਟਰ ਨਾ ਹੋਣ ਕਾਰਨ ਨਹੀਂ ਹੋ ਸਕੇ ਬਿਆਨ

01/31/2020 5:24:16 PM

ਅੰਮ੍ਰਿਤਸਰ (ਸੰਜੀਵ) : ਸ਼ਹਿਰ ਦੇ ਮਸਾਜ ਸੈਂਟਰਾਂ ਤੋਂ ਫੜੀਆਂ ਥਾਈਲੈਂਡ ਦੀਆਂ 8 ਲੜਕੀਆਂ ਨੂੰ ਥਾਣਾ ਸਿਵਲ ਲਾਈਨ ਦੀ ਪੁਲਸ ਨੇ ਸਿਵਲ ਹਸਪਤਾਲ ਤੋਂ ਮੈਡੀਕਲ ਜਾਂਚ ਉਪਰੰਤ ਉਨ੍ਹਾਂ ਦੀ ਸਟੇਟਮੈਂਟ ਰਿਕਾਰਡ ਕਰਵਾਉਣ ਲਈ ਮਾਣਯੋਗ ਅਦਾਲਤ 'ਚ ਪੇਸ਼ ਕੀਤਾ ਗਿਆ। ਅਦਾਲਤ ਵੱਲੋਂ ਸਭ ਨੂੰ ਕੱਲ ਬੁਲਾਇਆ ਗਿਆ ਹੈ, ਜਿਥੇ ਸਾਰੀਆਂ ਵਿਦੇਸ਼ੀ ਲੜਕੀਆਂ ਨੂੰ ਉਨ੍ਹਾਂ ਦੇ ਭਾਰਤ ਆਉਣ ਦੇ ਕਾਰਨਾਂ ਦੇ ਨਾਲ-ਨਾਲ ਉਨ੍ਹਾਂ ਦੇ ਅੰਮ੍ਰਿਤਸਰ 'ਚ ਰਹਿਣ ਬਾਰੇ ਪੁੱਛਿਆ ਜਾਵੇਗਾ, ਜਿਸ ਤੋਂ ਬਾਅਦ ਐੱਫ. ਆਰ. ਆਰ. ਓ. (ਫਾਰਨਰਸ ਰਿਜਨਲ ਰਜਿਸਟ੍ਰੇਸ਼ਨ ਆਫਿਸ) ਇਨ੍ਹਾਂ ਵਿਦੇਸ਼ੀ ਲੜਕੀਆਂ ਨੂੰ ਵਾਪਸ ਉਨ੍ਹਾਂ ਦੇ ਦੇਸ਼ ਥਾਈਲੈਂਡ ਡਿਪੋਰਟ ਕਰੇਗਾ।

ਥਾਈਲੈਂਡ ਤੋਂ ਆਈਆਂ ਇਨ੍ਹਾਂ ਲੜਕੀਆਂ ਦੀ ਭਾਸ਼ਾ ਵੱਖ ਹੋਣ ਕਾਰਨ ਇਨ੍ਹਾਂ ਦੇ ਬਿਆਨ ਰਿਕਾਰਡ ਨਹੀਂ ਕੀਤੇ ਜਾ ਸਕੇ, ਜਿਸ ਲਈ ਇਕ ਥਾਈ ਟਰਾਂਸਲੇਟਰ ਦੀ ਮੰਗ ਕੀਤੀ ਗਈ ਹੈ, ਜੋ ਇਨ੍ਹਾਂ ਲੜਕੀਆਂ ਨਾਲ ਅਦਾਲਤ ਜਾ ਕੇ ਬਿਆਨ ਕਰਵਾਏਗਾ। ਟਰਾਂਸਲੇਟਰ ਰਾਹੀਂ ਇਨ੍ਹਾਂ ਥਾਈ ਲੜਕੀਆਂ ਤੋਂ ਰਹਿਣ ਦਾ ਕਾਰਨ ਤੇ ਕੰਮ ਕਰਨ ਬਾਰੇ ਉਨ੍ਹਾਂ ਦੀ ਭਾਸ਼ਾ 'ਚ ਹੀ ਪੁੱਛਿਆ ਜਾਵੇਗਾ, ਜਿਸ ਤੋਂ ਬਾਅਦ ਪੁਲਸ ਐੱਫ. ਆਰ. ਆਰ. ਓ. ਰਾਹੀਂ ਇਸ 'ਤੇ ਅੱਗੇ ਦੀ ਕਾਰਵਾਈ ਕਰੇਗੀ।

ਫਲੈਸ਼ ਬੈਕ
ਥਾਣਾ ਸਿਵਲ ਲਾਈਨ ਦੀ ਪੁਲਸ ਨੇ ਅੰਮ੍ਰਿਤਸਰ ਦੇ ਪਾਸ਼ ਖੇਤਰ ਕੁਈਨਜ਼ ਰੋਡ ਅਤੇ ਮਦਨ ਮੋਹਨ ਮਾਲਵੀਆ ਰੋਡ 'ਤੇ ਮਸਾਜ ਸੈਂਟਰਾਂ ਦੀ ਆੜ 'ਚ ਚੱਲ ਰਹੇ ਜਿਸਮਫਰੋਸ਼ੀ ਦੇ 3 ਅੱਡਿਆਂ ਦਾ ਸੋਮਵਾਰ ਦੇਰ ਰਾਤ ਭਾਂਡਾ ਭੰਨਿਆ ਸੀ, ਜਿਸ ਵਿਚ ਪੁਲਸ ਨੇ 13 ਲੋਕਾਂ ਨੂੰ ਗ੍ਰਿਫਤਾਰ ਕੀਤਾ ਅਤੇ ਉਨ੍ਹਾਂ ਨਾਲ 12 ਲੜਕੀਆਂ ਨੂੰ ਹਿਰਾਸਤ 'ਚ ਲਿਆ ਗਿਆ ਸੀ। ਇਸ 'ਚ 13 'ਤੇ ਤਾਂ ਥਾਣਾ ਸਿਵਲ ਲਾਈਨ 'ਚ ਅਪਰਾਧਿਕ ਮਾਮਲਾ ਦਰਜ ਕਰ ਲਿਆ ਗਿਆ ਸੀ, ਜਦੋਂ ਕਿ ਪੀੜਤ ਲੜਕੀਆਂ ਨੂੰ ਪੁਲਸ ਨੇ ਛੱਡ ਦਿੱਤਾ ਸੀ। ਇਨ੍ਹਾਂ 12 'ਚੋਂ 8 ਲੜਕੀਆਂ ਥਾਈਲੈਂਡ ਤੋਂ ਆ ਕੇ ਬਿਨਾਂ ਵਰਕ ਪਰਮਿਟ ਦੇ ਮਸਾਜ ਸੈਂਟਰਾਂ 'ਚ ਕੰਮ ਕਰ ਰਹੀਆਂ ਸਨ, ਜਿਸ 'ਤੇ ਪੁਲਸ ਨੇ ਉਨ੍ਹਾਂ ਦੇ ਪਾਸਪੋਰਟ ਅਤੇ ਹੋਰ ਸਰਕਾਰੀ ਕਾਗਜ਼ਾਤ ਜ਼ਬਤ ਕਰ ਲਏ ਸਨ ਅਤੇ ਉਨ੍ਹਾਂ ਵਿਰੁੱਧ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਸੀ।

ਥਾਈਲੈਂਡ ਦੀਆਂ ਸਾਰੀਆਂ ਲੜਕੀਆਂ ਪੁਲਸ ਦੀ ਨਿਗਰਾਨੀ 'ਚ ਰੱਖੀਆਂ ਗਈਆਂ ਹਨ, ਜਿਨ੍ਹਾਂ ਦਾ ਅੱਜ ਮੈਡੀਕਲ ਕਰਵਾ ਲਿਆ ਗਿਆ ਹੈ ਅਤੇ ਕੱਲ ਇਨ੍ਹਾਂ ਨੂੰ ਥਾਈ ਟਰਾਂਸਲੇਟਰ ਦੇ ਨਾਲ ਮਾਣਯੋਗ ਅਦਾਲਤ 'ਚ ਪੇਸ਼ ਕੀਤਾ ਜਾਵੇਗਾ। ਨਿਆਂ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਇਨ੍ਹਾਂ ਲੜਕੀਆਂ ਨੂੰ ਐੱਫ. ਆਰ. ਆਰ. ਓ. ਇਨ੍ਹਾਂ ਦੇ ਦੇਸ਼ ਡਿਪੋਰਟ ਕਰੇਗਾ।- ਇੰਸਪੈਕਟਰ ਸ਼ਿਵਦਰਸ਼ਨ ਸਿੰਘ, ਥਾਣਾ ਸਿਵਲ ਲਾਈਨ ਦੇ ਇੰਚਾਰਜ


Anuradha

Content Editor

Related News